ਸਾਖੀਆਂ ਤੋਂ ਸੇਧ ਤੇ ਸਿੱਖਿਆ ਲੈਣ ਲਈ ਪ੍ਰੇਰਿਆ
ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ਦੀ ਧਾਰਮਿਕ ਸਭਾ ‘ਵਿਸਮਾਦ’ ਵੱਲੋਂ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਅਤੇ ਗੁਰਮਤਿ ਮੁਕਾਬਲੇ ਕਰਵਾਏ ਗਏ। ਉਦਘਾਟਨੀ ਸੈਸ਼ਨ ਵਿੱਚ ਕਾਲਜ ਦੇ ਪ੍ਰਿੰਸੀਪਲ ਪ੍ਰੋ. ਜਤਿੰਦਰਬੀਰ ਸਿੰਘ ਨੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਆਏ ਵਿਦਿਆਰਥੀਆਂ ਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਗੁਰੂ ਸਾਹਿਬ ਦੇ ਇਤਿਹਾਸ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਾਇਆ। ਉਨ੍ਹਾਂ ਗੁਰੂ ਸਾਹਿਬ ਨਾਲ ਸਬੰਧਤ ਸਾਖੀਆਂ ਤੋਂ ਜੀਵਨ ਲਈ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ‘ਸ਼ਹਾਦਤ ਗੁਰੂ ਤੇਗ ਬਾਹਦਰ ਸਾਹਿਬ (ਸਾਖੀ ਸਾਹਿਤ ਦੇ ਹਵਾਲੇ ਨਾਲ)’ ਵਿਸ਼ੇ ’ਤੇ ਭਾਈ ਜਗਦੀਪ ਸਿੰਘ ਫ਼ਰੀਦਕੋਟ ਦਾ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਪ੍ਰਿੰਸੀਪਲ ਜਤਿੰਦਰਬੀਰ ਸਿੰਘ ਨੇ ਭਾਈ ਜਗਦੀਪ ਸਿੰਘ ਅਤੇ ਮੁੱਖ ਮਹਿਮਾਨ ਮੁਖੀ, ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ ਪ੍ਰੋ. ਕੁਲਵੀਰ ਗੋਜਰਾ ਦਾ ਸਵਾਗਤ ਕਰਦਿਆਂ ਸਾਖੀ ਸਾਹਿਤ ਨਾਲ ਆਪਣੀ ਭਾਵਨਾਤਾਮਕ ਸਾਂਝ ਦੀ ਗੱਲ ਕੀਤੀ। ਭਾਈ ਜਗਦੀਪ ਸਿੰਘ ਨੇ ‘ਸਾਖੀ’ ਕੀ ਹੁੰਦੀ ਹੈ, ਸਾਖੀ ਨੂੰ ਕਿਵੇਂ ਸਮਝਣਾ ਚਾਹੀਦਾ ਹੈ ਤੇ ਤਿਆਗ ਮੱਲ ਤੋਂ ਗੁਰੂ ਤੇਗ ਬਹਾਦਰ ਬਣਨ ਦੇ ਸਫ਼ਰ ਨੂੰ ਗੁਰਬਾਣੀ ਤੋਂ, ਧਰਮ-ਗ੍ਰੰਥਾਂ ਤੋਂ ਤੇ ਵੱਖ-ਵੱਖ ਕਵੀਆਂ ਦੀਆਂ ਕਵਿਤਾਵਾਂ ਦੇ ਹਵਾਲੇ ਨਾਲ ਸਮਾਝਾਇਆ। ਉਨ੍ਹਾਂ ਨੇ ਗੁਰੂ ਸਾਹਿਬ ਦੀ ਅਦੁੱਤੀ ਸ਼ਾਹਦਤ ਨੂੰ ਵਧੀਆ ਢੰਗ ਨਾਲ ਬਿਆਨ ਕੀਤਾ। ਪ੍ਰੋ. ਕੁਲਵੀਰ ਗੋਜਰਾ ਨੇ ਸਾਖੀ ਸਾਹਿਤ ਦੇ ਇਤਿਹਾਸ ਤੇ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਪਹਿਲਾਂ ਕਰਵਾਏ ਅੰਤਰ-ਕਾਲਜ ਗੁਰਮਿਤ ਮੁਕਾਬਲਿਆਂ ਵਿੱਚ ਪੀ ਪੀ ਟੀ ਪੇਸ਼ਕਾਰੀ, ਡਿਜੀਟਲ ਪੋਸਟਰ-ਮੇਕਿੰਗ, ਕੁਇਜ਼ (ਗੁਰੂ ਤੇਗ ਬਹਾਦਰ ਦੇ ਜੀਵਨ ਨਾਲ ਸਬੰਧਤ) ਅਤੇ ਕਵਿਤਾ ਪਾਠ ਮੁਕਾਬਲੇ ਕਰਵਾਏ ਗਏ। ਪੀ ਪੀ ਟੀ ਪੇਸ਼ਕਾਰੀ ਰਾਹੀਂ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੇ ਜੀਵਨ, ਬਾਣੀ ਅਤੇ ਇਤਿਹਾਸ ਨਾਲ ਜੋੜਨ ਤੋਂ ਇਲਾਵਾ ਵਿਦਿਆਰਥੀਆਂ ਵਿੱਚ ਪੇਸ਼ਕਾਰੀ ਸਕਿੱਲ ਅਤੇ ਤਰਤੀਬਵਾਰ ਵਿਚਾਰ ਪੇਸ਼ ਕਰਨ ਦੀ ਸਮਰੱਥਾ ਵਿਕਸਤ ਕਰਨਾ ਸੀ। ਗੁਰੂ ਸਾਹਿਬ ਦੇ ਜੀਵਨ-ਇਤਿਹਾਸ ਨਾਲ ਸਬੰਧਤ ਕੁਇਜ਼ ਨੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਅਤੇ ਉਪਦੇਸ਼ਾਂ ਨਾਲ ਜੋੜਿਆ। ਉਪਰੰਤ ਵਿਸਮਾਦ ਦੀ ਕਨਵੀਨਰ ਡਾ. ਦੀਪਾ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਮੁਕਾਬਲਿਆਂ ਦੇ ਜੱਜਾਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕਰਨ ਮਗਰੋਂ ਜੇਤੂ ਵਿਦਿਆਰਥੀਆਂ ਨੂੰ ਵੀ ਇਨਾਮ ਵੰਡੇ ਗਏ। ਇਸ ਪ੍ਰੋਗਰਾਮ ਵਿੱਚ ਕਾਲਜ ਦੇ ਅਧਿਆਪਕਾਂ, ਡਾ. ਵਿਨੈਨੀਤ, ਡਾ. ਸਵਰਜੀਤ ਕੌਰ, ਰਾਜਵਿੰਦਰ ਸਿੰਘ ਅਤੇ ਵਿਦਿਆਰਥੀ ਸ਼ਾਮਿਲ ਹੋਏ।
