Indigo Plane: ਤਕਨੀਕੀ ਖਰਾਬੀ ਕਾਰਨ ਮੁੰਬਈ ਹਵਾਈ ਅੱਡੇ ’ਤੇ ਇੰਡੀਗੋ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
ਪਾਇਲਟ ਨੇ ਸੂਝ-ਬੂਝ ਨਾਲ ਮੈਨੂਅਲ ਮੋਡ ਰਾਹੀਂ ਜਹਾਜ਼ ਨੂੰ ਸੁਰੱਖਿਅਤ ਉਤਾਰਿਆ
ਮੁੰਬਈ ਹਵਾਈ ਅੱਡੇ ’ਤੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇੰਡੀਗੋ ਦੇ ਇੱਕ ਜਹਾਜ਼ (A321 neo) ਦੇ ਲੈਂਡਿੰਗ ਗੀਅਰ ਵਿੱਚ ਤਕਨੀਕੀ ਖਰਾਬੀ ਆ ਗਈ। ਸੂਤਰਾਂ ਅਨੁਸਾਰ, ਫਲਾਈਟ ਨੰਬਰ 6E2157 ਵਿੱਚ 210 ਤੋਂ ਵੱਧ ਯਾਤਰੀ ਸਵਾਰ ਸਨ।
ਲੈਂਡਿੰਗ ਦੌਰਾਨ ਜਹਾਜ਼ ਦਾ ਆਟੋਮੈਟਿਕ ਲੈਂਡਿੰਗ ਗੀਅਰ ਮੋਡ ਕੰਮ ਨਹੀਂ ਕਰ ਰਿਹਾ ਸੀ, ਜਿਸ ਕਾਰਨ ਪਾਇਲਟਾਂ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਪਾਇਲਟਾਂ ਨੇ ਆਪਣੀ ਮੁਹਾਰਤ ਦਾ ਸਬੂਤ ਦਿੰਦੇ ਹੋਏ ਮੈਨੂਅਲ ਮੋਡ ਦੀ ਵਰਤੋਂ ਕੀਤੀ ਅਤੇ ਜਹਾਜ਼ ਨੂੰ ਬਿਨਾਂ ਕਿਸੇ ਨੁਕਸਾਨ ਦੇ ਸੁਰੱਖਿਅਤ ਉਤਾਰ ਲਿਆ।
ਇਸ ਘਟਨਾ ਬਾਰੇ ਇੰਡੀਗੋ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਸੂਤਰਾਂ ਦਾ ਕਹਿਣਾ ਹੈ ਕਿ ਲੈਂਡਿੰਗ ਤੋਂ ਬਾਅਦ ਜਹਾਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਅਤੇ ਤਕਨੀਕੀ ਨੁਕਸ ਨੂੰ ਦੂਰ ਕਰ ਦਿੱਤਾ ਗਿਆ।
ਖ਼ਰਾਬੀ ਠੀਕ ਹੋਣ ਤੋਂ ਬਾਅਦ, ਜਹਾਜ਼ ਨੂੰ ਦੁਬਾਰਾ ਉਡਾਣਾਂ ਲਈ ਰਵਾਨਾ ਕਰ ਦਿੱਤਾ ਗਿਆ। ਇਸ ਘਟਨਾ ਦੌਰਾਨ ਸਾਰੇ ਮੁਸਾਫ਼ਰ ਅਤੇ ਚਾਲਕ ਦਲ ਦੇ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ।

