ਇੰਡੀਗੋ ਸੰਕਟ ਵਿਚੋਂ ਉੱਭਰੀ; ਕੰਮਕਾਜ ਆਮ ਵਾਂਗ ਹੋਇਆ: ਸੀਈਓ
ਸੰਕਟ ਵਿੱਚ ਘਿਰੀ ਇੰਡੀਗੋ ਨੇ ਅੱਜ ਦਾਅਵਾ ਕੀਤਾ ਹੈ ਕਿ ਏਅਰਲਾਈਨ ਸੰਕਟ ਵਿਚੋਂ ਉਭਰ ਆਈ ਹੈ ਅਤੇ ਇਸ ਏਅਰਲਾਈਨ ਦਾ ਕੰਮਕਾਜ ਸਥਿਰ ਹੋ ਗਿਆ ਹੈ। ਇੰਡੀਗੋ ਦੇ ਸੀਈਓ ਪੀਟਰ ਐਲਬਰਸ ਨੇ ਅੱਜ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਡਾਣਾਂ ਰੱਦ ਹੋਣ ਜਾਂ ਦੇਰੀ ਕਾਰਨ ਲੱਖਾਂ ਗਾਹਕਾਂ ਨੂੰ ਉਨ੍ਹਾਂ ਦੇ ਪੂਰੇ ਰਿਫੰਡ ਮਿਲ ਚੁੱਕੇ ਹਨ ਅਤੇ ਇਹ ਪ੍ਰਕਿਰਿਆ ਰੋਜ਼ਾਨਾ ਆਧਾਰ ’ਤੇ ਜਾਰੀ ਹੈ।
ਹਾਲਾਂਕਿ, ਐਲਬਰਸ ਨੇ ਉਨ੍ਹਾਂ ਗਾਹਕਾਂ ਨੂੰ ਮੁਆਵਜ਼ੇ ਦੇਣ ’ਤੇ ਚੁੱਪੀ ਸਾਧੀ ਰੱਖੀ ਜਿਨ੍ਹਾਂ ਦੀਆਂ ਉਡਾਣਾਂ ਆਖਰੀ ਸਮੇਂ ’ਤੇ ਰੱਦ ਕੀਤੀਆਂ ਗਈਆਂ ਸਨ ਜਾਂ ਬਹੁਤ ਦੇਰੀ ਨਾਲ ਚੱਲੀਆਂ ਸਨ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਯਾਤਰੀ ਚਾਰਟਰ ਅਨੁਸਾਰ ਜੇਕਰ ਕੋਈ ਏਅਰਲਾਈਨ ਰਵਾਨਗੀ ਤੋਂ ਘੱਟੋ-ਘੱਟ ਦੋ ਹਫ਼ਤੇ ਪਹਿਲਾਂ ਕਿਸੇ ਯਾਤਰੀ ਨੂੰ ਉਸ ਦੀ ਉਡਾਣ ਰੱਦ ਕਰਨ ਬਾਰੇ ਸੂਚਿਤ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਮੁਆਵਜ਼ਾ ਕਾਨੂੰਨੀ ਤੌਰ ’ਤੇ ਲਾਜ਼ਮੀ ਹੈ ਅਤੇ ਇਸ ਦੀ ਰਕਮ ਉਡਾਣ ਦੀ ਮਿਆਦ ’ਤੇ ਨਿਰਭਰ ਕਰਦੀ ਹੈ। ਇਸ ਦੇ ਨਾਲ ਹੀ ਏਅਰਲਾਈਨ ਨੂੰ ਮੁਆਵਜ਼ਾ ਬਿਨਾਂ ਯਾਤਰੀਆਂ ਦੇ ਪੁੱਛੇ ਆਪਣੇ ਆਪ ਪ੍ਰਦਾਨ ਕਰਨਾ ਪੈਂਦਾ ਹੈ।
ਉਨ੍ਹਾਂ ਕਿਹਾ, ‘ਅਸੀਂ ਪਹਿਲਾਂ 10 ਤੋਂ 15 ਦਸੰਬਰ ਦਰਮਿਆਨ ਉਡਾਣਾਂ ਆਮ ਵਾਂਗ ਹੋਣ ਦਾ ਸੰਕੇਤ ਦਿੱਤਾ ਸੀ। ਮੈਂ ਹੁਣ ਪੁਸ਼ਟੀ ਕਰ ਸਕਦਾ ਹਾਂ ਕਿ ਅੱਜ 9 ਦਸੰਬਰ ਤੱਕ ਸਾਡਾ ਕੰਮਕਾਜ ਪੂਰੀ ਤਰ੍ਹਾਂ ਸਥਿਰ ਹਨ। ਤੁਹਾਡੇ ਵਿੱਚੋਂ ਹਜ਼ਾਰਾਂ ਲੋਕ ਯਾਤਰਾ ਨਹੀਂ ਕਰ ਸਕੇ ਅਤੇ ਅਸੀਂ ਇਸ ਲਈ ਬਹੁਤ ਮੁਆਫੀ ਚਾਹੁੰਦੇ ਹਾਂ।’
