ਭਾਰਤ ’ਚ ਬਣੀ ਪਹਿਲੀ Bullet Train ਅਗਲੇ ਸਾਲ ਅਪਰੈਲ-ਮਈ ਤੱਕ ਟਰੈਕ ’ਤੇ ਹੋਵੇਗੀ: ਰੇਲ ਮੰਤਰੀ
ਮੁੰਬਈ-ਅਹਿਮਦਾਬਾਦ ਹਾਈ-ਸਪੀਡ ਰੇਲ ਕੋਰੀਡੋਰ ਦਾ ਪਹਿਲਾ ਹਿੱਸਾ 2027 ’ਚ ਸ਼ੁਰੂ ਕਰਨ ਦਾ ਟੀਚਾ
ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਵੱਡਾ ਐਲਾਨ ਕਰਦਿਆਂ ਦੱਸਿਆ ਕਿ ਭਾਰਤ ਵਿੱਚ ਹੀ ਤਿਆਰ ਕੀਤੀ ਗਈ ਪਹਿਲੀ ਸਵਦੇਸ਼ੀ Bullet Train ਅਗਲੇ ਸਾਲ ਅਪਰੈਲ-ਮਈ ਤੱਕ ਟਰੈਕ ’ਤੇ ਟੈਸਟਿੰਗ (ਟਰਾਇਲ) ਲਈ ਉਤਾਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਮੁੰਬਈ-ਅਹਿਮਦਾਬਾਦ ਹਾਈ-ਸਪੀਡ ਰੇਲ ਕੋਰੀਡੋਰ ਦੇ ਪਹਿਲੇ ਹਿੱਸੇ ਨੂੰ ਸਾਲ 2027 ਵਿੱਚ ਆਮ ਜਨਤਾ ਲਈ ਸ਼ੁਰੂ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਅਹਿਮਦਾਬਾਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੈਸ਼ਨਵ ਨੇ ਦੱਸਿਆ ਕਿ ਹਾਈ-ਸਪੀਡ ਰੇਲ ਕੋਰੀਡੋਰ ਦੇ ਪਹਿਲੇ ਹਿੱਸੇ ਦਾ ਨਿਰਮਾਣ ਕਾਰਜ ਇਸੇ ਸਾਲ ਦਸੰਬਰ ਤੱਕ ਪੂਰਾ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ Train ਦੇ ਮੁੱਖ ਹਿੱਸਿਆਂ ਜਿਵੇਂ ਕਿ ਕਾਰ ਬੌਡੀ, ਬੋਗੀ, ਪ੍ਰੋਪਲਸ਼ਨ ਸਿਸਟਮ, ਵਾਹਨ ਇਲੈਕਟ੍ਰੌਨਿਕਸ, ਪਹੀਏ ਅਤੇ ਪੈਂਟੋਗ੍ਰਾਫ਼ ਆਦਿ ਦਾ ਨਿਰਮਾਣ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ।
ਰੇਲ ਮੰਤਰੀ ਨੇ ਕਿਹਾ, “ਅਸੀਂ ਅਗਲੇ ਸਾਲ ਅਪਰੈਲ ਜਾਂ ਮਈ ਤੱਕ ਭਾਰਤ ’ਚ ਬਣ ਰਹੀ Bullet Train ਨੂੰ ਟਰੈਕ ’ਤੇ ਲਿਆਉਣ ਦੀ ਉਮੀਦ ਕਰ ਰਹੇ ਹਾਂ।” ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਟ੍ਰੇਨ ਦਾ ਡਿਜ਼ਾਈਨ ਅਤੇ ਨਿਰਮਾਣ ਪੂਰੀ ਤਰ੍ਹਾਂ ਭਾਰਤ ਵਿੱਚ ਹੀ ਕੀਤਾ ਜਾ ਰਹਾ ਹੈ ਅਤੇ ਇਸ ਦੇ ਬੌਧਿਕ ਸੰਪਤੀ ਅਧਿਕਾਰ (IPR) ਵੀ ਭਾਰਤ ਕੋਲ ਹੀ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ ਟ੍ਰੇਨ ਦੇ ਢਾਂਚੇ ਦੀ ਮਜ਼ਬੂਤੀ ਦੀ ਜਾਂਚ ਲਈ ‘ਸਕੁਈਜ਼ ਟੈਸਟ’ ਕੀਤਾ ਜਾ ਰਿਹਾ ਹੈ ਅਤੇ ਯਾਤਰੀ ਸੇਵਾਵਾਂ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੀ ਵਿਆਪਕ ਟੈਸਟਿੰਗ ਕੀਤੀ ਜਾਵੇਗੀ।
ਮੁੰਬਈ-ਅਹਿਮਦਾਬਾਦ ਹਾਈ-ਸਪੀਡ ਰੇਲ ਕੋਰੀਡੋਰ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਵੱਖ-ਵੱਖ ਥਾਵਾਂ ’ਤੇ ਸੁਰੰਗਾਂ, ਸਟੇਸ਼ਨਾਂ ਅਤੇ ਪੁਲਾਂ ਦਾ ਨਿਰਮਾਣ ਕੰਮ ਤੇਜ਼ੀ ਨਾਲ ਪ੍ਰਗਤੀ ’ਤੇ ਹੈ। ਬਾਂਦਰਾ ਕੁਰਲਾ ਕੰਪਲੈਕਸ ਤੋਂ ਠਾਣੇ ਤੱਕ ਸਮੁੰਦਰ ਦੇ ਅੰਦਰ ਬਣ ਰਹੀ ਸੁਰੰਗ ਦਾ ਕੰਮ ਵੀ ਅੱਗੇ ਵਧ ਰਿਹਾ ਹੈ, ਜਿੱਥੇ ਸ਼ਾਫ਼ਟਾਂ ਦੇ ਨਿਰਮਾਣ ਅਤੇ ਦੋਵੇਂ ਟਨਲ ਬੋਰਿੰਗ ਮਸ਼ੀਨਾਂ ਦੀ ਸਥਾਪਨਾ ਦਾ ਕੰਮ ਪੂਰਾ ਕਰ ਲਿਆ ਗਿਆ ਹੈ।
ਭਾਰਤੀ ਰੇਲਵੇ ਦੇ ਵਿਆਪਕ ਕਾਇਆਕਲਪ ਦਾ ਜ਼ਿਕਰ ਕਰਦਿਆਂ ਵੈਸ਼ਨਵ ਨੇ ਕਿਹਾ ਕਿ 2014 ਤੋਂ ਬਾਅਦ ਰੇਲਵੇ ਖੇਤਰ ਵਿੱਚ ਇਨਕਲਾਬੀ ਬਦਲਾਅ ਆਏ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ ਲਗਭਗ 36,000 ਕਿਲੋਮੀਟਰ ਨਵੇਂ ਰੇਲ ਟਰੈਕ ਵਿਛਾਏ ਗਏ ਹਨ ਅਤੇ ਰੇਲ ਨੈੱਟਵਰਕ ਦਾ ਲਗਭਗ 99.6 ਫ਼ੀਸਦੀ ਬਿਜਲੀਕਰਨ (Electrification) ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਆਧੁਨਿਕੀਕਰਨ ਮੁਹਿੰਮ ਤਹਿਤ 1,000 ਤੋਂ ਵੱਧ ਰੇਲਵੇ ਸਟੇਸ਼ਨਾਂ ਦਾ ਮੁੜ ਨਿਰਮਾਣ ਕੀਤਾ ਜਾ ਰਿਹਾ ਹੈ।

