ਭਾਰਤੀ ਫੌਜ ਦੇ ਜਵਾਨਾਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਦੀ ਇਜਾਜ਼ਤ
ਕੁਝ ਸ਼ਰਤਾਂ ਤਹਿਤ ਛੋਟ ਦਿੱਤੀ; ਵਟਸਐਪ ’ਤੇ ਭੇਜ ਸਕਣਗੇ ਸੰਦੇਸ਼; ਪੰਜ ਸਾਲ ਪਹਿਲਾਂ ਲਾੲੀ ਗੲੀ ਸੀ ਪਾਬੰਦੀ; ਇੰਸਟਾਗਰਾਮ ’ਤੇ ਟਿੱਪਣੀ ਕਰਨ ਦੀ ਹੁਣ ਵੀ ਮਨਾਹੀ
ਭਾਰਤੀ ਫੌਜ ਦੇ ਜਵਾਨ ਹੁਣ ਸੋਸ਼ਲ ਮੀਡੀਆ ਦੀ ਵਰਤੋਂ ਕਰ ਸਕਣਗੇ। ਇਸ ’ਤੇ ਪੰਜ ਸਾਲ ਪਹਿਲਾਂ ਪਾਬੰਦੀ ਲਾਈ ਗਈ ਸੀ। ਫੌਜ ਨੇ ਸਾਲ 2020 ਵਿਚ ਲੱਗੀ ਪਾਬੰਦੀ ਕੁਝ ਸ਼ਰਤਾਂ ਤਹਿਤ ਹਟਾ ਦਿੱਤੀ ਹੈ। ਫੌਜ ਦੇ ਜਵਾਨਾਂ ਨੂੰ ਇੰਸਟਾਗਰਾਮ ’ਤੇ ਰੀਲ, ਫੋਟੋ ਤੇ ਵੀਡੀਓ ਦੇਖਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਉਹ ਇੰਸਟਾਗਰਾਮ ’ਤੇ ਟਿੱਪਣੀ ਨਹੀਂ ਕਰ ਸਕਣਗੇ।
ਫੌਜ ਦੇ ਜਵਾਨ ਵਟਸ ਐਪ ਤੇ ਟੈਲੀਗਰਾਮ ’ਤੇ ਜਾਣਕਾਰੀ ਸਾਂਝੀ ਕਰ ਸਕਣਗੇ ਪਰ ਇਹ ਜਾਣਕਾਰੀ ਆਮ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਐਕਸ ਤੇ ਯੂਟਿਊਬ ਦੀ ਵਰਤੋਂ ਸਿਰਫ ਜਾਣਕਾਰੀ ਲਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਹੋਰ ਐਪਸ ਲਈ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
ਦੱਸਣਾ ਬਣਦਾ ਹੈ ਕਿ ਸਰਕਾਰ ਨੇ ਸਾਲ 2020 ਵਿਚ ਸੰਵੇਦਨਸ਼ੀਲ ਜਾਣਕਾਰੀ ਲੀਕ ਹੋਣ ਤੋਂ ਰੋਕਣ ਲਈ ਫੌਜ ਦੇ ਜਵਾਨਾਂ ਤੇ ਅਧਿਕਾਰੀਆਂ ਨੂੰ 89 ਐਪਸ ਹਟਾਉਣ ਦੇ ਨਿਰਦੇਸ਼ ਦਿੱਤੇ ਸਨ। ਇਸ ਵਿਚ ਫੇਸਬੁੱਕ, ਇੰਸਟਾਗਰਾਮ, ਟਿਕਟੌਕ, ਜੂਮ ਤੇ ਪਬਜੀ ਸ਼ਾਮਲ ਹਨ। ਉਸ ਵੇਲੇ ਇਨ੍ਹਾਂ ਐਪ ਜ਼ਰੀਏ ਕਈ ਹਨੀ ਟਰੈਪ ਦੇ ਮਾਮਲੇ ਸਾਹਮਣੇ ਆਏ ਸਨ ਤੇ ਕਈ ਅਹਿਮ ਜਾਣਕਾਰੀਆਂ ਲੀਕ ਹੋ ਗਈਆਂ ਸਨ ਜਿਸ ਕਰ ਕੇ ਸਰਕਾਰ ਨੂੰ ਸਖਤ ਫੈਸਲਾ ਲੈਣਾ ਪਿਆ ਸੀ।

