ਨਵੀਂ ਦਿੱਲੀ, 3 ਜੁਲਾਈ
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਨੇ ਕੋਵਿਡ-19 ਦਾ ਦੇਸ਼ ਵਿੱਚ ਤਿਆਰ ਟੀਕਾ ਡਾਕਟਰੀ ਵਰਤੋਂ ਲਈ 15 ਅਗਸਤ ਤੱਕ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਚੋਣਵੀਆਂ ਮੈਡੀਕਲ ਸੰਸਥਾਵਾਂ ਅਤੇ ਹਸਪਤਾਲਾਂ ਨੂੰ ਕਿਹਾ ਹੈ ਕਿ ਉਹ ਭਾਰਤ ਬਾਇਓਟੈੱਕ ਦੇ ਸਹਿਯੋਗ ਨਾਲ ਵਿਕਸਤ ਕੀਤੇ ਸੰਭਾਵਿਤ ਟੀਕੇ ‘ਕੋਵੈਕਸਾਈਨ’ ਨੂੰ ਪਰਖਣ ਲਈ ਮਨਜੂਰੀ ਦੇਣ ਦੀ ਪ੍ਰਕਿਰਿਆ ਤੇਜ਼ ਕਰਨ। ਇਸ ਸਮੇਂ ਕਲੀਨਿਕਲ ਅਜ਼ਮਾਇਸ਼ਾਂ ਲਈ 12 ਥਾਵਾਂ ਦੀ ਪਛਾਣ ਕੀਤੀ ਗਈ ਹੈ। ਭਾਰਤ ਦੇ ਸਵਦੇਸ਼ੀ ਸੰਭਾਵਿਤ ਕੋਵਿਡ-19 ਟੀਕੇ ‘ਕੋਵੈਕਸਿਨ’ ਨੂੰ ਹਾਲ ਹੀ ਵਿਚ ਡੀਸੀਜੀਆਈ ਵੱਲੋਂ ਮਨੁੱਖੀ ਅਜ਼ਮਾਇਸ਼ਾਂ ਲਈ ਮਨਜ਼ੂਰੀ ਦਿੱਤੀ ਗਈ ਹੈ। ‘ਕੋਵੈਕਸਾਈਨ’ ਨੂੰ ਭਾਰਤ ਬਾਇਓਟੈਕ ਨੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਦੇ ਸਹਿਯੋਗ ਨਾਲ ਵਿਕਸਿਤ ਕੀਤਾ ਹੈ। ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਬਲਰਾਮ ਭਾਰਗਵ ਨੇ 12 ਥਾਵਾਂ ‘ਤੇ ਪ੍ਰਮੁੱਖ ਜਾਂਚਕਰਤਾਵਾਂ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਕੋਵੈਕਸਿਨ ਦੇਸ਼ ਵਿਚ ਵਿਕਸਤ ਹੋਇਆ ਪਹਿਲਾ ਟੀਕਾ ਹੈ ਅਤੇ ਇਹ ਇਕ “ਉੱਚ ਤਰਜੀਹ ਪ੍ਰਾਜੈਕਟ” ਹੈ, ਜਿਸ ’ਤੇ ਸਰਕਾਰ ਦੀ ਪੂਰੀ ਨਿਗਰਾਨੀ ਹੈ।” ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ 15 ਅਗਸਤ ਤੱਕ ਡਾਕਟਰੀ ਵਰਤੋਂ ਲਈ ਸਾਰੇ ਕਲੀਨਿਕਲ ਟਰਾਇਲ ਮੁਕੰਮਲ ਹੋਣ ਤੋਂ ਬਾਅਦ ਇਸ ਨੂੰ ਉਪਲੱਬਧ ਕਰਵਾਉਣਾ ਹੈ।