ਭਾਰਤ ਵੱਲੋਂ Russia ਨਾਲ ਮਿਜ਼ਾਈਲ ਸੌਦਾ ਸਹੀਬੰਦ
US ਪਾਬੰਦੀਆਂ ਦੇ ਬਾਵਜੂਦ ਰੂਸੀ ਮਿਜ਼ਾਈਲਾਂ ਅਤੇ ਸਵਦੇਸ਼ੀ ਹੈਲੀਕਾਪਟਰਾਂ ਦੀ ਖਰੀਦ ਨੂੰ ਮਨਜ਼ੂਰੀ
ਅਮਰੀਕੀ ਰਾਸ਼ਟਰਪਤੀ ਵੱਲੋਂ ਰੂਸ ’ਤੇ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ ਦੇ ਬਾਵਜੂਦ ਭਾਰਤੀ ਰੱਖਿਆ ਮੰਤਰਾਲੇ ਨੇ ਅੱਜ ਰੂਸੀ ਮੂਲ ਦੀਆਂ ਸਰਫੇਸ-ਟੂ-ਏਅਰ (ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ) ਮਿਜ਼ਾਈਲਾਂ ਖਰੀਦਣ ਲਈ ਇੱਕ ਅਹਿਮ ਸਮਝੌਤੇ ’ਤੇ ਦਸਤਖਤ ਕੀਤੇ ਹਨ। ਇਹ ਮਿਜ਼ਾਈਲਾਂ ਭਾਰਤੀ ਸਮੁੰਦਰੀ ਫੌਜ ਦੇ ਜੰਗੀ ਜਹਾਜ਼ਾਂ ਦੀ ਸੁਰੱਖਿਆ ਲਈ ਵਰਤੀਆਂ ਜਾਣਗੀਆਂ। ਇਸ ਦੇ ਨਾਲ ਹੀ ਸਰਕਾਰ ਨੇ ਸਵਦੇਸ਼ੀ ਤਕਨੀਕ ’ਤੇ ਭਰੋਸਾ ਜਤਾਉਂਦੇ ਹੋਏ ਕੋਸਟ ਗਾਰਡ ਲਈ ਛੇ ਹੋਰ ਐਡਵਾਂਸਡ ਲਾਈਟ ਹੈਲੀਕਾਪਟਰ (ALH) ਖਰੀਦਣ ਦਾ ਵੀ ਫੈਸਲਾ ਕੀਤਾ ਹੈ।
ਇਹ ਦੋਵੇਂ ਸੌਦੇ ਕੁੱਲ 5,083 ਕਰੋੜ ਰੁਪਏ ਦੇ ਹਨ ਜਿਨ੍ਹਾਂ ਵਿੱਚੋਂ 2,182 ਕਰੋੜ ਰੁਪਏ ਮਿਜ਼ਾਈਲਾਂ ਲਈ ਅਤੇ 2,901 ਕਰੋੜ ਰੁਪਏ ਹੈਲੀਕਾਪਟਰਾਂ ਲਈ ਰੱਖੇ ਗਏ ਹਨ। ਰੂਸ ਤੋਂ ਖਰੀਦੀ ਜਾਣ ਵਾਲੀ ਸ਼ਟਿਲ (Shtil) ਨਾਮਕ ਇਹ ਮਿਜ਼ਾਈਲ ਪ੍ਰਣਾਲੀ ਹਵਾ ਵਿੱਚ 45 ਕਿਲੋਮੀਟਰ ਦੂਰ ਤੱਕ ਆਪਣੇ ਨਿਸ਼ਾਨੇ ਨੂੰ ਤਬਾਹ ਕਰ ਸਕਦੀ ਹੈ। ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਅਮਰੀਕਾ ਨੇ ਰੂਸ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੋਈ ਹੈ। ਇਸ ਖਰੀਦ ਨਾਲ ਭਾਰਤੀ ਜੰਗੀ ਜਹਾਜ਼ਾਂ ਦੀ ਹਵਾਈ ਹਮਲਿਆਂ ਨਾਲ ਲੜਨ ਦੀ ਤਾਕਤ ਕਾਫੀ ਵਧ ਜਾਵੇਗੀ।

