India Monsoon Forecast: ਮੌਨਸੂਨ ਦੇ ਦੂਜੇ ਅੱਧ ਵਿੱਚ ਭਾਰਤ ਵਿੱਚ ਘੱਟ ਮੀਂਹ ਪੈਣ ਦੀ ਪੇਸ਼ੀਨਗੋਈ: IMD
India Weather Forecast: ਅਗਸਤ ਤੋਂ ਸਤੰਬਰ ਦੌਰਾਨ ਆਮ ਨਾਲੋਂ ਘੱਟ ਪੈਣਗੇ ਮੀਂਹ
India Weather Forecast: ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਅੱਜ ਜਾਣਕਾਰੀ ਦਿੱਤੀ ਕਿ ਪੂਰੇ ਭਾਰਤ ਵਿੱਚ ਦੱਖਣ-ਪੱਛਮੀ ਮੌਨਸੂਨ ਦੇ ਦੂਜੇ ਅੱਧ ਅਗਸਤ ਤੋਂ ਸਤੰਬਰ ਦੌਰਾਨ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਇਸ ਦੌਰਾਨ ਲੰਬਾ ਸਮਾਂ ਮੀਂਹ ਪੈਣ ਦੀ ਔਸਤ (LPA) 94 ਫੀਸਦੀ ਤੋਂ ਵੀ ਘੱਟ ਰਹਿਣ ਦੀ ਉਮੀਦ ਹੈ। 1971 ਤੋਂ 2020 ਤੱਕ ਦੇ ਇਤਿਹਾਸਕ ਅੰਕੜਿਆਂ ਦੇ ਆਧਾਰ 'ਤੇ ਅਗਸਤ ਤੋਂ ਸਤੰਬਰ ਦੀ ਇਸ ਮਿਆਦ ਲਈ ਦੇਸ਼ ਭਰ ਵਿੱਚ ਮੀਂਹ ਦਾ LPA 422.8 ਮਿਲੀਮੀਟਰ ਹੈ। ਮੌਸਮ ਵਿਭਾਗ ਦੀ ਇਸ ਰਿਪੋਰਟ ਨੇ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਲਈ ਚਿੰਤਾਵਾਂ ਵਧਾ ਦਿੱਤੀਆਂ ਹਨ ਕਿਉਂਕਿ ਇਸ ਸਮੇਂ ਦੌਰਾਨ ਫ਼ਲਾਂ ਅਤੇ ਫ਼ਸਲਾਂ ਨੂੰ ਪਾਣੀ ਦੀ ਵੱਡੀ ਲੋੜ ਹੁੰਦੀ ਹੈ।
ਮੌਸਮ ਵਿਗਿਆਨ ਵਿੱਚ 'ਐੱਲ.ਪੀ.ਏ.' (LPA - Long Period Average) ਤੋਂ ਭਾਵ ਕਿਸੇ ਖਾਸ ਖੇਤਰ ਵਿੱਚ ਕਿਸੇ ਨਿਸ਼ਚਿਤ ਸਮੇਂ ਜਿਵੇਂ ਕਿ ਮਹੀਨੇ ਜਾਂ ਮੌਸਮ ਦੌਰਾਨ ਪਏ ਮੀਂਹ ਦਾ ਲੰਬੇ ਸਮੇਂ ਦਾ ਔਸਤ ਹੁੰਦਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਅੰਕੜਿਆਂ ਅਤੇ ਪੂਰਵ ਅਨੁਮਾਨ ਤੋਂ ਪਤਾ ਲੱਗਦਾ ਹੈ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਆਉਣ ਵਾਲੇ ਹਫ਼ਤਿਆਂ ਦੌਰਾਨ ਮੌਨਸੂਨ ਦੀ ਰਫ਼ਤਾਰ ਮੱਧਮ ਰਹਿ ਸਕਦੀ ਹੈ, ਜਿਸ ਨਾਲ ਜਲ ਸਰੋਤਾਂ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਉੱਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ।

