India-Indonesia Defense Deal: ਜਕਾਰਤਾ ਨੂੰ ‘ਬ੍ਰਹਮੋਸ ਮਿਜ਼ਾਈਲਾਂ’ ਸਪਲਾਈ ਕਰੇਗਾ ਭਾਰਤ
ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਪ੍ਰਾਬੋਵੋ ਸੁਬੀਆਨਤੋ ਵਿਚਾਲੇ ਹੋਈ ਅਹਿਮ ਬੈਠਕ; ਦੋਵਾਂ ਦੇਸ਼ਾਂ ਨੇ ਵੱਖ-ਵੱਖ ਖੇਤਰਾਂ ਨਾਲ ਜੁੜੇ ਇੱਕ ਦਰਜਨ ਦੇ ਕਰੀਬ ਸਮਝੌਤਿਆਂ ’ਤੇ ਕੀਤੇ ਦਸਤਖ਼ਤ
India-Indonesia Defense Deal: ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਦੁਵੱਲੇ ਅਤੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਅੱਜ ਇੱਕ ਵੱਡਾ ਫੈਸਲਾ ਲਿਆ ਗਿਆ ਹੈ, ਜਿਸ ਤਹਿਤ ਭਾਰਤ ਹੁਣ ਇੰਡੋਨੇਸ਼ੀਆਈ ਫੌਜ ਨੂੰ ਸੁਪਰਸੋਨਿਕ ‘ਬ੍ਰਹਮੋਸ ਮਿਜ਼ਾਈਲਾਂ’ ਸਪਲਾਈ ਕਰੇਗਾ। ਮੰਗਲਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬੀਆਨਤੋ ਵਿਚਾਲੇ ਜਕਾਰਤਾ ਵਿਖੇ ਹੋਈ ਇੱਕ ਉੱਚ-ਪੱਧਰੀ ਬੈਠਕ ਦੌਰਾਨ ਇਹ ਅਹਿਮ ਸਹਿਮਤੀ ਬਣੀ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਨੇ ਸਮੁੰਦਰੀ ਸੁਰੱਖਿਆ ਨੂੰ ਹੁਲਾਰਾ ਦੇਣ ਅਤੇ ਮਹੱਤਵਪੂਰਨ ਖਣਿਜਾਂ (ਕ੍ਰਿਟੀਕਲ ਮਿਨਰਲਜ਼) ਦੀ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਵਰਗੇ ਅਹਿਮ ਫੈਸਲਿਆਂ ’ਤੇ ਮੋਹਰ ਲਗਾਈ।
ਦੋਵਾਂ ਨੇਤਾਵਾਂ ਦੀ ਮੌਜੂਦਗੀ ਵਿੱਚ ਵੱਖ-ਵੱਖ ਖੇਤਰਾਂ ਜਿਵੇਂ ਕਿ ਤਕਨਾਲੋਜੀ, ਖੁਰਾਕ ਸੁਰੱਖਿਆ, ਦਵਾਈਆਂ, ਸਮੁੰਦਰੀ ਵਪਾਰ ਅਤੇ ਅਹਿਮ ਖਣਿਜਾਂ ਬਾਰੇ ਲਗਭਗ ਇੱਕ ਦਰਜਨ ਅਹਿਮ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ। ਪ੍ਰਧਾਨ ਮੰਤਰੀ ਮੋਦੀ ਸੋਮਵਾਰ ਨੂੰ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ ਤਹਿਤ ਜਕਾਰਤਾ ਪਹੁੰਚੇ ਸਨ, ਜਿੱਥੇ ਉਨ੍ਹਾਂ ਦਾ ਰੈੱਡ-ਕਾਰਪੇਟ ਵਿਛਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਹ ਦੌਰਾ ਸਾਲ 2018 ਵਿੱਚ ਦੋਵਾਂ ਦੇਸ਼ਾਂ ਵਿਚਾਲੇ ਹੋਈ ‘ਵਿਆਪਕ ਰਣਨੀਤਕ ਭਾਈਵਾਲੀ’ (Comprehensive Strategic Partnership) ਦੇ ਤਹਿਤ ਸੁਰੱਖਿਆ ਅਤੇ ਵਪਾਰਕ ਸਹਿਯੋਗ ਨੂੰ ਵਧਾਉਣ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

