ਭਾਰਤ ਵੱਲੋਂ BIMSTEC ਦੇ ਪਹਿਲੇ ਸਮੁੰਦਰੀ ਸੁਰੱਖਿਆ ਅਭਿਆਸ ਦੀ ਮੇਜ਼ਬਾਨੀ; 7 ਦੇਸ਼ ਹੋਏ ਸ਼ਾਮਲ
ਅੰਡੇਮਾਨ ਅਤੇ ਨਿਕੋਬਾਰ ਕਮਾਂਡ ਵਿਖੇ ਇਕੱਠੇ ਹੋਏ ਜੰਗੀ ਬੇੜੇ
ਬੰਗਾਲ ਦੀ ਖਾੜੀ ਖੇਤਰ ਵਿੱਚ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਮੈਂਬਰ ਮੁਲਕਾਂ ਵਿਚਾਲੇ ਆਪਸੀ ਤਾਲਮੇਲ ਨੂੰ ਹੁਲਾਰਾ ਦੇਣ ਲਈ ਭਾਰਤ ਵੱਲੋਂ ‘ਬਿਮਸਟੈੱਕ’ (BIMSTEC) ਸਮੂਹ ਦੇ ਪਹਿਲੇ ਸਮੁੰਦਰੀ ਸੁਰੱਖਿਆ ਅਭਿਆਸ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ। ਇਹ ਵਿਸ਼ਾਲ ਬਹੁ-ਪੱਖੀ ਜਲ ਸੈਨਾ ਅਭਿਆਸ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ਵਿਖੇ ਭਾਰਤ ਦੀ ਇਕਲੌਤੀ ਏਕੀਕ੍ਰਿਤ ਤਰੈ-ਸੇਵਾ ਕਮਾਂਡ ‘ਅੰਡੇਮਾਨ ਅਤੇ ਨਿਕੋਬਾਰ ਕਮਾਂਡ’ (ਏ.ਐੱਨ.ਸੀ.) ਦੇ ਅਧਿਕਾਰ ਖੇਤਰ ਹੇਠ ਕਰਵਾਇਆ ਜਾ ਰਿਹਾ ਹੈ। ਕੌਮਾਂਤਰੀ ਸਮੁੰਦਰੀ ਵਪਾਰਕ ਮਾਰਗਾਂ ਦੇ ਬਿਲਕੁਲ ਮੁਹਾਨੇ ’ਤੇ ਸਥਿਤ ਹੋਣ ਕਾਰਨ ਇਹ ਕਮਾਂਡ ਸਮੁੰਦਰੀ ਨਿਗਰਾਨੀ, ਮਾਨਵਤਾਵਾਦੀ ਸਹਾਇਤਾ, ਆਫ਼ਤ ਪ੍ਰਬੰਧਨ ਅਤੇ ਖੋਜ ਤੇ ਬਚਾਅ ਕਾਰਜਾਂ ਵਿੱਚ ਖੇਤਰੀ ਸੁਰੱਖਿਆ ਦਾ ਧੁਰਾ ਮੰਨੀ ਜਾਂਦੀ ਹੈ।
ਇਹ ਪੰਜ ਰੋਜ਼ਾ ਅਭਿਆਸ 30 ਅਕਤੂਬਰ ਨੂੰ ਆਰੰਭ ਹੋਇਆ ਹੈ ਅਤੇ 3 ਨਵੰਬਰ ਤੱਕ ਜਾਰੀ ਰਹੇਗਾ। ਇਸ ਵਿਸ਼ੇਸ਼ ਅਭਿਆਸ ਵਿੱਚ ਸਮੂਹ ਦੇ ਸਾਰੇ ਸੱਤ ਮੈਂਬਰ ਦੇਸ਼- ਭਾਰਤ, ਬੰਗਲਾਦੇਸ਼, ਭੂਟਾਨ, ਮਿਆਂਮਾਰ, ਨੇਪਾਲ, ਸ੍ਰੀਲੰਕਾ ਅਤੇ ਥਾਈਲੈਂਡ, ਹਿੱਸਾ ਲੈ ਰਹੇ ਹਨ। ਸਮੁੱਚਾ ਅਭਿਆਸ ‘ਸਾਂਝੇ ਸਮੁੰਦਰ, ਸਾਂਝੀ ਸੁਰੱਖਿਆ ਅਤੇ ਸਾਂਝੀ ਖ਼ੁਸ਼ਹਾਲੀ’ ਦੇ ਆਦਰਸ਼ ਵਾਕ ਹੇਠ ਚਲਾਇਆ ਜਾ ਰਿਹਾ ਹੈ। ਰੱਖਿਆ ਮੰਤਰਾਲੇ ਅਨੁਸਾਰ ਇਹ ਪਹਿਲਕਦਮੀ ਪਿਛਲੇ ਸਾਲ ਹੋਏ 6ਵੇਂ ਬਿਮਸਟੈੱਕ ਸਿਖਰ ਸੰਮੇਲਨ ਦੇ ਟੀਚਿਆਂ ਨੂੰ ਜ਼ਮੀਨੀ ਪੱਧਰ ’ਤੇ ਅਮਲ ਵਿੱਚ ਲਿਆਉਣ ਲਈ ਇੱਕ ਠੋਸ ਕਦਮ ਹੈ, ਜਿਸ ਨਾਲ ਸਮੁੰਦਰੀ ਸਹਿਯੋਗ ਅਤੇ ਕਾਰਜਸ਼ੀਲ ਸੰਪਰਕ ਨੂੰ ਨਵੀਂ ਦਿਸ਼ਾ ਮਿਲੇਗੀ।
ਇਸ ਜਲ ਸੈਨਾ ਮਸ਼ਕ ਦਾ ਮੁੱਖ ਉਦੇਸ਼ ਭਾਗੀਦਾਰ ਫ਼ੌਜਾਂ ਵਿਚਾਲੇ ਆਪਸੀ ਕਾਰਜ-ਕੁਸ਼ਲਤਾ (ਇੰਟਰ-ਓਪਰੇਬਿਲਟੀ) ਵਿੱਚ ਸੁਧਾਰ ਲਿਆਉਣਾ, ਸਮੁੰਦਰੀ ਖੇਤਰ ਵਿੱਚ ਜਾਗਰੂਕਤਾ ਨੂੰ ਤਿੱਖਾ ਕਰਨਾ, ਸੰਕਟ ਵੇਲੇ ਤਾਲਮੇਲ ਪ੍ਰਣਾਲੀ ਨੂੰ ਬਿਹਤਰ ਬਣਾਉਣਾ ਅਤੇ ਉੱਤਮ ਅਭਿਆਸਾਂ ਦਾ ਆਦਾਨ-ਪ੍ਰਦਾਨ ਕਰਨਾ ਹੈ।

