India Governor Appointments: ਕਾਰਗਿਲ ਸ਼ਹੀਦ ਦੀ ਪਤਨੀ ਸੁਧਾ ਯਾਦਵ ਕਰਨਾਟਕ ਦੀ ਰਾਜਪਾਲ ਨਿਯੁਕਤ
ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਛੇ ਸੂਬਿਆਂ ਦੇ ਰਾਜਪਾਲਾਂ ਦੀ ਨਿਯੁਕਤੀ; ਚਾਰ ਨਵੇਂ ਚਿਹਰੇ ਸ਼ਾਮਲ; ਓਮ ਮਾਥੁਰ ਕੇਰਲਮ ਅਤੇ ਦੁਸ਼ਯੰਤ ਗੌਤਮ ਸਿੱਕਮ ਦੇ ਰਾਜਪਾਲ ਬਣੇ; ਤਾਮਿਲ ਨਾਡੂ ਤੇ ਉੜੀਸਾ ਵਿੱਚ ਵੀ ਨਿਯੁਕਤੀਆਂ
India Governor Appointments: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੋਮਵਾਰ ਨੂੰ ਛੇ ਸੂਬਿਆਂ ਵਿੱਚ ਰਾਜਪਾਲਾਂ ਦੀ ਨਿਯੁਕਤੀ ਕੀਤੀ ਹੈ। ਹਰਿਆਣਾ ਭਾਜਪਾ ਦੀ ਸੀਨੀਅਰ ਆਗੂ ਸੁਧਾ ਯਾਦਵ ਨੂੰ ਕਰਨਾਟਕ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਸੁਧਾ ਯਾਦਵ ਕਾਰਗਿਲ ਜੰਗ ਦੌਰਾਨ ਸ਼ਹੀਦ ਹੋਏ ਸੀਮਾ ਸੁਰੱਖਿਆ ਬਲ ਦੇ ਸਾਬਕਾ ਡਿਪਟੀ ਕਮਾਂਡੈਂਟ ਸੁਖਬੀਰ ਸਿੰਘ ਯਾਦਵ ਦੀ ਪਤਨੀ ਹਨ।
ਗੁਰੂਗ੍ਰਾਮ ਦੀ ਰਹਿਣ ਵਾਲੀ ਸੁਧਾ ਯਾਦਵ ਭਾਜਪਾ ਦੇ ਸੰਸਦੀ ਬੋਰਡ ਦੀ ਇਕਲੌਤੀ ਮਹਿਲਾ ਮੈਂਬਰ ਹਨ। ਸੰਸਦੀ ਬੋਰਡ ਪਾਰਟੀ ਦੀ ਸਭ ਤੋਂ ਉੱਚੀ ਫ਼ੈਸਲਾ ਲੈਣ ਵਾਲੀ ਸੰਸਥਾ ਹੈ। ਉਨ੍ਹਾਂ ਦੇ ਪੁੱਤਰ ਸਿਧਾਰਥ ਯਾਦਵ ਨੂੰ ਹਾਲ ਹੀ ਵਿੱਚ ਭਾਜਪਾ ਦੇ ਮੀਡੀਆ ਸਹਿ-ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਤੋਂ ਕੁਝ ਦਿਨਾਂ ਬਾਅਦ ਸੁਧਾ ਯਾਦਵ ਨੂੰ ਰਾਜਪਾਲ ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ।
ਰਾਸ਼ਟਰਪਤੀ ਨੇ ਭਾਜਪਾ ਦੇ ਸੀਨੀਅਰ ਆਗੂ ਓਮ ਮਾਥੁਰ ਦਾ ਤਬਾਦਲਾ ਸਿੱਕਮ ਤੋਂ ਕੇਰਲਮ ਕਰ ਦਿੱਤਾ ਹੈ। ਭਾਜਪਾ ਦੇ ਸਾਬਕਾ ਕੌਮੀ ਜਨਰਲ ਸਕੱਤਰ ਅਤੇ ਦਿੱਲੀ ਤੋਂ ਪਾਰਟੀ ਦੇ ਸੀਨੀਅਰ ਦਲਿਤ ਆਗੂ ਦੁਸ਼ਯੰਤ ਗੌਤਮ ਨੂੰ ਸਿੱਕਮ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ।
ਕੇਰਲਮ ਦੇ ਮੌਜੂਦਾ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੂੰ ਤਾਮਿਲ ਨਾਡੂ ਦਾ ਰਾਜਪਾਲ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਬ੍ਰਜ ਮੋਹਨ ਰਾਮ ਨੂੰ ਉੜੀਸਾ ਅਤੇ ਢਾਲ ਸਿੰਘ ਬਿਸੇਨ ਨੂੰ ਉੱਤਰਾਖੰਡ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।
ਇਨ੍ਹਾਂ ਨਿਯੁਕਤੀਆਂ ਨਾਲ ਛੇ ਸੂਬਿਆਂ ਦੇ ਰਾਜਪਾਲਾਂ ਦੇ ਅਹੁਦਿਆਂ ਵਿੱਚ ਤਬਦੀਲੀ ਹੋਈ ਹੈ। ਚਾਰ ਨਵੇਂ ਚਿਹਰਿਆਂ ਨੂੰ ਰਾਜਪਾਲ ਬਣਾਇਆ ਗਿਆ ਹੈ, ਜਦਕਿ ਦੋ ਮੌਜੂਦਾ ਰਾਜਪਾਲਾਂ ਨੂੰ ਹੋਰ ਸੂਬਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

