ਰਾਸ਼ਟਰਪਤੀ ਵੱਲੋਂ ਦੇਸ਼ਵਾਸੀਆਂ ਨੂੰ ਸੰਬੋਧਨ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਆਜ਼ਾਦੀ ਦਿਹਾਡ਼ੇ ਦੀ ਪੂਰਬਲੀ ਸੰਧਿਆ ਕੌਮ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਰਾਮ ਨਾਥ ਕੋਵਿੰਦ। -ਫੋਟੋ: ਪੀਟੀਆਈ

ਨਵੀਂ ਦਿੱਲੀ, 14 ਅਗਸਤ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 74ਵੇਂ ਆਜ਼ਾਦੀ ਦਿਹਾੜੇ ਦੀ ਪੂਰਵਲੀ ਸ਼ਾਮ ਅੱਜ ਦੇਸ਼ ਵਾਸੀਆਂ ਨੂੰ ਕੀਤੇ ਸੰਬੋਧਨ ਦੌਰਾਨ ਚੀਨ ਨੂੰ ਅਸਿੱਧੇ ਢੰਗੇ ਨਾਲ ਸੁਨੇਹਾ ਦਿੱਤਾ ਕਿ ਹਾਲਾਂਕਿ ਭਾਰਤ ਸ਼ਾਂਤੀ ਵਿੱਚ ਵਿਸ਼ਵਾਸ ਰੱਖਦਾ ਹੈ ਪਰ ਇਹ ਕਿਸੇ ਵੀ ਤਰ੍ਹਾਂ ਦੇ ਹਮਲੇ ਦੀ ਕੋਸ਼ਿਸ਼ ਦਾ ਜਵਾਬ ਦੇਣ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਆਂਢੀ ਮੁਲਕ ਨੇ ਚਲਾਕੀ ਨਾਲ ਵਿਸਤਾਰਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ।

ਇਸ ਦੌਰਾਨ ਸ੍ਰੀ ਕੋਵਿੰਦ ਨੇ ਪ੍ਰਧਾਨ ਮੰਤਰੀ ਦੀ ਪਹਿਲ ‘ਆਤਮਨਿਰਭਰ’ ਬਾਰੇ ਵੀ ਗੱਲ ਕੀਤੀ ਅਤੇ ਵਿਦੇਸ਼ੀ ਨਿਵੇਸ਼ਕਾਂ ਦਾ ਡਰ ਦੂਰ ਕਰਦਿਆਂ ਕਿਹਾ ਕਿ ਭਾਰਤ ਦੀ ਆਤਮਨਿਰਭਰਤਾ ਦਾ ਮਤਲਬ ਦੁਨੀਆਂ ਤੋਂ ਦੂਰ ਹੋਏ ਬਿਨਾਂ ਖ਼ੁਦ ਨੂੰ ਸਮਰੱਥ ਬਣਾਉਣਾ ਹੈ।  

ਕਰੋਨਾਵਾਇਰਸ ਮਹਾਮਾਰੀ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਡਾਕਟਰਾਂ, ਨਰਸਾਂ ਤੇ ਹੋਰ ਸਿਹਤ ਕਾਮਿਆਂ ਦਾ ਕਰਜ਼ਦਾਰ ਹੈ ਜੋ ਇਸ ਮਹਾਮਾਰੀ ਖ਼ਿਲਾਫ਼ ਲੜਾਈ ਵਿੱਚ ਲਗਾਤਾਰ ਮੂਹਰਲੀ ਕਤਾਰ ਵਿੱਚ ਹੋ ਕੇ ਲੜ ਰਹੇ ਹਨ।

ਉਨ੍ਹਾਂ ਇਸ ਵਿਸ਼ਾਲ ਚੁਣੌਤੀ ਤੋਂ ਨਜਿੱਠਣ ਲਈ ਕੇਂਦਰ ਸਰਕਾਰ ਵੱਲੋਂ ਸਮਾਂਬੱਧ ਢੰਗ ਨਾਲ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਐਨੀ ਸੰਘਣੀ ਆਬਾਦੀ ਵਾਲੇ ਦੇਸ਼ ਵਿੱਚ ਇਸ ਚੁਣੌਤੀ ਤੋਂ ਨਜਿੱਠਣ ਲਈ ਸੁਪਰ ਮਨੁੱਖੀ ਉਪਰਾਲਿਆਂ ਦੀ ਲੋੜ ਸੀ। ਚੀਨ ਦਾ ਨਾਂ ਲਏ ਬਿਨਾਂ ਰਾਸ਼ਟਰਪਤੀ ਨੇ ਕਿਹਾ, ‘‘ਅਜੋਕੇ ਸਮੇਂ ਵਿੱਚ ਜਦੋਂ ਮਨੁੱਖਤਾ ਸਾਹਮਣੇ ਕਰੋਨਾਵਾਇਰਸ ਵਰਗੀ ਵਿਸ਼ਾਲ ਚੁਣੌਤੀ ਹੈ ਤਾਂ ਇਸ ਤੋਂ ਨਜਿੱਠਣ ਲਈ ਸਾਰੀ ਦੁਨੀਆਂ ਨੂੰ ਇਕਜੁੱਟ ਹੋ ਕੇ ਲੜਾਈ ਲੜਨੀ ਚਾਹੀਦੀ ਹੈ ਪਰ ਇਸ ਦੇ ਉਲਟ ਸਾਡੇ ਗੁਆਂਢੀਆਂ ਨੇ ਵਿਸਤਾਰਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ’’ ਉਨ੍ਹਾਂ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਣ ਵਾਲੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸਾਰਾ ਦੇਸ਼ ਗਲਵਾਨ ਘਾਟੀ ਦੇ ਸ਼ਹੀਦਾਂ ਨੂੰ ਸਲਾਮ ਕਰਦਾ ਹੈ। ਹਰੇਕ ਭਾਰਤੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਅਹਿਸਾਨਮੰਦ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਅਤੇ ਅੰਦਰੂਨੀ ਸੁਰੱਖਿਆ ਯਕੀਨੀ ਬਣਾਉਣ ਲਈ ਰੱਖਿਆ ਬਲਾਂ ’ਤੇ ਮਾਣ ਹੈ। ਇਸ ਦੌਰਾਨ, ਰਾਸ਼ਟਰਪਤੀ ਨੇ ਕਿਹਾ ਕਿ ਅਯੁੱਧਿਆ ਵਿੱਚ ਸ੍ਰੀ ਰਾਮ ਜਨਮ ਭੂਮੀ ’ਤੇ ਰਾਮ ਮੰਦਰ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ ਜਾਣਾ ਸਾਰਿਆਂ ਲਈ ਮਾਣ ਵਾਲਾ ਪਲ ਸੀ।  -ਪੀਟੀਆਈ

ਲਗਾਤਾਰ ਸੱਤਵੀਂ ਵਾਰ ਲਾਲ ਕਿਲੇ ਤੋਂ ਦੇਸ਼ ਨੂੰ ਸੰਬੋਧਨ ਕਰਨਗੇ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਆਜ਼ਾਦੀ ਦਿਹਾੜੇ ਮੌਕੇ ਸੱਤਵੀਂ ਵਾਰ ਲਾਲ ਕਿਲ੍ਹੇ ਤੋਂ ਭਾਸ਼ਣ ਦੇਣਗੇ। ਕਰੋਨਾਵਾਇਰਸ ਮਹਾਮਾਰੀ, ਚੀਨ ਨਾਲ ਚੱਲ ਰਹੇ ਸਰਹੱਦ ਵਿਵਾਦ ਅਤੇ ਦੇਸ਼ ਨੂੰ ਆਤਮਨਿਰਭਰ ਬਣਾਉਣ ਦੀ ਸਰਕਾਰ ਦੀ ਪਹਿਲ ਵਿਚਾਲੇ ਸ੍ਰੀ ਮੋਦੀ ਵੱਲੋਂ ਇਹ ਭਾਸ਼ਣ ਦਿੱਤਾ ਜਾਵੇਗਾ। ਸਾਰਿਆਂ ਦੀਆਂ ਨਜ਼ਰਾਂ ਤੇ ਕੰਨ ਪ੍ਰਧਾਨ ਦੇ ਭਾਸ਼ਣ ’ਤੇ ਹੋਣਗੇ। ਸਮਾਗਮ ਮੌਕੇ ਊਹ ਹਰ ਸਾਲ ਸਰਕਾਰ ਦੀਆਂ ਉਪਲਬਧੀਆਂ ਅਤੇ ਚੁਣੌਤੀਆਂ ਦਾ ਜ਼ਿਕਰ ਕਰਦੇ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All