India Asian Games: ਭਾਰਤ 85 ਤਗਮਿਆਂ ਨਾਲ ਚੌਥੇ ਸਥਾਨ ’ਤੇ; PM Modi ਵੱਲੋਂ ਭਾਰਤੀ ਖਿਡਾਰੀਆਂ ਨੂੰ ਵਧਾਈ
ਭਾਰਤੀ ਖਿਡਾਰੀਆਂ ਨੇ ਦ੍ਰਿੜ੍ਹਤਾ, ਜਜ਼ਬੇ ਤੇ ਖੇਡ ਭਾਵਨਾ ਨਾਲ ਦੇਸ਼ ਦੀ ਨੁਮਾਇੰਦਗੀ ਕੀਤੀ: ਮੋਦੀ
India Asian Games: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨਾਗੋਆ ਏਸ਼ਿਆਈ ਖੇਡਾਂ ਵਿੱਚ ਭਾਰਤੀ ਦਲ ਦੇ ਪ੍ਰਦਰਸ਼ਨ ਲਈ ਖਿਡਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀਆਂ ਨੇ ਦ੍ਰਿੜ੍ਹਤਾ, ਜਜ਼ਬੇ ਅਤੇ ਖੇਡ ਭਾਵਨਾ ਨਾਲ ਦੇਸ਼ ਦੀ ਨੁਮਾਇੰਦਗੀ ਕੀਤੀ ਹੈ।
ਏਸ਼ਿਆਈ ਖੇਡਾਂ ਵਿੱਚ ਭਾਰਤ ਨੇ ਕੁੱਲ 85 ਤਗਮੇ ਜਿੱਤੇ, ਜਿਨ੍ਹਾਂ ਵਿੱਚ 21 ਸੋਨੇ, 27 ਚਾਂਦੀ ਅਤੇ 37 ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ ਤਗਮਾ ਸੂਚੀ ਵਿੱਚ ਚੌਥੇ ਸਥਾਨ ’ਤੇ ਰਿਹਾ। ਚੀਨ ਵਿੱਚ 2023 ਵਿੱਚ ਹੋਈਆਂ ਪਿਛਲੀਆਂ ਏਸ਼ਿਆਈ ਖੇਡਾਂ ਦੇ ਮੁਕਾਬਲੇ ਭਾਰਤ ਨੇ ਇਸ ਵਾਰ 21 ਤਗਮੇ ਘੱਟ ਜਿੱਤੇ ਹਨ।
ਪ੍ਰਧਾਨ ਮੰਤਰੀ ਨੇ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ, “ਜਿਵੇਂ ਹੀ ਏਸ਼ਿਆਈ ਖੇਡਾਂ 2026 ਸਮਾਪਤ ਹੋ ਰਹੀਆਂ ਹਨ, ਮੈਂ ਭਾਰਤੀ ਦਲ ਦੇ ਹਰ ਮੈਂਬਰ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਦ੍ਰਿੜ੍ਹਤਾ, ਜਜ਼ਬੇ ਅਤੇ ਸ਼ਾਨਦਾਰ ਖੇਡ ਭਾਵਨਾ ਨਾਲ ਸਾਡੇ ਦੇਸ਼ ਦੀ ਨੁਮਾਇੰਦਗੀ ਕੀਤੀ।”
ਮੋਦੀ ਨੇ ਸਾਰੇ ਤਗਮਾ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਪ੍ਰਦਰਸ਼ਨ ਨੇ ਪੂਰੇ ਦੇਸ਼ ਨੂੰ ਬੇਹੱਦ ਖੁਸ਼ੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਖੇਡਾਂ ਆਉਣ ਵਾਲੇ ਸਾਲਾਂ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਲਈ ਪ੍ਰੇਰਣਾ ਦੇਣ ਅਤੇ ਦੇਸ਼ ਵਿੱਚ ਜ਼ਮੀਨੀ ਪੱਧਰ ’ਤੇ ਖੇਡਾਂ ਨੂੰ ਮਜ਼ਬੂਤ ਕਰਨ ਵਿੱਚ ਵੀ ਯੋਗਦਾਨ ਪਾਉਣ।
ਨਾਗੋਆ ਵਿੱਚ ਸ਼ਾਨਦਾਰ ਸਮਾਪਤੀ ਸਮਾਰੋਹ
ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਚੱਲੇ ਏਸ਼ਿਆਈ ਖੇਡਾਂ ਦੇ ਮੁਕਾਬਲਿਆਂ ਵਿੱਚ ਏਸ਼ੀਆ ਦੇ 45 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਖੇਡਾਂ ਦੌਰਾਨ 350 ਤੋਂ ਵੱਧ ਰਿਕਾਰਡ ਬਣੇ, ਜਿਨ੍ਹਾਂ ਵਿੱਚ ਘੱਟੋ-ਘੱਟ 50 ਵਿਸ਼ਵ ਰਿਕਾਰਡ ਵੀ ਸ਼ਾਮਲ ਹਨ।
ਖੇਡਾਂ ਦੀ ਸਮਾਪਤੀ ਨਾਗੋਆ ਦੇ ਮਿਜ਼ੂਹੋ ਪਾਰਕ ਅਥਲੈਟਿਕ ਸਟੇਡੀਅਮ ਵਿੱਚ ਸ਼ਾਨਦਾਰ ਸਮਾਪਤੀ ਸਮਾਰੋਹ ਨਾਲ ਹੋਈ। ਇਸ ਦੇ ਨਾਲ ਹੀ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਚੱਲਿਆ ਖੇਡਾਂ ਦਾ ਮਹਾਕੁੰਭ ਸਮਾਪਤ ਹੋ ਗਿਆ।

