ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਸੁਪਰੀਮ ਕੋਰਟ ਜਾਵੇਗਾ ‘ਇੰਡੀਆ’ ਗਠਜੋੜ
ਰਾਹੁਲ ਗਾਂਧੀ ਨੇ ਗਿਆਨੇਸ਼ ਕੁਮਾਰ ਨੂੰ ਅਸਤੀਫ਼ਾ ਦੇਣ ਅਤੇ ਸਰਕਾਰੀ ਗਵਾਹ ਬਣਨ ਦੀ ਦਿੱਤੀ ਸਲਾਹ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ‘ਇੰਡੀਆ’ ਗਠਜੋੜ ਦੇ ਆਗੂ ਸੁਪਰੀਮ ਕੋਰਟ ਵੱਲ ਮਾਰਚ ਕਰਨਗੇ ਅਤੇ ਮੁੱਖ ਚੋਣ ਕਮਿਸ਼ਨਰ (ਸੀਈਸੀ) ਗਿਆਨੇਸ਼ ਕੁਮਾਰ ਸਮੇਤ ‘ਵੋਟ ਚੋਰੀ’ ਦੇ ਮੁੱਦੇ ਖ਼ਿਲਾਫ਼ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਨਗੇ।
ਕਾਂਗਰਸ ਦੇ ਮੁੱਖ ਦਫ਼ਤਰ ਇੰਦਰਾ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਮੁੱਖ ਚੋਣ ਕਮਿਸ਼ਨਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਸਰਕਾਰੀ ਗਵਾਹ ਬਣਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀ ਅਸਲ ਲੜਾਈ ਉਨ੍ਹਾਂ ਵੱਡੀਆਂ ਤਾਕਤਾਂ ਖ਼ਿਲਾਫ਼ ਹੈ, ਜੋ ਚੋਣ ਕਮਿਸ਼ਨਰ ਦੇ ਪਿੱਛੇ ਖੜ੍ਹੀਆਂ ਹਨ।
ਗਿਆਨੇਸ਼ ਕੁਮਾਰ ਨੂੰ ਸੰਬੋਧਨ ਹੁੰਦਿਆਂ ਉਨ੍ਹਾਂ ਕਿਹਾ, “ਅਸਤੀਫ਼ਾ ਦਿਓ ਅਤੇ ਵਾਅਦਾ ਮੁਆਫ਼ ਗਵਾਹ ਬਣੋ; ਤੁਹਾਡੇ ਤੋਂ ਗ਼ਲਤੀ ਜ਼ਰੂਰ ਹੋਈ ਹੈ, ਪਰ ਇਸ ਪਿੱਛੇ ਦਿਮਾਗ਼ ਤੁਹਾਡਾ ਨਹੀਂ ਹੈ।”
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਲੋਕਾਂ ਵਿੱਚ ਰੋਸ ਪਹਿਲਾਂ ਵੀ ਸੀ, ਪਰ ਉਹ ਸੜਕਾਂ ’ਤੇ ਨਹੀਂ ਆਇਆ ਸੀ। ਉਨ੍ਹਾਂ ਸਾਫ਼ ਕੀਤਾ ਕਿ ਇਹ ਲੜਾਈ ਹੁਣ ਥੰਮ੍ਹਣ ਵਾਲੀ ਨਹੀਂ ਹੈ, ਭਾਵੇਂ ਇਸ ਨੂੰ ਦਿਨ ਲੱਗਣ ਜਾਂ ਸਾਲ, ਇਹ ਜਾਰੀ ਰਹੇਗੀ।
ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਸਰਕਾਰ ਦੇ 200 ਅਧਿਕਾਰੀ ਉਨ੍ਹਾਂ ਦੇ ਰਾਬਤੇ ਵਿੱਚ ਹਨ ਅਤੇ ਉਨ੍ਹਾਂ ਨੂੰ ਅੰਦਰੂਨੀ ਜਾਣਕਾਰੀ ਮੁਹੱਈਆ ਕਰਵਾ ਰਹੇ ਹਨ।
‘ਇੰਡੀਆ’ ਗਠਜੋੜ ਦੇ ਆਗੂ ਸੋਮਵਾਰ ਨੂੰ ਸੁਪਰੀਮ ਕੋਰਟ ਵੱਲ ‘ਚਲੋ ਦਿੱਲੀ - ਲੋਕਤੰਤਰ ਲਈ ਮਾਰਚ’ ਕੱਢ ਰਹੇ ਹਨ। ਇਸ ਪ੍ਰਦਰਸ਼ਨ ਲਈ ਵਿਰੋਧੀ ਆਗੂ ਦੁਪਹਿਰ 1:30 ਵਜੇ ਕਨਾਟ ਪਲੇਸ-ਬਾਰਾਖੰਬਾ ਰੋਡ ਚੌਕ ’ਤੇ ਇਕੱਠੇ ਹੋਣਗੇ।

