ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਮਾਰਚ
ਬਾਲਾ ਸਾਹਿਬ ਹਸਪਤਾਲ ਅੱਜ ਇਥੇ ਸ਼ੁਰੂ ਹੋ ਗਿਆ ਹੈ। ਪੰਥ ਰਤਨ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਦੇ ਨਾਂ ’ਤੇ ਬਣਾਏ ਕਿਡਨੀ ਡਾਇਲਸਿਸ ਹਸਪਤਾਲ ਦਾ ਉਦਘਾਟਨ ਬਾਬਾ ਬਚਨ ਸਿੰਘ ਨੇ ਗੁਰਦੁਆਰਾ ਬਾਲਾ ਸਾਹਿਬ ਕੰਪਲੈਕਸ ਵਿੱਚ ਕੀਤਾ। ਇਸ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ, ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਤਖਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ, ਜਨਰਲ ਸਕੱਤਰ ਸ੍ਰੀ ਹਰਮੀਤ ਸਿੰਘ ਕਾਲਕਾ, ਕਿਸਾਨ ਆਗੂ ਰਾਕੇਸ਼ ਟਿਕੈਤ, ਰਾਜਿੰਦਰ ਸਿੰਘ ਚੱਠਾ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿੱਚ ਇੱਕ ਸਮੇਂ 101 ਮਰੀਜ਼ਾਂ ਦਾ ਡਾਇਲਸਿਸ ਹੋ ਸਕੇਗਾ ਅਤੇ 500 ਮਰੀਜ਼ ਰੋਜ਼ਾਨਾ ਡਾਇਲਸਿਸ ਕਰਵਾ ਸਕਣਗੇ। ਉਨ੍ਹਾਂ ਦੱਸਿਆ ਕਿ ਛੇਤੀ ਹੀ ਹਸਪਤਾਲ ਨੂੰ ਵਧਾ ਕੇ 1000 ਬੈੱਡਾਂ ਵਾਲਾ ਕੀਤਾ ਜਾਵੇਗਾ। ਹਸਪਤਾਲ ਵਿੱਚ ਸਾਰੀਆਂ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ। ਹਸਪਤਾਲ ਵਿੱਚ ਕੋਈ ਬਿਲਿੰਗ ਕਾਊਂਟਰ ਨਹੀਂ ਹੋਵੇਗਾ। ਇਸ ਤੋਂ ਇਲਾਵਾ ਮਰੀਜ਼ਾਂ ਤੇ ਉਨ੍ਹਾਂ ਦੇ ਨਾਲ ਆਇਆਂ ਨੂੰ ਗੁਰੂ ਕਾ ਲੰਗਰ ਛਕਾਇਆ ਜਾਵੇਗਾ।