ਕੁਲਦੀਪ ਸਿੰਘ
ਨਵੀਂ ਦਿੱਲੀ, 26 ਅਗਸਤ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਸ਼ਾਹਦਰਾ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਬਾਠ ਦੀ ਸਰਪ੍ਰਸਤੀ ਹੇਠ ਅਤੇ ਵਾਈਸ ਚੇਅਰਮੈਨ ਅਰਵਿੰਦਰ ਸਿੰਘ, ਪਰਵਿੰਦਰ ਸਿੰਘ ਲੱਕੀ, ਅਰਵਿੰਦਰ ਸਿੰਘ, ਮੈਨੇਜਰ ਦਲਵਿੰਦਰ ਸਿੰਘ ਦੇ ਮਾਰਗ ਦਰਸ਼ਨ ਵਿੱਚ ਸਕੂਲ ਪ੍ਰਿੰਸੀਪਲ ਸਤਬੀਰ ਸਿੰਘ ਨੇ ਕੋਵਿਡ-19 ਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ ‘ਆਨ ਲਾਈਨ ਕਲਾਸਾਂ’ ਪਾਠਕ੍ਰਮ ਦਾ ਬੋਝ ਘਟਾਉਂਦਿਆਂ ਸਹਾਇਕ ਗਤੀਵਿਧੀਆਂ ਦੇ ਤਹਿਤ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ‘ਆਨ ਲਾਈਨ ਪੇਂਟਿੰਗ ਮੁਕਾਬਲੇ’ ਕਰਵਾਏ।
ਪੇਂਟਿੰਗ ਦਾ ਵਿਸ਼ਾ ‘ਦੇਸ਼ਭਗਤੀ: ਇੱਕ ਭਾਰਤ ਸ੍ਰੇਸ਼ਠ ਭਾਰਤ’ ਰੱਖਿਆ ਗਿਆ। ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦਿਆਂ ਵਿਸ਼ੇ ਨਾਲ ਸੰਬੰਧਤ ਦੇਸ਼ਭਗਤੀ ਦਾ ਰੰਗ ਵਿਖਾਉਂਦੀਆਂ ਫੌਜੀਆਂ ਦੇ ਜੀਵਨ ’ਤੇ ਆਧਾਰਤ ਪੇਂਟਿੰਗ ਬਣਾਈਆਂ। ਤਸਵੀਰਾਂ ਰਾਹੀਂ ਵਿਦਿਆਰਥੀਆਂ ਨੇ ਜਿੱਥੇ ਫੌਜੀ ਜੀਵਨ ‘ਤੇ ਚਾਨਣਾ ਪਾਇਆ ਉਥੇ ਹੀ ਬੱਚਿਆਂ ਨੇ ਇਹ ਵੀ ਦਰਸਾਇਆ ਕਿ ਸਰੱਹਦ ਉਤੇ ਤਾਇਨਾਤ ਫੌਜੀ ਸਾਡੇ ਜੀਵਨ ਨੂੰ ਸੌਖਾ ਬਣਾਉਣ ਲਈ ਤੇ ਸੁਖਮਈ ਬਣਾਉਣ ਲਈ ਦਿਨ ਰਾਤ ਰਾਖੀ ਕਰਦੇ ਹਨ। ਅੱਜ ਭਾਰਤ ਦੀ ਫੌਜ ਦੁਨੀਆਂ ਦੀ ਸਭ ਤੋਂ ਚੰਗੀ ਫੌਜ ਸਿੱਧ ਹੋ ਰਹੀ ਹੈ।
ਵਿਦਿਆਰਥੀਆਂ ਨੇ ਇਹ ਵੀ ਦਰਸਾਇਆ ਕਿ ਸਾਡੇ ਫੌਜੀ ਜਵਾਨ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਬਚਾਉਣ ਲਈ ਦੁਸ਼ਮਣਾਂ ਨਾਲ ਲੋਹਾ ਲੈਂਦੇ ਹਨ ਤੇ ਹੱਸਦੇ ਹੋਏ ਆਪਣਾ ਜੀਵਨ ਤੱਕ ਕੁਰਬਾਨ ਕਰ ਜਾਂਦੇ ਹਨ। ਕੁਲਵੰਤ ਸਿੰਘ ਬਾਠ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਬੱਚਿਆਂ ਦੇ ਹੁਨਰ ਤੇ ਸੋਚ ਨੂੰ ਦੇਖਦਿਆਂ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਕੂਲੀ ਬੱਚਿਆਂ ਵਿਚ ਮੁੱਢ ਤੋਂ ਹੀ ਦੇਸ਼ ਭਗਤੀ ਦੇ ਗੁਣ ਭਰੇ ਜਾ ਰਹੇ ਹਨ। ਅਗਾਂਹ ਜਾ ਕੇ ਇਨ੍ਹਾਂ ਬੱਚਿਆਂ ਨੇ ਹੀ ਫੌਜ ਦੀ ਕਮਾਂਡ ਸਾਂਭਣੀ ਹੈ।
ਸ੍ਰੀ ਬਾਠ ਨੇ ਪ੍ਰਿੰਸੀਪਲ ਸਤਬੀਰ ਸਿੰਘ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਕਿ ਉਨ੍ਹਾਂ ਵੱਲੋਂ ‘ਕਰੋਨਾ ਮਹਾਂਮਾਰੀ’ ਵਿੱਚ ਵੀ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪੇਂਟਿੰਗ ਮੁਕਾਬਲੇ ’ਚ ਜੇਤੂ ਵਿਦਿਆਰਥੀਆਂ ਨੂੰ ਸਕੂਲ ਵੱਲੋਂ ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਆ ਜਾਵੇਗਾ।