‘ਆਪ’ ਮੰਤਰੀਆਂ ਦੇ ਹਲਕਿਆਂ ’ਚ ਭਾਜਪਾ ਨੇ ਲਾਈ ਸੰਨ੍ਹ : The Tribune India

‘ਆਪ’ ਮੰਤਰੀਆਂ ਦੇ ਹਲਕਿਆਂ ’ਚ ਭਾਜਪਾ ਨੇ ਲਾਈ ਸੰਨ੍ਹ

‘ਆਪ’ ਮੰਤਰੀਆਂ ਦੇ ਹਲਕਿਆਂ ’ਚ ਭਾਜਪਾ ਨੇ ਲਾਈ ਸੰਨ੍ਹ

ਉਮੀਦਵਾਰਾਂ ਦੀ ਜਿੱਤ ਮਗਰੋਂ ਖੁਸ਼ੀ ਮਨਾਉਂਦੇ ਹੋਏ ਭਾਜਪਾ ਵਰਕਰ। -ਫੋਟੋ: ਏਜੰਸੀ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 7 ਦਸੰਬਰ

ਦਿੱਲੀ ਨਗਰ ਨਿਗਮ ਵਿੱਚ 15 ਸਾਲ ਸੱਤਾ ਸਾਂਭਣ ਮਗਰੋਂ ‘ਆਪ’ ਤੋਂ ਹਾਰੀ ਭਾਜਪਾ ਦੇ ਉਮੀਦਵਾਰਾਂ ਨੇ ਦਿੱਲੀ ਸਰਕਾਰ ਦੇ ਮੰਤਰੀਆਂ ਦੇ ਹਲਕਿਆਂ ਵਿੱਚ ਆਉਂਦੇ ਵਾਰਡਾਂ ਵਿੱਚ ਕਈਆਂ ਅੰਦਰ ਹੂੰਝਾ ਫੇਰਿਆ ਜਾਂ ਸੂਬਾ ਸਰਕਾਰ ਚਲਾ ਰਹੀ ‘ਆਪ’ ਤੋਂ ਅੱਗੇ ਰਹੀ। ‘ਆਪ’ ਸਰਕਾਰ ਦੇ ਮੰਤਰੀਆਂ ਦੇ ਵਾਰਡਾਂ ਅੰਦਰ ਹੀ ਕਾਂਗਰਸ ਨੂੰ ਜ਼ਿਆਦਾ ਸੀਟਾਂ ਮਿਲੀਆਂ।

ਤਿਹਾੜ ਜੇਲ੍ਹ ਵਿੱਚ ਬੰਦ ਦਿੱਲੀ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਦੇ ਹਲਕੇ ਵਿੱਚ ਆਉਂਦੇ ਵਾਰਡਾਂ ਵਿੱਚ ਭਾਜਪਾ 3-0 ਨਾਲ ‘ਆਪ’ ਤੋਂ ਅੱਗੇ ਰਹੀ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਪੜਪੜਗੰਜ ਹਲਕੇ ਵਿੱਚ ਭਾਜਪਾ 2-1 ਨਾਲ ਅੱਗੇ ਸੀ। ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੌਤ ਦੇ ਹਲਕੇ ਵਿੱਚ ਭਾਜਪਾ ‘ਆਪ’ ਤੋਂ 3-0 ਨਾਲ ਮੂਹਰੇ ਰਹੀ। ਇੱਥੇ ਇੱਕ ਆਜ਼ਾਦ ਉਮੀਦਵਾਰ ਵੀ ਜਿੱਤ ਲੈ ਗਿਆ। ਵਾਤਾਵਰਨ ਮੰਤਰੀ ਗੋਪਾਲ ਰਾੲੇ ਦੇ ਹਲਕੇ ਵਿੱਚੋਂ ਭਾਜਪਾ ਨੂੰ ਜਿੱਤਾਂ ਮਿਲੀਆਂ, ਜਦੋਂਕਿ ‘ਆਪ’ ਤੇ ਕਾਂਗਰਸ ਨੂੰ ਇੱਕ-ਇੱਕ ਵਾਰਡ ਵਿੱਚ ਜਿੱਤ ਨਸੀਬ ਹੋਈ। ਸਮਾਜ ਕਲਿਆਣ ਮੰਤਰੀ ਰਾਜਿੰਦਰ ਗੌਤਮ ਦੇ ਹਲਕੇ ਵਿੱਚ ‘ਆਪ’ ਨੂੰ ਨੁਕਸਾਨ ਹੋਇਆ। ਵਕਫ਼ ਬੋਰਡ ਮਾਮਲੇ ਵਿੱਚ ਚਰਚਿਤ ਵਿਧਾਇਕ ਅਮਾਨਤਉੱਲ੍ਹਾ ਦੇ ਮੁਸਲਮਾਨ ਭਾਈਚਾਰੇ ਦੀ ਬਹੁਗਿਣਤੀ ਵਾਲੇ ਹਲਕੇ ਓਖਲਾ ਵਿੱਚ ਭਾਜਪਾ ਦੋ ਤੇ ‘ਆਪ’ ਨੂੰ ਇੱਕ ਸੀਟ ਮਿਲੀ ਜਦੋਂਕਿ ਕਾਂਗਰਸ ਇੱਥੋਂ ਦੋ ਵਾਰਡ ਜਿੱਤ ਗਈ। ਭਾਜਪਾ ਹੋਰ ਸੀਨੀਆਰ ‘ਆਪ’ ਵਿਧਾਇਕਾਂ ਆਤਿਸ਼ੀ ਦੇ ਕਾਲਕਾ ਜੀ ਤੋਂ ‘ਆਪ’ ਤੋਂ 3-0 ਅੱਗੇ ਰਹੀ। ਭਾਜਪਾ ਸੂਬਾ ਪ੍ਰਧਾਨ ਆਦੇਸ਼ ਗੁਪਤਾ ਦੇ ਹਲਕੇ ਵਿੱਚੋਂ 3 ਵਾਰਡ ‘ਆਪ’ ਜਿੱਤੀ।

ਭਾਜਪਾ ਦੇ ਦਿੱਲੀ ਦੇ ਸਾਰੇ ਸੰਸਦ ਮੈਂਬਰਾਂ ਵਿੱਚੋਂ ਪੂਰਬੀ ਦਿੱਲੀ ਦੇ ਸੰਸਦ ਮੈਂਬਰ ਗੌਤਮ ਗੰਭੀਰ ਦੇ ਹਲਕੇ ਤੋਂ ਭਾਜਪਾ ਨੇ 22 ਹਲਕੇ ਜਿੱਤੇ ਜਦੋਂਕਿ ‘ਆਪ’ ਨੂੰ 11 ਵਾਰਡਾਂ ਵਿੱਚ ਜਿੱਤ ਮਿਲੀ ਤੇ ਕਾਂਗਰਸ ਸਮੇਤ ਹੋਰ ਉਮੀਦਵਾਰ 3 ਵਾਰਡਾਂ ’ਚ ਜਿੱਤੇ। ਉੱਤਰੀ ਪੂਰਬੀ ਦਿੱਲੀ ਦੇ ਸੰਸਦ ਮਨੋਜ ਤਿਵਾੜੀ ਦੇ ਹਲਕੇ ਵਿੱਚ ਭਾਜਪਾ 21, ਆਪ’ 15 ਤੇ ਜਿੱਤ ਗਈ। ਕਾਂਗਰਸ-4 ’ਤੇ ਇੱਕ ਆਜ਼ਾਦ ਨੂੰ ਜਿੱਤ ਮਿਲੀ। ਚਾਂਦਨੀ ਚੌਕ ਜੋ ਡਾ. ਹਰਸ਼ਵਰਧਨ ਦਾ ਹਲਕਾ ਹੈ, ਵਿੱਚ ਭਾਜਪਾ 15 ਤੇ ਆਪ’ 14 ਵਾਰਡ ਜਿੱਤ ਗਈ। ਬਾਕੀ ਸੰਸਦ 6 ਮੈਂਬਰਾਂ ਦੇ ਹਲਕਿਆਂ ਵਿੱਚ ‘ਆਪ’ ਭਾਜਪਾ ਤੋਂ ਅੱਗੇ ਰਹੀ। ਮੀਨਾਕਸ਼ੀ ਲੇਖੀ ਦੇ ਨਵੀਂ ਦਿੱਲੀ ਹਲਕੇ ਵਿੱਚੋਂ ‘ਆਪ’ ਨੂੰ 25 ਤੇ ਭਾਜਪਾ ਨੂੰ 5 ਵਾਰਡਾਂ ਵਿੱਚ ਜਿੱਤ ਨਸੀਬ ਹੋਈ। ਪੱਛਮੀ ਦਿੱਲੀ ਦੇ ਪ੍ਰਵੇਸ਼ ਵਰਮਾ ਦੇ ਸੰਸਦੀ ਖੇਤਰ ਵਿੱਚੋਂ ਆਪ’ ਦੇ 24 ਉਮੀਦਵਾਰ ਜਿੱਤੇ ਜਦੋਂਕਿ ਭਾਜਪਾ ਦੇ ਹੱਥ 13 ਵਾਰਡ ਆਏ। ਦੱਖਣੀ ਦਿੱਲੀ ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ ਦੇ ਖੇਤਰ ਵਿੱਚ ‘ਆਪ’ ਦੇ 23 ਵਾਰਡਾਂ ਦੇ ਮੁਕਾਬਲੇ 13 ਵਾਰਡ ਜਿੱਤੇ ਤੇ ਇੱਕ ਜਿੱਤ ਕਾਂਗਰਸ ਦੇ ਹਿੱਸੇ ਆਈ। ਹੰਸ ਰਾਜ ਹੰਸ ਦੇ ਉੱਤਰੀ ਪੱਛਮੀ ਹਲਕੇ ਵਿੱਚੋਂ ‘ਆਪ’ ਨੂੰ 27 ਵਾਰਡ ਮਿਲੇ ਜਦੋਂਕਿ ਭਾਜਪਾ ਨੂੰ 14, ਕਾਂਗਰਸ ਤੇ ਆਜ਼ਾਦ ਨੂੰ 1-1 ਸੀਟ ਮਿਲੀ।

ਭਾਜਪਾ ਦਾ 15 ਸਾਲ ਪੁਰਾਣਾ ਕਿਲ੍ਹਾ ਫਤਹਿ ਕੀਤਾ: ਸੰਜੈ ਸਿੰਘ

‘ਆਪ’ ਦੀ ਜਿੱਤ ਤੋਂ ਸੀਨੀਅਰ ਆਗੂ ਬਾਗ਼ੋ-ਬਾਗ਼ ਹਨ ਤੇ ਉਨ੍ਹਾਂ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ। ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ 15 ਸਾਲ ਸੱਤਾ ਸਾਂਭਣ ਵਾਲੀ ਭਾਜਪਾ ਦਾ ਕਿਲ੍ਹੇ ਨੂੰ 10 ਸਾਲ ਪੁਰਾਣੀ ‘ਆਪ’ ਨੇ ਫ਼ਤਹਿ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਆਖ ਰਹੇ ਹਨ ਕਿ ਮੇਅਰ ਭਾਜਪਾ ਦਾ ਹੀ ਹੋਵੇਗਾ ਜਦੋਂਕਿ ਭਾਜਪਾ ਦੀਆਂ ਸੀਟਾਂ ਬਹੁਮਤ ਤੋਂ ਘੱਟ ਹਨ ਤੇ ‘ਆਪ’ ਦੀਆਂ ਬਹੁਮਤ ਤੋਂ ਵੱਧ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਭਾਜਪਾ ਇੱਕ ਖੋਖਾ ਪਾਰਟੀ ਹੈ। ਵੋਟਰਾਂ ਨੇ ਕੂੜੇ ਦੇ ਪਹਾੜ, ਭ੍ਰਿਸ਼ਟਾਚਾਰ ’ਤੇ ਝਾੜੂ ਚਲਾਇਆ ਹੈ। ਇਸ ਲਈ ‘ਆਪ’ ਇੱਕ ਕੱਟੜ ਇਮਾਨਦਾਰ ਪਾਰਟੀ ਹੈ। ਸੀਨੀਅਰ ਆਗੂਆਂ ਨੂੰ ਚੋਣ ਪ੍ਰਚਾਰ ਵਿੱਚ ਧੱਕਣ ਦੇ ਬਾਵਜੂਦ ਕਰਾਰੀ ਹਾਰ ਹੋਈ। ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ‘ਆਪ’ ਵਰਗੀ ਛੋਟੀ, ਗ਼ਰੀਬ, ਪੜ੍ਹੀ-ਲਿਖੀ ਤੇ ਇਮਾਨਦਾਰ ਪਾਰਟੀ ਨੇ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਨੂੰ ਮਾਤ ਦਿੱਤੀ। ਭਾਜਪਾ ਨੇ 17 ਮੁੱਖ ਮੰਤਰੀ, 100 ਤੋਂ ਵੱਧ ਸੰਸਦ ਮੈਂਬਰ, ਈਡੀ, ਸੀਬੀਆਈ, ਆਮਦਨ ਕਰ ਮਹਿਕਮਾ ਤੇ ਜੇਲ੍ਹ ਵਿੱਚ ਬੰਦ ਸੁਕੇਸ਼ ਨੂੰ ਵੀ ਸਟਾਰ ਪ੍ਰਚਾਰਕ ਬਣਾਇਆ ਕਿ ਉਹ ਹਰ ਹਾਲ ਵਿੱਚ ਕੇਜਰੀਵਾਲ ਨੂੰ ਡੱਕਣਾ ਚਾਹੁੰਦੇ ਸਨ।

ਜਨਤਾ ਨੇ ਮੋਦੀ ਦਾ ਚਿਹਰਾ ਨਕਾਰਿਆ: ਕਾਂਗਰਸ

ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ ਤੋਂ ਬਾਅਦ ਜਨਤਾ ਦੇ ਫੈਸਲੇ ਨੂੰ ਸਵੀਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਨਿਗਮ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇੱਕ ਗੱਲ ਤਾਂ ਸਪੱਸ਼ਟ ਹੋ ਗਈ ਹੈ ਕਿ ਜਿੱਥੇ ਦਿੱਲੀ ਨੇ ਮੋਦੀ ਦੇ ਚਿਹਰੇ ਨੂੰ ਨਕਾਰ ਦਿੱਤਾ ਹੈ, ਉੱਥੇ ਹੀ ਅਰਵਿੰਦ ਕੇਜਰੀਵਾਲ ਵੱਲੋਂ 230 ਸੀਟਾਂ ਜਿੱਤਣ ਦੇ ਐਲਾਨ ਦੀ ਵੀ ਫੂਕ ਨਿਕਲ ਗਈ ਹੈ। ਦਿੱਲੀ ਦੀ ਜਨਤਾ ਨੇ ਮੋਦੀ ਦੇ ਚਿਹਰੇ ਅਤੇ ਭਾਜਪਾ ਦੇ 15 ਸਾਲਾਂ ਦੇ ਰਾਜ ਨੂੰ ਨਕਾਰ ਦਿੱਤਾ ਹੈ। ਜੇਕਰ ਵਿਧਾਨ ਸਭਾ ਚੋਣਾਂ 2020 ਦੀ ਤੁਲਨਾ ਕਰੋ ਕਾਂਗਰਸ ਦੀ ਵੋਟ ਪ੍ਰਤੀਸ਼ਤਤਾ ਵਧੀ ਹੈ। ਜਦੋਂਕਿ ਆਮ ਆਦਮੀ ਪਾਰਟੀ ਦੇ ਵੋਟ ਸ਼ੇਅਰ ਵਿੱਚ 10 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਭਾਜਪਾ ਦਾ ਵੋਟ ਸ਼ੇਅਰ ਪਹਿਲਾਂ ਵਾਂਗ ਹੀ ਰਿਹਾ ਹੈ।

ਭਾਜਪਾ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਠਾਉਂਦੀ ਰਹੇਗੀ: ਆਦੇਸ਼ ਗੁਪਤਾ

ਦਿੱਲੀ ਭਾਜਪਾ ਦੇ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ, ‘‘ ਦਿੱਲੀ ਦੇ ਲੋਕਾਂ ਨੇ ਸਾਨੂੰ 104 ਵਾਰਡਾਂ ਵਿੱਚ ਕਰੀਬ 40 ਫ਼ੀਸਦੀ ਵੋਟਾਂ ਨਾਲ ਜਿਤਾ ਕੇ ਮਜ਼ਬੂਤ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਸੌਂਪੀ ਹੈ ਅਤੇ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਸਾਰੂ ਢੰਗ ਨਾਲ ਉਠਾਉਂਦੇ ਰਹਾਂਗੇ।’’ ਸ੍ਰੀ ਗੁਪਤਾ ਨੇ ਕਿਹਾ ਹੈ, ‘‘ਅਸੀਂ ਉਮੀਦ ਕਰਦੇ ਹਾਂ ਕਿ ਉਹ ਅਗਲੇ 6 ਮਹੀਨਿਆਂ ਵਿੱਚ ਦਿੱਲੀ ਦੀਆਂ ਤਿੰਨੋਂ ਲੈਂਡਫਿਲ ਸਾਈਟਾਂ ਦੀ ਸਫਾਈ ਕਰਨ ਦਾ ਆਪਣਾ ਵਾਅਦਾ ਪੂਰਾ ਕਰਨਗੇ ਤੇ ਇਸ ਦੇ ਨਾਲ ਹੀ ਆਰ.ਡਬਲਿਊ.ਏ. ਸਮੇਤ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਕੀਤੇ ਵਾਅਦੇ ਵੀ ਬਿਨਾਂ ਦੇਰੀ ਪੂਰੇ ਕੀਤੇ ਜਾਣਗੇ।’’

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All