ਨਵੀਂ ਦਿੱਲੀ: ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਸਥਾਪਤ ਸ਼ਿਵਲਿੰਗ ਦੀ ਦਿੱਖ ਵਾਲੇ ਫੁਹਾਰਿਆਂ ’ਤੇ ‘ਆਪ’ ਦੇ ਇਤਰਾਜ਼ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਸਿਰਫ ਕਲਾ ਦੇ ਨਮੂਨੇ ਹਨ ਅਤੇ ਦੇਸ਼ ਦੇ ਹਰ ਕਣ ਵਿੱਚ ਰੱਬ ਹੈ। ਸੱਤਾਧਾਰੀ ‘ਆਪ’ ਦੇ ਸੂਤਰਾਂ ਨੇ ਦਾਅਵਾ ਕੀਤਾ ਸੀ ਕਿ ਪਾਰਟੀ ਫੁਹਾਰਿਆਂ ’ਤੇ ਪੁਲੀਸ ਸ਼ਿਕਾਇਤ ਦਰਜ ਕਰਵਾਏਗੀ ਕਿਉਂਕਿ ਉਨ੍ਹਾਂ (ਐਲਜੀ) ਨੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸਕਸੈਨਾ ਨੇ ਕਿਹਾ, ‘‘ਇਹ ਬਚਕਾਨਾ ਵਿਵਹਾਰ ਹੈ।’’ ਐਲਜੀ ਨੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਦੇ ਨਾਲ ਇੱਥੇ ਪਾਲਮ ਖੇਤਰ ਦੇ ਵਿਖੇ ਤਿੰਨ ਯਕਸ਼ਿਨੀ ਮੂਰਤੀਆਂ ਦਾ ਉਦਘਾਟਨ ਕੀਤਾ। ਹਿੰਦੂ ਮਿਥਿਹਾਸ ਦੇ ਅਨੁਸਾਰ ਯਕਸ਼ੀਨੀਆਂ ਦੇਵੀਆਂ ਹਨ ਜੋ ਧਨ ਦੇ ਦੇਵਤਾ ਭਗਵਾਨ ਕੁਬੇਰ ਦੀ ਸੇਵਾ ਕਰਦੀਆਂ ਹਨ। ਦਿੱਲੀ 8 ਤੋਂ 10 ਸਤੰਬਰ ਤੱਕ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ ਅਧਿਕਾਰੀਆਂ ਅਨੁਸਾਰ ਸੁੰਦਰੀਕਰਨ ਮੁਹਿੰਮ ਦੇ ਹਿੱਸੇ ਵਜੋਂ, ਪਾਲਮ ਹਵਾਈ ਅੱਡੇ ਦੇ ਤਕਨੀਕੀ ਖੇਤਰ ਵਿੱਚ ਹਨੂੰਮਾਨ ਮੰਦਰ ਜੰਕਸ਼ਨ ’ਤੇ ਸ਼ਿਵਲਿੰਗ ਦੀ ਦਿੱਖ ਵਾਲੇ ਝਰਨੇ ਲਗਾਏ ਗਏ ਹਨ। ‘ਆਪ’ ਵੱਲੋਂ ਇਨ੍ਹਾਂ ਫੁਹਾਰਿਆਂ ਉਪਰ ਗੰਦਾ ਪਾਣੀ ਪਾਉਣ ਤੇ ਸ਼ਿਵਲਿੰਗ ਨੂੰ ਸਥਾਪਿਤ ਕਰਨ ਦੀ ਸਹੀ ਵਿਧੀ ਨਾ ਅਪਨਾਉਣ ਦਾ ਦੋਸ਼ ਵੀ ਲਾਇਆ ਹੈ। -ਪੱਤਰ ਪ੍ਰੇਰਕ