ਦਿੱਲੀ ਵਿੱਚ ਕੋਵਿਡ-19 ਨੇ ਮੁੜ ਰਫ਼ਤਾਰ ਫੜੀ

ਦਿੱਲੀ ਵਿੱਚ ਕੋਵਿਡ-19 ਨੇ ਮੁੜ ਰਫ਼ਤਾਰ ਫੜੀ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਅਗਸਤ 

ਕੌਮੀ ਰਾਜਧਾਨੀ ਦਿੱਲੀ ਵਿੱਚ ਕਰੋਨਾ ਨੇ ਮੁੜ ਰਫ਼ਤਾਰ ਫੜ ਲਈ ਹੈ ਤੇ ਬੀਤੇ ਦੋ ਦਿਨਾਂ ਤੋਂ ਸੀਲਬੰਦ ਇਲਾਕਿਆਂ ਦੀ ਗਿਣਤੀ ਵੀ ਮੁੜ ਵਧਣ ਲੱਗੀ ਹੈ। ਅੱਜ 1113 ਨਵੇਂ ਮਰੀਜ਼ ਸਾਹਮਣੇ ਆਏ ਤੇ 1021 ਮਰੀਜ਼ ਸਿਹਤਮੰਦ ਹੋ ਕੇ ਘਰਾਂ ਨੂੰ ਪਰਤ ਗਏ ਹਨ। ਜਦਕਿ ਅੱਜ ਕਰੋਨਾ ਕਾਰਨ 14 ਮੌਤਾਂ ਹੋਈਆਂ ਹਨ। ਦਿੱਲੀ ਵਿੱਚ ਹੁਣ ਤਕ ਕੁੱਲ 1,48,504 ਮਰੀਜ਼ ਸਾਹਮਣੇ ਆ ਚੁੱਕੇ ਹਨ ਤੇ ਬੀਤੇ 5 ਮਹੀਨਿਆਂ ਦੌਰਾਨ 1,33,405 ਮਰੀਜ਼ ਠੀਕ ਵੀ ਹੋਏ ਹਨ। ਕੁੱਲ 4153 ਮੌਤਾਂ ਹੋ ਚੁੱਕੀਆਂ ਹਨ। ਦਿੱਲੀ ਵਿੱਚ ਸਰਗਰਮ ਮਰੀਜ਼ 10,946 ਹਨ। ਰਾਜਧਾਨੀ ਦੇ 523 ਇਲਾਕੇ ਕਰੋਨਾ ਮਰੀਜ਼ਾਂ ਦੇ ਸਾਹਮਣੇ ਆਉਣ ਮਗਰੋਂ ਸੀਲਬੰਦ ਕੀਤੇ ਗਏ ਹਨ। 5598 ਲੋਕਾਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਦਿੱਲੀ ਵਿੱਚ ਹਸਪਤਾਲਾਂ ਵਿੱਚ 10 ਹਜ਼ਾਰ ਤੋਂ ਉਪਰ ਬਿਸਤਰੇ ਅਜੇ ਖਾਲੀ ਹਨ ਤੇ ਕੋਵਿਡ ਕੇਂਦਰਾਂ ਵਿੱਚ 5819 ਬਿਸਤਰੇ ਤੇ ਸਿਹਤ ਕੇਂਦਰਾਂ ਵਿੱਚ 377 ਬਿਸਤਰੇ ਖਾਲੀ ਹਨ। ਉਂਜ ਦਿੱਲੀ ਵਿੱਚ ਕਰੋਨਾ ਦੀ ਰਿਕਵਰੀ ਦਰ 90 ਫ਼ੀਸਦ ਤੱਕ ਪੁੱਜ ਗਈ ਹੈ। 12 ਅਗਸਤ ਨੂੰ ਦਿੱਲੀ ਵਿਚ ਕੁੱਲ 18894 ਟੈਸਟ ਕੀਤੀ ਗਏ ਜਿਨ੍ਹਾਂ ਵਿਚੋਂ 1113 ਪਾਜ਼ੇਟਿਵ ਸਨ। ਜੇ ਪਿਛਲੇ ਹਫਤੇ ਦੇ ਅੰਕੜਿਆਂ ‘ਤੇ ਨਜ਼ਰ ਮਾਰੋ, ਤਾਂ ਸੋਮਵਾਰ ਨੂੰ ਛੱਡ ਕੇ ਹਰ ਰੋਜ਼ 1000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। 5 ਅਗਸਤ ਨੂੰ, 16785 ਟੈਸਟਾਂ ਵਿਚੋਂ 1076 ਕੇਸ ਪਾਜ਼ੇਟਿਵ, 6 ਅਗਸਤ ਨੂੰ 20436 ਟੈਸਟਾਂ ਵਿਚੋਂ 1299 ਮਾਮਲੇ ਪਾਜ਼ੇਟਿਵ, 7 ਅਗਸਤ ਨੂੰ 23385 ਟੈਸਟਾਂ ਵਿਚੋਂ 1192 ਕੇਸ ਪਾਜ਼ੀਟਿਵ, 8 ਨੂੰ 24592 ਟੈਸਟਾਂ ਵਿੱਚੋਂ, 1404 ਕੇਸ ਪਾਜ਼ੇਟਿਵ, 9 ਨੂੰ 23787 ਟੈਸਟਾਂ ਵਿਚੋਂ 1300 ਮਾਮਲੇ ਪਾਜ਼ੇਟਿਵ ਤੇ 11 ਅਗਸਤ ਨੂੰ 19440 ਟੈਸਟਾਂ ਵਿਚੋਂ 1257 ਪਾਜ਼ੇਟਿਵ ਕੇਸ ਪਾਏ ਗਏ ਹਨ।

 ਟੋਹਾਣਾ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ 30 ਨਵੇਂਂ ਕਰੋਨਾ ਕੇਸ ਪਾਜ਼ੇਟਿਵ ਮਿਲੇ ਹਨ। ਫਤਿਹਾਬਾਦ ਦੇ  ਇੰਦਰਪੁਰਾ ਤੇ ਜਗਜੀਵਨਪੁਰਾ ਤੋਂ ਦੋ ਕੇਸ, ਪਿੰਡ ਕਿਰਡਾਨ ਵਿੱਚ ਪਤੀ-ਪਤਨੀ, ਕੁੱਕੜਾਵਾਲੀ  ਵਿੱਚ ਇਕ ਤੇ ਰਤੀਆ ਵਿੱਚ 11 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ। ਪਿੰਡ ਨਥਵਾਨ ਵਿੱਚ  ਏ.ਐੱਨ.ਐੱਮ, ਉਸ ਦਾ ਪਤੀ ਤੇ ਬੇਟੇ ਤੋਂ ਇਲਾਵਾ ਵਾਰਡ-17 ਵਿੱਚ ਤਿੰਨ, ਗੱਤਾ ਫੈਕਟਰੀ ਦੇ  ਦੋ ਮਜ਼ਦੂਰ, ਵਾਰਡ-2 ਤੋਂ ਇਕ ਔਰਤ ਤੇ ਵਾਰਡ-11 ਵਿੱਚੋਂ ਪਤੀ-ਪਤਨੀ ਪਾਜ਼ੇਟਿਵ ਮਿਲੇ  ਹਨ। ਟੋਹਾਣਾ ਦੀ ਜਵਾਹਰ ਗਲੀ ਵਿੱਚ ਦੋ ਤੇ ਅਫ਼ਸਰ ਕਲੋਨੀ ਵਿੱਚੋਂ ਇਕ ਔਰਤ,  ਭੂਨਾ ਵਿੱਚ 4 ਨਵੇਂਂ ਕਰੋਨਾ ਪਾਜ਼ੇਟਿਵ ਕੇਸ ਆਏ ਹਨ। ਜਾਖਲ ਤੇ ਟੋਹਾਣਾ ਦੇ ਦਿਹਾਤੀ  ਇਲਾਕੇ ਵਿੱਚ 4 ਨਵੇਂ ਕੇਸ ਆਏ ਹਨ।

ਕਰੋਨਾ ਨੇ ਤਿਉਹਾਰਾਂ ਦੇ ਰੰਗ ਫਿੱਕੇ ਕੀਤੇ

ਕੌਮੀ ਰਾਜਧਾਨੀ ਦਿੱਲੀ ਵਿੱਚ ਕਰੋਨਾ ਦੇ ਕਹਿਰ ਨੇ ਤਿਉਹਾਰਾਂ ਦੇ ਰੰਗ ਵੀ ਫਿੱਕੇ ਕਰ ਦਿੱਤੇ ਹਨ ਤੇ ਇਸ ਕਾਰਨ ਜਨਮ ਅਸ਼ਟਮੀ ਦਾ ਤਿਉਹਾਰ ਹਰ ਮੰਦਰ ਵਿੱਚ ਸਾਦਾ ਮਨਾਉਣਾ ਪਿਆ। ਵਿਸਾਖੀ ਉਪਰ ਵੀ ਕਰੋਨਾ ਦਾ ਅਸਰ ਪਿਆ ਸੀ। ਰੱਖੜੀ ਮੌਕੇ ਵੀ ਭੈਣਾਂ-ਭਰਾਵਾਂ ਦੇ ਬਲਬਲੇ ਦੱਬੇ ਰਹਿ ਗਏ। ਈਦ ਮੌਕੇ ਵੀ ਮੁਸਲਿਮ ਭਾਈਚਾਰੇ ਦਾ ਚਾਅ ਪੂਰਾ ਨਹੀਂ ਹੋ ਸਕਿਆ।  ਇਸ ਤੋਂ ਇਲਾਵਾ ਅਗਲੇ ਦਿਨਾਂ ਦੌਰਾਨ ਵੀ ਆਜ਼ਾਦੀ ਦਿਵਸ ਸਮੇਤ ਹੋਰ ਤਿਉਹਾਰ ਆਉਣ ਵਾਲੇ ਹਨ, ਜਿਸ ਕਰ ਕੇ ਦੁਕਾਨਦਾਰਾਂ ਜਾਂ ਵਪਾਰੀਆਂ ਵਿੱਚ ਬਹੁਤਾ ਉਤਸ਼ਾਹ ਫਿਲਹਾਲ ਦਿਖਾਈ ਨਹੀਂ ਦਿੰਦਾ। 

ਪਤੰਗਬਾਜ਼ ਬੇਖੌਫ਼ ਹੋਏ 

ਇਥੇ ਕਰੋਨਾਵਾਇਰਸ ਦੇ ਵਾਧੇ ਦੇ ਬਾਵਜੂਦ ਪਤੰਗਬਾਜ਼ਾਂ ਨੂੰ ਖ਼ਤਰਨਾਕ ਕੋਵਿਡ-19 ਦਾ ਖੌਫ਼ ਨਹੀਂ ਹੈ ਤੇ ਉਹ ਸਮਾਜਿਕ ਦੂਰੀਆਂ ਦੀ ਅਣਦੇਖੀ ਕਰ ਤੇ ਹੋਰ ਸਾਵਧਾਨੀਆਂ ਦੀ ਪ੍ਰਵਾਹ ਕਰਦੇ ਦੇਖੇ ਜਾ ਸਕਦੇ ਹਨ। ਪਤੰਗਾਂ ਖਰੀਦਣ ਸਮੇਂ ਉਹ ਡੋਰਾਂ, ਪਤੰਗਾਂ ਤੇ ਰੀਲਾਂ ਨੂੰ ਬਿਨਾ ਸੈਨੇਟਾਈਜ਼ ਕੀਤੇ ਇਸਤੇਮਾਲ ਕਰ ਰਹੇ ਹਨ। ਬੱਚੇ ਵੀ ਪਤੰਗਬਾਜ਼ੀ ਸਮੇਂ ਮਾਸਕਾਂ ਦੀ ਵਰਤੋਂ ਨਹੀਂ ਕਰਦੇ ਤੇ ਗੁੱਡੀਆਂ ਉਡਾਉਣ ਸਮੇਂ ਇਕ ਦੂਜੇ ਨੂੰ ਧੱਕੇ ਮਾਰਨ ਤੇ ਡੋਰਾਂ ਵਰਤਣ ਸਮੇਂ ਸਾਵਧਾਨੀਆਂ ਨਹੀਂ ਵਰਤਦੇ। ਦੱਸਣਯੋਗ ਹੈ ਕਿ ਆਜ਼ਾਦੀ ਦਿਵਸ ਦੇ ਨੇੜੇ ਦਿੱਲੀ ਵਿੱਚ ਵੱਡੀ ਪੱਧਰ ਉਪਰ ਪੁਰਾਣੇ ਇਲਾਕਿਆਂ ਅੰਦਰ ਪਤੰਗਬਾਜ਼ੀ ਹੁੰਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All