ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਪਰੈਲ
ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ ਕੇਐੱਮਪੀ ਜਾਮ ਦੌਰਾਨ ਲੋਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ। ਹਰਿਆਣਾ ਵਿੱਚ ਵੀ ਇਸਦਾ ਵੱਡਾ ਅਸਰ ਵੇਖਣ ਨੂੰ ਮਿਲਿਆ ਹੈ। ਕੇਂਦਰ-ਸਰਕਾਰ ਨੂੰ ਲੋਕ-ਰੋਹ ਅੱਗੇ ਅੱਜ ਨਹੀਂ ਤਾਂ ਕੱਲ੍ਹ ਝੁਕਣਾ ਹੀ ਪਵੇਗਾ। ਇਸ ਕਰ ਕੇ ਪ੍ਰਧਾਨ ਮੰਤਰੀ ਫੌਰੀ ਖੇਤੀ-ਕਾਨੂੰਨਾਂ, ਬਿਜਲੀ ਸੋਧ ਬਿੱਲ-2020 ਅਤੇ ਪਰਾਲੀ ਆਰਡੀਨੈਂਸ ਨੂੰ ਰੱਦ ਕਰਨ ਲਈ ਕਦਮ ਚੁੱਕਣ ਅਤੇ ਐੱਮਐੱਸਪੀ ’ਤੇ ਫ਼ਸਲਾਂ ਦੀ ਗਰੰਟੀ ਨਾਲ ਖਰੀਦ ਯਕੀਨੀ ਬਣਾਉਣ ਲਈ ਕਾਨੂੰਨ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਹਾੜੀ ਦੇ ਸੀਜ਼ਨ ਨੂੰ ਵਿਉਂਤਬੰਦੀ ਨਾਲ ਨਿਪਟਾਉਣ ਲਈ ਸਰਗਰਮੀ ਸ਼ੁਰੂ ਕੀਤੀ ਹੋਈ ਹੈ। ਸੰਯੁਕਤ ਕਿਸਾਨ ਮੋਰਚਾ ਦੇ ਸਾਰੇ ਪ੍ਰੋਗਰਾਮ ਸਫ਼ਲ ਬਣਾਉਣ ਲਈ ਤਿਆਰੀਆਂ ਜ਼ੋਰਾਂ ’ਤੇ ਹਨ। ਉਧਰ ਗਾਜ਼ੀਪੁਰ ਵਿੱਚ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਏਕਤਾ ਨੇ ਮੋਦੀ ਸਰਕਾਰ ਦੇ ਮੱਥੇ ਉਪਰ ਪਸੀਨਾ ਲਿਆ ਦਿੱਤਾ ਹੈ। ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਅਗਲੇ ਪ੍ਰੋਗਰਾਮ ਵੀ ਇਵੇਂ ਹੀ ਸਫਲ ਬਣਾਏ ਜਾਣਗੇ। ਉੱਤਰ ਪ੍ਰਦੇਸ਼ ਸਿੱਖਾਂ ਦੇ ਸੰਗਠਨ ਦੇ ਆਗੂ ਸੰਤੋਖ ਸਿੰਘ ਰੰਧਾਵਾ ਨੇ ਕਿਹਾ ਕਿ 13 ਅਪਰੈਲ ਨੂੰ ਵਿਸਾਖੀ ਮੌਕੇ ਗਾਜ਼ੀਪੁਰ ਉਪਰ ਵੀ ਸਮਾਗਮ ਕੀਤਾ ਜਾਵੇਗਾ। ਬਲਜਿੰਦਰ ਸਿੰਘ ਮਾਨ ਨੇ ਕਿਹਾ ਕਿ ਕਿਸਾਨਾਂ ਦੇ ਹੌਸਲੇ ਇਸ ਵਾਰ ਦੇ ਕੇਐੱਮਪੀ ਬੰਦ ਦੌਰਾਨ ਵੀ ਨਜ਼ਰ ਆਏ। ਅੱਜ ਕਿਸਾਨਾਂ ਨੇ ਸੀਮਾਂਤ ਮਾਰਗ ਉਪਰ ਪੈਦਲ ਚੱਲ ਕੇ ਆਪਣਾ ਗੁੱਸਾ ਜ਼ਾਹਰ ਕੀਤਾ। ਕੁੰਡਲੀ ਵਿੱਚ ਅਰਧ ਸੈਨਿਕ ਬਲ ਵੀ ਤਾਇਨਾਤ ਕੀਤੇ ਹੋਏ ਹਨ।