‘ਸਪਤ ਸਿੰਧੂ-ਪੰਜਾਬ’ ਪੁਸਤਕ ਦਾ ਉੜੀਆ ’ਚ ਅਨੁਵਾਦ ਕਰਾਂਗਾ: ਸਾਸਮਲ
ਵਿਰਾਸਤ ਸਿਖਇਜ਼ਮ ਟਰੱਸਟ ਵੱਲੋਂ ਸਾਬਕਾ ਐਡੀਸ਼ਨਲ ਸਕੱਤਰ ਦਾ ਸਨਮਾਨ
ਵਿਰਾਸਤ ਸਿਖਇਜ਼ਮ ਟਰੱਸਟ ਵੱਲੋਂ ਭਾਰਤ ਸਰਕਾਰ ਦੇ ਸਾਬਕਾ ਐਡੀਸ਼ਨਲ ਸਕੱਤਰ ਬਿਸਵਾ ਰੰਜਨ ਸਾਸਮਲ ਨੂੰ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਨਾਲ ਸਬੰਧਤ ਪੁਸਤਕਾਂ ਦੇ ਨਾਲ-ਨਾਲ ‘ਸਪਤ ਸਿੰਧੂ-ਪੰਜਾਬ’ ਅਤੇ ਪੰਜਾਬੀ ਮਾਂ ਬੋਲੀ ਦੇ ਕੈਦੇ ਵੀ ਭੇਟ ਕੀਤੇ। ਬਿਸਵਾ ਰੰਜਨ ਸਾਸਮਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਨਾਲ ਜੁੜਿਆ ਪੰਜਾਬ ਅਤੇ ਉੜੀਸਾ ਦਾ ਇਤਿਹਾਸਕ ਅਤੇ ਸੱਭਿਆਚਾਰਕ ਰਿਸ਼ਤਾ ਬੇਹੱਦ ਗਹਿਰਾ ਹੈ, ਜਿਸ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ‘ਸਪਤ ਸਿੰਧੂ-ਪੰਜਾਬ’ ਪੁਸਤਕ ਦਾ ਉੜੀਆ ਭਾਸ਼ਾ ਵਿੱਚ ਅਨੁਵਾਦ ਕਰਨਗੇ, ਤਾਂ ਜੋ ਉੜੀਆ ਭਾਸ਼ਾ ਦੇ ਪਾਠਕ ਵੀ ਪੰਜਾਬ ਦੇ ਇਤਿਹਾਸ ਅਤੇ ਗੁਰੂ ਸਾਹਿਬ ਨਾਲ ਜੁੜੀ ਵਿਰਾਸਤ ਤੋਂ ਜਾਣੂ ਹੋ ਸਕਣਗੇ। ਇਸ ਉਪਰਾਲੇ ਨਾਲ ਪੰਜਾਬ ਅਤੇ ਉੜੀਸਾ ਦੇ ਇਤਿਹਾਸਕ, ਧਾਰਮਿਕ ਅਤੇ ਸੱਭਿਆਚਾਰਕ ਸਬੰਧ ਹੋਰ ਵੀ ਮਜ਼ਬੂਤ ਹੋਣਗੇ। ਸ੍ਰੀ ਸਾਸਮਲ ਨੇ ਟਰੱਸਟ ਵੱਲੋਂ ਪੰਜਾਬੀ ਭਾਸ਼ਾ, ਸਿੱਖ ਵਿਰਾਸਤ ਅਤੇ ਸੱਭਿਆਚਾਰ ਦੀ ਸੰਭਾਲ ਅਤੇ ਪ੍ਰਚਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਟਰੱਸਟ ਦੇ ਮੁੱਢਲੇ ਮੈਂਬਰ ਵਿੱਚ ਉੜੀਆ ਭਾਸ਼ਾ ਦੇ ਪ੍ਰਸਿੱਧ ਫਿਲਮ ਨਿਰਦੇਸ਼ਕ ਅਵਤਾਰ ਸਿੰਘ ਭੁਰਜੀ ਵੀ ਸ਼ਾਮਲ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਉੜੀਆ-ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨਾਲ ਸਬੰਧਤ ਹੋਰ ਪ੍ਰਾਜੈਕਟਾਂ ’ਤੇ ਟਰੱਸਟ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ।
ਟਰੱਸਟ ਦੇ ਚੇਅਰਮੈਨ ਰਜਿੰਦਰ ਸਿੰਘ ਵਿਰਾਸਤ ਨੇ ਸ੍ਰੀ ਸਾਸਮਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਂ-ਬੋਲੀ ਪੰਜਾਬੀ ਪ੍ਰਤੀ ਪਿਆਰ ਅਤੇ ਪੰਜਾਬੀ ਸਾਹਿਤ ਨੂੰ ਉੜੀਆ ਭਾਸ਼ਾ ਦੇ ਪਾਠਕਾਂ ਤੱਕ ਪਹੁੰਚਾਉਣ ਦਾ ਉਨ੍ਹਾਂ ਦਾ ਉਪਰਾਲਾ ਸ਼ਲਾਘਾਯੋਗ ਹੈ। ਅਜਿਹੇ ਯਤਨ ਭਾਰਤ ਦੀ ਭਾਸ਼ਾਈ ਵਿਭਿੰਨਤਾ, ਸਾਂਝੀ ਵਿਰਾਸਤ ਅਤੇ ਆਪਸੀ ਸੱਭਿਆਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਟਰੱਸਟ ਦੇ ਅੰਤਰਿਮ ਮੈਂਬਰ ਮਜਿੰਦਰ ਕੌਰ, ਹਰਪ੍ਰੀਤ ਸਿੰਘ ਅਤੇ ਹੋਰ ਮੌਜੂਦ ਸਨ।

