ਦੁਕਾਨ ’ਚ ਅੱਗ ਲੱਗਣ ਕਾਰਨ ਪਤੀ-ਪਤਨੀ ਦੀ ਮੌਤ
ਦਿੱਲੀ ਦੇ ਟਿੱਕਰੀ ਕਲਾਂ ਵਿੱਚ ਇੱਕ ਦੁਕਾਨ ਵਿੱਚ ਅੱਗ ਲੱਗਣ ਦੌਰਾਨ ਦਮ ਘੁੱਟਣ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ। ਘਟਨਾ ਦੌਰਾਨ ਦੋਵੇਂ ਸ਼ਟਰ ਵਿੱਚ ਫਸ ਗਏ ਅਤੇ ਬਚਾਅ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਵਿਨੀਤ (31) ਅਤੇ ਉਸਦੀ ਪਤਨੀ ਰੇਣੂ (29) ਵਜੋਂ ਹੋਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਟਿਕਰੀ ਕਲਾਂ ਵਿੱਚ ਪਤੀ-ਪਤਨੀ ਕਰਿਆਨੇ ਦੀ ਦੁਕਾਨ ਚਲਾਉਂਦੇ ਸਨ। ਅੱਗ ਲੱਗਣ ਦੀ ਘਟਨਾ ਦੌਰਾਨ ਉਹ ਦੁਕਾਨ ਦੇ ਅੰਦਰ ਫਸ ਗਏ ਅਤੇ ਦਮ ਘੁੱਟਣ ਕਾਰਨ ਦੋਵਾਂ ਦੀ ਮੌਤ ਹੋ ਗਈ। ਇਹ ਘਟਨਾ ਬੀਤੀ ਦੇਰ ਰਾਤ ਦੀ ਹੈ। ਸਥਾਨਕ ਲੋਕਾਂ ਨੇ ਦੁਕਾਨ ਅੰਦਰੋਂ ਧੂੰਆਂ ਨਿਕਲਦਾ ਦੇਖਿਆ ਅਤੇ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਦੀ ਟੀਮ ਘਟਨਾ ਸਥਾਨ ਪੁੱਜੀ। ਦੁਕਾਨ ਦਾ ਸ਼ਟਰ ਖੋਲ੍ਹਿਆ। ਅੰਦਰ ਧੂੰਆਂ ਫੈਲਿਆ ਹੋਇਆ ਸੀ। ਇਸ ਮਗਰੋਂ ਉਨ੍ਹਾਂ ਨੂੰ ਬਹਾਦਰਗੜ੍ਹ ਦੇ ਆਸਕਰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮੁੱਢਲੀ ਜਾਂਚ ਤੋਂ ਜਾਪਦਾ ਹੈ ਕਿ ਅੱਗ ਦੁਕਾਨ ਦੇ ਕਾਊਂਟਰ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ ਹੋ ਸਕਦੀ ਹੈ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨੇੜੇ ਸਟੋਰ ਕੀਤੇ ਪਲਾਸਟਿਕ ਪੈਕੇਟਾਂ ਦੀ ਮੌਜੂਦਗੀ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਉਨ੍ਹਾਂ ਕਿਹਾ ਕਿ ਜੋੜੇ ਨੇ ਬਾਹਰ ਨਿਕਲਣ ਲਈ ਸ਼ਟਰ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਅਤੇ ਉਹ ਅੰਦਰ ਫਸ ਗਏ ਅਤੇ ਦਮ ਘੁਟਣ ਕਾਰਨ ਮੌਤ ਹੋ ਗਈ। ਪੁਲੀਸ ਨੇ ਕਿਹਾ ਕਿ ਅਪਰਾਧ ਟੀਮ ਅਤੇ ਫਾਇਰ ਬ੍ਰਿਗੇਡ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
