ਦਿੱਲੀ ਦੇ ਬਾਜ਼ਾਰਾਂ ’ਚ ਭੀੜ ਤੋਂ ਹਾਈ ਕੋਰਟ ਖਫ਼ਾ

ਕੇਜਰੀਵਾਲ ਸਰਕਾਰ ਨੂੰ ਸਖਤ ਹਦਾਇਤ; ਪੁਲੀਸ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ

ਦਿੱਲੀ ਦੇ ਬਾਜ਼ਾਰਾਂ ’ਚ ਭੀੜ ਤੋਂ ਹਾਈ ਕੋਰਟ ਖਫ਼ਾ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਜੂਨ

ਦਿੱਲੀ ਦੇ ਬਾਜ਼ਾਰਾਂ ਵਿੱਚ ਆਮ ਲੋਕਾਂ ਦੀ ਭੀੜ ਤੋਂ ਖਫ਼ਾ ਦਿੱਲੀ ਹਾਈ ਕੋਰਟ ਨੇ ਸਖ਼ਤ ਟਿੱਪਣੀਆਂ ਕਰਦੇ ਹੋਏ ਪ੍ਰਸ਼ਾਸਨ ਤੇ ਅਥਾਰਟੀਆਂ ਨੂੰ ਸਖ਼ਤ ਕਦਮ ਪੁੱਟਣ ਦੀ ਹਦਾਇਤ ਕੀਤੀ ਹੈ। ਹਾਈ ਕੋਰਟ ਵੱਲੋਂ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਸਮੇਤ ਦਿੱਲੀ ਪੁਲੀਸ ਨੂੰ ਨੋਟਿਸ ਜਾਰੀ ਕਰਕੇ ਸਥਿਤੀ ਰਿਪੋਰਟ ਮੰਗੀ ਗਈ ਹੈ ਤੇ ਲੋਕਾਂ ਦੇ ਕਰੋਨਾ ਨੂੰ ਲੈ ਕੇ ਵਿਹਾਰ ਉਪਰ ਉਜਰ ਕੀਤਾ ਹੈ। ਹਾਈ ਕੋਰਟ ਨੇ ਬਾਜ਼ਾਰਾਂ ਦੀ ਉਨ੍ਹਾਂ ਤਸਵੀਰਾਂ ਤੇ ਵੀਡੀਓਜ਼ ਨੂੰ ਦੇਖ ਕੇ ਖ਼ੁਦ ਹੀ ਧਿਆਨ ਦਿੱਤਾ ਹੈ। ਕੋਵਿਡ ਨੇਮਾਂ ਦੀਆਂ ਧੱਜੀਆਂ ਉੱਡਦੀਆਂ ਦੇਖ ਕੇ ਅਦਾਲਤ ਨੇ ਕੋਵਿਡ-19 ਨਾਲ ਜੁੜੀਆਂ ਹਦਾਇਤਾਂ ਬਾਰੇ ਦਿੱਲੀ ਸਰਕਾਰ ਦੇ ਅਧਿਕਾਰੀਆਂ ਨੂੰ ਸਖ਼ਤ ਕਦਮ ਪੁੱਟਣ ਤੇ ਦੁਕਾਨਦਾਰਾਂ ਨੂੰ ਜਾਗਰੂਕ ਕਰਨ ਲਈ ਕਿਹਾ।

ਜਸਟਿਸ ਨਵੀਨ ਚਾਵਲਾ ਤੇ ਜਸਟਿਸ ਆਸ਼ਾ ਮੈਨਨ ਦੇ ਛੁੱਟੀਆਂ ਦੇ ਬੈਂਚ ਵੱਲੋਂ ਭੀੜ ਨਾਲ ਭਰੇ ਬਾਜ਼ਾਰਾਂ ਦੀਆਂ ਤਸਵੀਰਾਂ ਦੇਖ ਕੇ ਨਰਾਜ਼ਗੀ ਪ੍ਰਗਟਾਈ ਗਈ ਤੇ ਲਾਪ੍ਰਵਾਹ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਦੂਜੀ ਲਹਿਰ ਦੌਰਾਨ ਉਠਾਏ ਨੁਕਸਾਨ ਤੋਂ ਜੇਕਰ ਲੋਕਾਂ ਨੇ ਸਬਕ ਨਹੀਂ ਸਿੱਖਿਆ ਤਾਂ ਕਰੋਨਾ ਦੀ ਤੀਜੀ ਲਹਿਰ ਵੀ ਆਵੇਗੀ ਤੇ ਮੁੜ ਜਾਨ ਤੇ ਮਾਲ ਦਾ ਨੁਕਸਾਨ ਹੋਵੇਗਾ। ਬੈਂਚ ਵੱਲੋਂ ਚਿੰਤਾ ਪ੍ਰਗਟਾਈ ਗਈ ਕਿ ਲੋਕ ਤਾਂ ਲਾਪ੍ਰਵਾਹ ਹਨ ਪਰ ਪ੍ਰਸ਼ਾਸਨ ਵੀ ਲੋੜੀਂਦੇ ਕਦਮ ਨਹੀਂ ਉਠਾ ਰਿਹਾ। ਇਸ ਮਾਮਲੇ ਦੀ ਅਗਲੀ ਸੁਣਵਾਈ ਚੀਫ਼ ਜਸਟਿਸ ਸਾਹਮਣੇ ਹੋਵੇਗੀ। ਹਾਈ ਕੋਰਟ ਨੇ ਟਿੱਪਣੀ ਕੀਤੀ ਕਿ ਲੋਕ ਢੰਗ ਨਾਲ ਮਾਸਕ ਨਹੀਂ ਪਾਉਂਦੇ ਤੇ ਨਾ ਹੀ ਭੀੜ ਵਾਲੀਆਂ ਥਾਵਾਂ ਉਪਰ ਸਮਾਜਕ ਦੂਰੀਆਂ ਦੇ ਨੇਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਵਕੀਲ ਸੰਜੀਵ ਨੇ ਚਾਂਦਨੀ ਚੌਕ ਵਿੱਚ ਲੱਗੀ ਭੀੜ ਦਾ ਜ਼ਿਕਰ ਕੀਤਾ ਕਿ ਹਰ ਦੁਕਾਨ ਅੱਗੇ ਭੀੜ ਸੀ। ਇਹੀ ਹਾਲ ਰੋਹਿਣੀ ਅਦਾਲਤ ਤੇ ਰਜਿਸਟਰਾਰ ਦਫ਼ਤਰ ਬਾਰੇ ਇੱਕ ਵਕੀਲ ਨੇ ਬਿਆਨਿਆ। ਸਰਕਾਰੀ ਦਫ਼ਤਰਾਂ ਵਿੱਚ ਥਾਂ-ਥਾਂ ਭੀੜ ਦੇਖੀ ਜਾ ਸਕਦੀ ਹੈ।

ਡਾਕਟਰਾਂ ਦੀ ਡਿਗਰੀ ਜਨਤਕ ਕਰਨ ਦੀ ਮੰਗ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਚਲਾਏ ਜਾ ਰਹੇ ਕੋਵਿਡ ਸੈਂਟਰ ਵਿੱਚ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਦੀ ਡਿਗਰੀ ਉੱਤੇ ਜਾਗੋ ਪਾਰਟੀ ਨੇ ਸਵਾਲ ਚੁੱਕੇ ਹਨ। ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤਿੰਦਰ ਜੈਨ ਤੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਸਬੰਧਿਤ ਡਾਕਟਰਾਂ ਦੀ ਐਮਬੀਬੀਐਸ ਦੀ ਡਿਗਰੀ ਜਨਤਕ ਕਰਨ ਦੀ ਮੰਗ ਕੀਤੀ ਹੈ। ਜੀਕੇ ਨੇ ਦਾਅਵਾ ਕੀਤਾ ਕਿ ਦਿੱਲੀ ਕਮੇਟੀ ਨੇ ਉਕਤ ਨਕਲੀ ਡਾਕਟਰਾਂ ਦੀ ਵਿਵਸਥਾ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ (ਆਈ.ਐਚ.ਆਰ.ਓ.) ਰਾਹੀਂ ਕੀਤੀ ਹੈ। ਜੀਕੇ ਨੇ ਦਾਅਵਾ ਕੀਤਾ ਕਿ ਇਸ ਸੰਸਥਾ ਦੇ ਪ੍ਰਧਾਨ ਨੇਮ ਸਿੰਘ ਪ੍ਰੇਮੀ, ਡਾਇਰੈਕਟਰ ਰਾਜੇਸ਼ ਤਜਾਨੀਆ ਅਤੇ ਮੁੱਖ ਕਰਤਾ-ਧਰਤਾ ਰਣਜੀਤ ਵਰਮਾ ਆਪਣੇ ਨਾਮ ਦੇ ਅੱਗੇ ਡਾਕਟਰ ਲਿਖਦੇ ਹਨ ਪਰ ਜਦੋਂ ਉਨ੍ਹਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਵੈਬਸਾਈਟ ਉੱਤੇ ਜਾ ਕੇ ਇਨ੍ਹਾਂ ਤੇ ਸਾਥੀਆਂ ਦੇ ਨਾਮ ਵੇਖੇ ਤਾਂ ਕੋਈ ਵੀ ਇਨ੍ਹਾਂ ਵਿਚੋਂ ਉੱਥੇ ਐਮਬੀਬੀਐਸ ਡਾਕਟਰ ਦੇ ਤੌਰ ਉੱਤੇ ਮੌਜੂਦ ਨਹੀਂ ਹਨ।

ਦਿੱਲੀ ’ਚ ਕਰੋਨਾ ਦੇ 165 ਨਵੇਂ ਕੇਸ; 14 ਮੌਤਾਂ

ਸਿਹਤ ਵਿਭਾਗ ਨੇ ਦੱਸਿਆ ਹੈ ਕਿ ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ ਕੋਵਿਡ -19 ਬਿਮਾਰੀ ਦੇ 165 ਨਵੇਂ ਮਾਮਲੇ ਆਏ ਹਨ ਤੇ 14 ਮੌਤਾਂ ਹੋਈਆਂ ਹਨ। ਬੁਲੇਟਿਨ ਵਿਚ ਦੱਸਿਆ ਗਿਆ ਹੈ ਕਿ ਇਸ ਦੇ ਨਾਲ ਹੀ ਦਿੱਲੀ ਵਿਚ ਕੋਵਿਡ -19 ਦੇ ਮਾਮਲੇ ਵਧ ਕੇ 1,432,033 ਹੋ ਗਏ ਹਨ, ਜਿਨ੍ਹਾਂ ਵਿਚ ਮਰਨ ਵਾਲਿਆਂ ਦੀ ਗਿਣਤੀ 24,900 ਹੈ। ਪਾਜ਼ੇਟਿਵ ਦਰ 0.22 ਦੱਸੀ ਗਈ ਹੈ। ਇਸ ਅਰਸੇ ਦੌਰਾਨ ਕੀਤੇ ਗਏ 76,480 ਟੈਸਟਾਂ ਨਾਲ, ਰਾਜਧਾਨੀ ਨੇ 0.22% ਦੀ ਟੈਸਟ ਪਾਜ਼ੇਟੀਵਿਟੀ ਦਰ ਦਰਜ ਕੀਤੀ। ਦਿੱਲੀ ਦੇ ਨਵੇਂ ਕੋਵਿਡ -19 ਕੇਸਾਂ, ਮੌਤਾਂ ਤੇ ਸਕਾਰਾਤਮਕ ਦਰਾਂ ਵਿਚ ਪਿਛਲੇ 24 ਘੰਟਿਆਂ ਦੀ ਮਿਆਦ ਤੋਂ ਥੋੜ੍ਹੀ ਜਿਹੀ ਵਾਧਾ ਹੋਇਆ ਜਦੋਂ ਇਹ ਕ੍ਰਮਵਾਰ 158, 10 ਤੇ 0.20% ਰਿਹਾ। ਸਿਹਤ ਬੁਲੇਟਿਨ ਅਨੁਸਾਰ ਹੁਣ ਤੱਕ ਸ਼ਹਿਰ ਵਿੱਚ ਕੁੱਲ 20,626,314 ਟੈਸਟ ਕੀਤੇ ਜਾ ਚੁੱਕੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All