ਦਿੱਲੀ ਵਿੱਚ ਭਾਰੀ ਮੀਂਹ ਪੈਣ ਨਾਲ ਜ਼ਿੰਦਗੀ ਦੀ ਰਫ਼ਤਾਰ ਰੁਕੀ

ਦਿੱਲੀ ਵਿੱਚ ਭਾਰੀ ਮੀਂਹ ਪੈਣ ਨਾਲ ਜ਼ਿੰਦਗੀ ਦੀ ਰਫ਼ਤਾਰ ਰੁਕੀ

ਮੀਂਹ ਕਾਰਨ ਦਿੱਲੀ ਦੇ ਲਾਲ ਕਿਲ੍ਹੇ ਅੱਗੇ ਖਡ਼੍ਹਿਆ ਬਰਸਾਤੀ ਪਾਣੀ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਗਸਤ

ਦਿੱਲੀ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚ ਦਿਨ ਭਰ ਪਏ ਮੀਂਹ ਕਾਰਨ ਕੌਮੀ ਰਾਜਧਾਨੀ ਦਿੱਲੀ ਦੀਆਂ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ ਤੇ ਥਾਂ-ਥਾਂ ਲੋਕ ਟ੍ਰੈਫਿਕ ਜਾਮ ਵਿੱਚ ਫਸ ਗਏ। ਹਾਲਾਂ ਕਿ ਮੌਜੂਦਾ ਸੀਜ਼ਨ ਵਿੱਚ ਹੁਣ ਤੱਕ ਦਿੱਲੀ ਅੰਦਰ ਬੀਤੇ 10 ਸਾਲਾਂ ਦੇ ਮੁਕਾਬਲੇ ਸਭ ਤੋਂ ਘੱਟ ਮੀਂਹ ਪਿਆ ਹੈ ਪਰ ਅੱਜ ਪਏ ਮੀਂਹ ਨੇ ਦਿੱਲੀ ਦੇ ਕਈ ਨੀਵੇਂ ਇਲਾਕੇ ਪਾਣੀ ਨਾਲ ਭਰ ਦਿੱਤੇ। ਇਸ ਹਾਲਤ ਮਗਰੋਂ ਸਿਆਸੀ ਧਿਰਾਂ ਨੂੰ ਦਿੱਲੀ ਸਰਕਾਰ ਨੂੰ ਘੇਰਨ ਦਾ ਇਕ ਹੋਰ ਮੌਕਾ ਮਿਲ ਗਿਆ ਹੈ। ਮੌਸਮ ਮਹਿਕਮੇ ਮੁਤਾਬਕ ਆਇਆਨਗਰ ਮੌਸਮ ਕੇਂਦਰ ਵਿਖੇ 99.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਤੇ ਪਾਲਮ ਅਤੇ ਰਿਜ ਖੇਤਰਾਂ ਵਿੱਚ ਕ੍ਰਮਵਾਰ 93.6 ਮਿਲੀਮੀਟਰ ਮੀਂਹ ਰਿਕਾਰਡ ਹੋਇਆ। ਸਫ਼ਦਰਜੰਗ ਮੌਸਮ ਕੇਂਦਰ ਵਿੱਚ ਮੀਂਹ ਦੀ ਮਾਤਰਾ 68 ਮਿਲੀਮੀਟਰ ਦਰਜ ਕੀਤੀ ਗਈ। ਅੱਜ ਪਏ ਭਰਵੇਂ ਮੀਂਹ ਨੇ ਦਿੱਲੀ ਸਰਕਾਰ, ਦਿੱਲੀ ਨਗਰ ਨਿਗਮ ਤੇ ਹੋਰ ਸਬੰਧਤ ਅਥਾਰਿਟੀਆਂ ਦੇ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ।

ਅੱਜ ਕਈ ਇਲਾਕਿਆਂ ਵਿੱਚ ਪਾਣੀ ਲੋਕਾਂ ਦੇ ਘਰਾਂ ਤੱਕ ਪੁੱਜ ਗਿਆ। ਪਿੰਡ ਖੇਅਰਾ ਕੋਲ ਜ਼ਮੀਨ ਦਾ ਕੁੱਝ ਹਿੱਸਾ ਧੱਸ ਗਿਆ ਜਿਸ ਕਰਕੇ ਆਵਾਜਾਈ ਵਿੱਚ ਵਿਘਨ ਪਿਆ। ਅਕਸ਼ਰਥਾਮ ਮਾਰਗ ਉਪਰ ਵੀ ਗੱਡੀਆਂ ਦੀ ਲੰਬੀ ਕਤਾਰ ਦੇਖੀ ਗਈ। ਰਾਜਾ ਗਾਰਡਨ ਤੇ ਮਾਇਆਪੁਰੀ ਇਲਾਕੇ, ਕਮਲਾ ਨਗਰ, ਸਦਰ ਬਾਜ਼ਾਰ ਤੇ ਚਾਂਦਨੀ ਚੌਕ ਸਮੇਤ ਦਿੱਲੀ ਦੇ ਅੰਦਰੂਨੀ ਹਿੱਸੇ ਪਾਣੀ ਨਾਲ ਭਰ ਗਏ। ਆਈਟੀਓ ਵਿਖੇ ਲੋਕਾਂ ਨੂੰ ਜਾਮ ਕਾਰਨ ਪ੍ਰੇਸ਼ਾਨੀ ਹੋਈ।

ਐਨਸੀਆਰ ਵਿਚ ਵੀ ਟ੍ਰੈਫਿਕ ਜਾਮ

ਫਰੀਦਾਬਾਦ (ਕੁਲਵਿੰਦਰ ਕੌਰ) : ਅੱਜ ਐਨਸੀਆਰ ਦੇ ਇਲਾਕਿਆਂ ਵਿੱਚ ਵੀ ਭਾਰੀ ਮੀਂਹ ਪਿਆ। ਗੁਰੂਗ੍ਰਾਮ ਦੇ ਮਾਤਾ ਮੰਦਰ ਮਾਰਗ ਉਪਰ ਪਾਣੀ ਭਰਨ ਮਗਰੋਂ ਜਾਮ ਵਾਲੀ ਹਾਲਤ ਬਣ ਗਈ। ਇਸੇ ਤਰ੍ਹਾਂ ਬਦਰਪੁਰ ਬਾਰਡਰ ’ਤੇ ਕੌਮੀ ਸ਼ਾਹ ਰਾਹ-2 ਉਪਰ ਕਈ ਥਾਵਾਂ ਉਪਰ ਟ੍ਰੈਫਿਕ ਸੁਸਤ ਚੱਲਿਆ। ਨੀਲਮ ਤੇ ਬਾਟਾ ਚੌਕ ਫਰੀਦਾਬਾਦ ਵਿਖੇ ਆਵਾਜਾਈ ਉਪਰ ਅਸਰ ਪਿਆ।

ਗੌਤਮ ਗੰਭੀਰ ਵੱਲੋਂ ਕੇਜਰੀਵਾਲ ’ਤੇ ਸ਼ਬਦੀ ਹਮਲਾ

ਦਿੱਲੀ (ਪੱਤਰ ਪ੍ਰੇਰਕ): ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਦਿੱਲੀ ਦੇ ਕਈ ਹਿੱਸਿਆਂ ਵਿੱਚ ਪਾਣੀ ਭਰਨ ਕਾਰਨ ਦਿੱਲੀ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਇਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਲੋਕ ਮੀਂਹ ਦੇ ਪਾਣੀ ਨਾਂਲ ਜੂਝ ਰਹੇ ਸਨ। ਗੰਭੀਰ ਨੇ ਕਿਹਾ ਕਿ ਇਹ 14ਵੀਂ ਸਦੀ ਦੇ ਤੁਗਲਕ ਦੀ ਦਿੱਲੀ ਨਹੀਂ ਬਲਕਿ ਇਹ 21ਵੀਂ ਸਦੀ ਦੇ ਤੁਗਲਕ ਦੀ ਹੈ। ਗੌਤਮ ਗੰਭੀਰ ਪਹਿਲਾਂ ਵੀ ਕੇਜਰੀਵਾਲ ਸਰਕਾਰ ਉਪਰ ਟਿੱਪਣੀਆਂ ਲਈ ਚਰਚਾ ਵਿੱਚ ਰਹਿੰਦੇ ਆਏ ਹਨ। ਦੂਜੇ ਪਾਸੇ ਤਿਲਕ ਨਗਰ ਤੋਂ ‘ਆਪ’ ਦੇ ਆਗੂਆਂ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਗੌਤਮ ਦਿੱਲੀ ਨਗਰ ਨਿਗਮਾਂ ਦੀ ਕਾਰਗੁਜ਼ਾਰੀ ਵੱਲ ‘ਗੰਭੀਰ’ ਹੁੰਦੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All