ਭਾਰੀ ਮੀਂਹ ਕਾਰਨ ਦਿੱਲੀ ਹਵਾਈ ਅੱਡੇ ਸਮੇਤ ਵੱਖ-ਵੱਖ ਥਾਵਾਂ 'ਤੇ ਭਰਿਆ ਪਾਣੀ
ਮੁੱਖ ਮੰਤਰੀ ਰੇਖਾ ਗੁਪਤਾ ਨੇ ਲਿਆ ਵੱਖ-ਵੱਖ ਇਲਾਕਿਆਂ ਦਾ ਜਾਇਜ਼ਾ
ਦਿੱਲੀ ਵਿੱਚ ਸ਼ਨਿੱਚਰਵਾਰ ਨੂੰ ਪਏ ਭਾਰੀ ਮੀਂਹ ਕਾਰਨ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਅਤੇ ਮਹੀਪਾਲਪੁਰ ਸਮੇਤ ਕਈ ਖੇਤਰਾਂ ਵਿੱਚ ਪਾਣੀ ਭਰ ਗਿਆ।
ਮੀਂਹ ਕਾਰਨ ਭਰੇ ਪਾਣੀ ਨਾਲ ਅਗਲੇ ਹਫ਼ਤੇ ਹੋਣ ਵਾਲੇ ਬ੍ਰਿਕਸ ਸਿਖ਼ਰ ਸੰਮੇਲਨ ਦੀਆਂ ਤਿਆਰੀਆਂ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ। ਬ੍ਰਿਕਸ ਸਿਖ਼ਰ ਸੰਮੇਲਨ ਦਾ ਆਯੋਜਨ 12 ਅਤੇ 13 ਸਤੰਬਰ ਨੂੰ ਭਾਰਤ ਮੰਡਪਮ ਵਿੱਚ ਹੋਣਾ ਹੈ।
ਮੀਂਹ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਹਵਾਈ ਅੱਡੇ ਦਾ ਰਸਤਾ ਵੀ ਸ਼ਾਮਲ ਰਿਹਾ। ਕਈ ਲੋਕਾਂ ਨੂੰ ਗੋਡਿਆਂ ਤੱਕ ਭਰੇ ਪਾਣੀ ਵਿੱਚੋਂ ਲੰਘਦੇ ਦੇਖਿਆ ਗਿਆ, ਜਦੋਂ ਕਿ ਇੱਕ ਆਟੋ ਰਿਕਸ਼ਾ ਲਗਪਗ ਡੁੱਬ ਗਿਆ।
ਮੀਂਹ ਦੇ ਭਰੇ ਪਾਣੀ ਵਿਚਕਾਰ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ਨਿੱਚਰਵਾਰ ਨੂੰ ਪੂਰਬੀ ਦਿੱਲੀ ਦੇ ਸਦਭਾਵਨਾ ਪਾਰਕ ਦੇ ਕੋਲ ਪ੍ਰਭਾਵਿਤ ਇਲਾਕਿਆਂ ਦਾ ਅਚਨਚੇਤ ਨਿਰੀਖਣ ਕੀਤਾ।
ਉਨ੍ਹਾਂ ਨੇ ਪਾਣੀ ਦੀ ਨਿਕਾਸੀ ਵਿਵਸਥਾ ਅਤੇ ਲਗਾਤਾਰ ਪੈ ਰਹੇ ਮੀਂਹ ਤੋਂ ਪੈਦਾ ਹੋ ਰਹੀਆਂ ਪਰੇਸ਼ਾਨੀਆਂ ਦੀ ਜਾਣਕਾਰੀ ਲਈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਵੱਖ-ਵੱਖ ਇਲਾਕਿਆਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਜਮ੍ਹਾਂ ਪਾਣੀ ਨੂੰ ਜਲਦੀ ਤੋਂ ਜਲਦੀ ਕੱਢਣ ਲਈ ਪੰਪ ਅਤੇ ਹੋਰ ਜ਼ਰੂਰੀ ਸਾਧਨ ਤੁਰੰਤ ਲਗਾਏ ਜਾਣ।
ਰਾਜਧਾਨੀ ਵਿੱਚ ਸ਼ੁੱਕਰਵਾਰ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਸ਼ੁੱਕਰਵਾਰ ਨੂੰ ਭਾਰੀ ਮੀਂਹ ਤੋਂ ਬਾਅਦ ਪਾਲਮ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਘਰੇਲੂ ਟਰਮੀਨਲ ਨਾਲ ਜੋੜਨ ਵਾਲਾ ਦਵਾਰਿਕਾ ਅੰਡਰਪਾਸ ਅਤੇ ਟਰਮੀਨਲ-3 ਦੇ ਆਸਪਾਸ ਦੇ ਇਲਾਕਿਆਂ ਵਿੱਚ ਪਾਣੀ ਭਰ ਗਿਆ ਸੀ। ਲੋਕ ਨਿਰਮਾਣ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦਵਾਰਕਾ ਅੰਡਰਪਾਸ ਤੋਂ ਪਾਣੀ ਕੱਢਣ ਲਈ ਅਸਥਾਈ ਪੰਪ ਲਗਾਏ ਗਏ ਸਨ।
ਉੱਥੇ ਹੀ ਸ਼ਨਿੱਚਰਵਾਰ ਨੂੰ ਪਏ ਮੀਂਹ ਕਾਰਨ ਆਈ ਜੀ ਆਈ ਹਵਾਈ ਅੱਡੇ ਤੋਂ ਧੌਲਾ ਕੂੰਆ ਦੇ ਵਿਚਕਾਰ ਕੌਮੀ ਰਾਜਮਾਰਗ-48 'ਤੇ ਪਾਣੀ ਭਰ ਗਿਆ।

