ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਅਪਰੈਲ
ਨੈਸ਼ਨਲ ਅਕਾਲੀ ਦਲ ਨੇ ਰਾਜਧਾਨੀ ਵਿੱਚ ਵੱਧ ਰਹੇ ਕਰੋਨਾ ਦੇ ਮੱਦੇਨਜ਼ਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਰਫਿਊ ਵਾਲੇ ਦਿਨ ਚੋਣਾਂ ਕਰਵਾਉਣ ਦੇ ਦਿੱਲੀ ਸਰਕਾਰ ਦੇ ਫ਼ੈਸਲੇ ’ਤੇ ਸਵਾਲ ਉਠਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚੋਣਾਂ ਤੋਂ ਪਹਿਲਾਂ ਦਿੱਲੀ ਨੂੰ ਕਰੋਨਾ ਤੋਂ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਰਾਜਧਾਨੀ ਵਿੱਚ ਕਰੋਨਾ ਦੀ ਲਾਗ ਤੇਜ਼ੀ ਨਾਲ ਵੱਧ ਰਹੀ ਹੈ। ਦਿੱਲੀ ਵਿਚ ਇਕ ਵੀ ਹਸਪਤਾਲ ਅਜਿਹਾ ਨਹੀਂ ਹੈ, ਜਿੱਥੇ ਮਰੀਜ਼ਾਂ ਨੂੰ ਬਿਸਤਰੇ ਮਿਲ ਸਕਣ। ਮਰੀਜ਼ਾਂ ਦੇ ਪਰਿਵਾਰਕ ਮੈਂਬਰ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਵਿਚ ਜਾ ਰਹੇ ਹਨ। ਸ੍ਰੀ ਪੰਮਾ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਸ਼ਨਿਚਰਵਾਰ ਅਤੇ ਐਤਵਾਰ ਨੂੰ ਕਰਫਿਊ ਲਗਾ ਦਿੱਤਾ ਹੈ, ਇਸ ਦੇ ਬਾਵਜੂਦ ਗੁਰਦੁਆਰਾ ਚੋਣ ਮੰਤਰੀ ਨੇ ਐਲਾਨ ਕੀਤਾ ਹੈ ਕਿ 25 ਅਪਰੈਲ ਨੂੰ ਚੋਣਾਂ ਹੋਣੀਆਂ ਹਨ, ਜੋ ਕਿ ਬਹੁਤ ਨਿੰਦਣਯੋਗ ਹੈ।
ਪੰਮਾ ਨੇ ਕਿਹਾ ਕਿ ਇਕ ਪਾਸੇ ਸਰਕਾਰ ਨੇ ਕਰਫਿਊ ਰਾਹੀਂ ਸਾਰੇ ਕੰਮ, ਬਾਜ਼ਾਰਾਂ, ਦੁਕਾਨਾਂ ਬੰਦ ਕਰ ਦਿੱਤੀਆਂ ਹਨ ਤੇ ਲੋਕ ਮਹਾਮਾਰੀ ਨੂੰ ਰੋਕਣ ਲਈ ਸਰਕਾਰ ਦਾ ਸਹਿਯੋਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਰਫਿਊ ਵਿੱਚ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਕਰਵਾ ਕੇ ਕੀ ਸਾਬਤ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ 25 ਅਪਰੈਲ ਨੂੰ ਸਿਰਫ ਸਿੱਖ ਕੌਮ ਦੇ ਲੋਕ ਵੋਟ ਪਾਉਣ ਲਈ ਘਰਾਂ ਤੋਂ ਬਾਹਰ ਆਉਣਗੇ, ਕੀ ਉਨ੍ਹਾਂ ਨੂੰ ਕਰੋਨਾ ਦੀ ਲਾਗ ਦਾ ਖ਼ਤਰਾ ਨਹੀਂ ਹੈ? ਕੀ ਕਰੋਨਾ ਲਾਗ ਵੋਟ ਪਾਉਣ ਵਾਲਿਆਂ ਤੋਂ ਦੂਰ ਰਹੇਗੀ?