DELHI ’ਚ 2.30 ਲੱਖ ਘਰਾਂ ’ਤੇ ਸੋਲਰ ਪੈਨਲ ਲਾਏਗੀ ਸਰਕਾਰ
ਕੈਬਨਿਟ ਮੀਟਿੰਗ ’ਚ ਫ਼ੈਸਲਾ; ਸੋਲਰ ਪੈਨਲ ਲਾਉਣ ਦਾ ਖ਼ਰਚਾ ਚੁੱਕੇਗੀ ਸਰਕਾਰ: ਰੇਖਾ ਗੁਪਤਾ
ਦਿੱਲੀ ਸਰਕਾਰ ਨੇ ਕੌਮੀ ਰਾਜਧਾਨੀ ਦੇ 2.30 ਲੱਖ ਖਪਤਕਾਰਾਂ ਦੇ ਘਰਾਂ ਦੀਆਂ ਛੱਤਾਂ ’ਤੇ ਮੁਫ਼ਤ ਸੋਲਰ ਪੈਨਲ ਲਾਉਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਸਕੱਤਰੇਤ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਦੱਸਿਆ ਕਿ ਕੈਬਨਿਟ ਦੀ ਮੀਟਿੰਗ ਵਿੱਚ 400 ਯੂਨਿਟ ਤੱਕ ਬਿਜਲੀ ਖਪਤ ਕਰਨ ਵਾਲੇ ਲੋਕਾਂ ਦੇ ਘਰਾਂ ਦੀਆਂ ਛੱਤਾਂ ’ਤੇ ਤਿੰਨ ਕਿਲੋਵਾਟ ਦੇ ਸੋਲਰ ਪੈਨਲ ਲਗਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੈਨਲਾਂ ਨੂੰ ਲਗਾਉਣ ਦਾ ਖ਼ਰਚਾ ਸਰਕਾਰ ਚੁੱਕੇਗੀ ਅਤੇ ਇਸ ਨਾਲ ਵਾਧੂ ਬਿਜਲੀ ਸਰਕਾਰ ਨੂੰ ਦੇਣ ਵਾਲੇ ਖਪਤਕਾਰਾਂ ਨੂੰ ਆਰਥਿਕ ਲਾਭ ਵੀ ਹੋਵੇਗਾ।
ਰੇਖਾ ਗੁਪਤਾ ਨੇ ਦੱਸਿਆ ਕਿ ਸਰਕਾਰ ਦਾ ਟੀਚਾ ਮਾਰਚ 2027 ਤੱਕ 2 ਲੱਖ 30 ਹਜ਼ਾਰ ਘਰਾਂ ਦੀਆਂ ਛੱਤਾਂ ’ਤੇ ਸੋਲਰ ਪੈਨਲ ਲਾਉਣ ਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਦਿੱਲੀ ਸਰਕਾਰ ਬਿਜਲੀ ਸਬਸਿਡੀ ਖ਼ਤਮ ਨਹੀਂ ਕਰ ਰਹੀ ਹੈ ਅਤੇ ਬਿਜਲੀ ਸਬਸਿਡੀ ਖਪਤਕਾਰਾਂ ਨੂੰ ਮਿਲਦੀ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਦਿੱਲੀ ਦੇ ਲੋਕਾਂ ਨੂੰ ਸਿਰਫ਼ ਬਿਜਲੀ ਖਪਤਕਾਰ ਬਣਾਉਣਾ ਨਹੀਂ, ਸਗੋਂ ਬਿਜਲੀ ਪੈਦਾ ਕਰਨ ਵਾਲਾ ਬਣਾਉਣਾ ਵੀ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਦੱਸਿਆ ਕਿ ਕੇਂਦਰ ਸਰਕਾਰ ਦਿੱਲੀ ਨੂੰ 1,000 ਟਨ ਪਿਆਜ਼ ਮੁਹੱਈਆ ਕਰਵਾਏਗੀ, ਜਿਨ੍ਹਾਂ ਨੂੰ ਲੋਕਾਂ ਨੂੰ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਆਜ਼ ਸ਼ਹਿਰ ਦੇ ਸਾਰੇ 13 ਜ਼ਿਲ੍ਹਿਆਂ ਵਿੱਚ ਵਾਜਬ ਕੀਮਤ ਵਾਲੀਆਂ ਦੁਕਾਨਾਂ ਅਤੇ ਵੈਨਾਂ ਰਾਹੀਂ ਵੀ ਵੇਚੇ ਜਾਣਗੇ।
ਵੈਨਾਂ ਰਾਹੀਂ ਪਿਆਜ਼ ਵੇਚਣ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਸਤੇ ਪਿਆਜ਼ ਉਨ੍ਹਾਂ ਖੇਤਰਾਂ ਤੱਕ ਵੀ ਪਹੁੰਚ ਸਕਣ ਜਿੱਥੇ ਲੋਕਾਂ ਨੂੰ ਵਾਜਬ ਕੀਮਤ ਵਾਲੀਆਂ ਦੁਕਾਨਾਂ ਤੱਕ ਪਹੁੰਚਣ ਵਿੱਚ ਮੁਸ਼ਕਲ ਆਉਂਦੀ ਹੈ। ਜ਼ਿਕਰਯੋਗ ਹੈ ਕਿਦਿੱਲੀ ਦੇ ਪ੍ਰਚੂਨ ਬਾਜ਼ਾਰਾਂ ਵਿੱਚ ਪਿਆਜ਼ ਲਗਭਗ 50 ਤੋਂ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ।

