ਸਰਕਾਰ ਪ੍ਰਸ਼ਨ ਪੱਤਰ ਲੀਕ 'ਤੇ ਰੋਕ ਲਗਾਉਣ ਲਈ ਕਰ ਰਹੀ ਹੈ ਵੱਡੇ ਪੱਧਰ ’ਤੇ ਸੁਧਾਰ: ਰਾਸ਼ਟਰਪਤੀ ਮੁਰਮੂ
'ਅਪਰੇਸ਼ਨ ਸਿੰਧੂਰ' ਨੇ ਅਤਿਵਾਦੀਆਂ ਨੂੰ ਦਿੱਤਾ ਮੂੰਹਤੋੜ ਜਵਾਬ: ਰਾਸ਼ਟਰਪਤੀ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵਿਦਿਆਰਥੀਆਂ ਨੂੰ ''ਭਾਰਤ ਦਾ ਭਵਿੱਖ ਸਿਰਜਣਹਾਰ'' ਦੱਸਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਜਨਤਕ ਪ੍ਰੀਖਿਆਵਾਂ ਵਿੱਚ ਸੁਧਾਰ ਲਈ ਵਿਆਪਕ ਕਦਮ ਚੁੱਕ ਰਹੀ ਹੈ ਅਤੇ ਇਨ੍ਹਾਂ ਸੁਧਾਰਾਂ ਦਾ ਉਦੇਸ਼ ਇਨ੍ਹਾਂ ਵਿੱਚ ਅਣਉਚਿਤ ਸਾਧਨਾਂ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਰੋਕ ਲਗਾਉਣਾ ਅਤੇ ਪ੍ਰੀਖਿਆ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਤੇ ਨੌਜਵਾਨਾਂ ਲਈ ਭਰੋਸੇਮੰਦ ਬਣਾਉਣਾ ਹੈ।
ਰਾਸ਼ਟਰਪਤੀ ਨੇ 80ਵੇਂ ਸੁਤੰਤਰਤਾ ਦਿਵਸ ਦੀ ਪੂਰਵ-ਸੰਧਿਆ 'ਤੇ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿਸ ਤਰ੍ਹਾਂ ਕੌਮੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰ ਅਤੇ ਸਮਾਜ ਏਕਤਾ ਨਾਲ ਖੜ੍ਹੇ ਹੁੰਦੇ ਹਨ, ਉਸੇ ਤਰ੍ਹਾਂ ਵਿਦਿਆਰਥੀਆਂ ਦੇ ਵਰਤਮਾਨ ਤੇ ਭਵਿੱਖ ਦੀ ਸੁਰੱਖਿਆ ਲਈ ਸਾਰਿਆਂ ਨੂੰ ਮਿਲ ਕੇ ਠੋਸ ਯਤਨ ਕਰਨੇ ਚਾਹੀਦੇ ਹਨ।
ਉਨ੍ਹਾਂ ਕਿਹਾ, ''ਜਨਤਕ ਪ੍ਰੀਖਿਆਵਾਂ ਵਿਦਿਆਰਥੀਆਂ ਲਈ ਮੌਕਿਆਂ ਦੇ ਦੁਆਰ ਖੋਲ੍ਹਦੀਆਂ ਹਨ। ਇਸ ਲਈ, ਸਰਕਾਰ ਇਨ੍ਹਾਂ ਪ੍ਰੀਖਿਆਵਾਂ ਵਿੱਚ ਸੁਧਾਰ ਲਈ ਵਿਆਪਕ ਕਦਮ ਚੁੱਕ ਰਹੀ ਹੈ। ਇਨ੍ਹਾਂ ਸੁਧਾਰਾਂ ਦਾ ਉਦੇਸ਼ ਇਹ ਹੈ ਕਿ ਜਨਤਕ ਪ੍ਰੀਖਿਆਵਾਂ ਵਿੱਚ ਅਣਉਚਿਤ ਸਾਧਨਾਂ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਰੋਕ ਲੱਗੇ, ਪ੍ਰੀਖਿਆ ਪ੍ਰਣਾਲੀ ਹੋਰ ਪਾਰਦਰਸ਼ੀ ਅਤੇ ਨੌਜਵਾਨਾਂ ਲਈ ਸੁਰੱਖਿਅਤ ਤੇ ਭਰੋਸੇਮੰਦ ਬਣੇ।''
ਰਾਸ਼ਟਰਪਤੀ ਦੀ ਇਹ ਟਿੱਪਣੀ, ਹਾਲ ਹੀ ਵਿੱਚ ਦੇਸ਼ ਭਰ ਵਿੱਚ 'ਜੈਨ-ਜ਼ੀ' ਅਤੇ ਵਿਦਿਆਰਥੀਆਂ ਦੇ ਉਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੇ ਸੰਦਰਭ ਵਿੱਚ ਮਾਇਨੇ ਰੱਖਦੀ ਹੈ, ਜਿਨ੍ਹਾਂ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਪ੍ਰਸ਼ਨ ਪੱਤਰ ਲੀਕ ਹੋਣ ਦੀਆਂ ਗੜਬੜੀਆਂ ਤੋਂ ਬਾਅਦ ਵਿਵਸਥਾ ਵਿੱਚ ਵੱਡੇ ਬਦਲਾਅ, ਤੇਜ਼ੀ ਨਾਲ ਜਾਂਚ ਅਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਸੀ।
ਨੌਜਵਾਨਾਂ ਵਿੱਚ ਉੱਦਮਤਾ ਦੀ ਭਾਵਨਾ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਨੌਕਰੀ ਲੱਭਣ ਦੀ ਬਜਾਏ ਨੌਕਰੀ ਪੈਦਾ ਕਰਨ ਦੇ ਸੱਭਿਆਚਾਰ ਨੂੰ ਤੇਜ਼ੀ ਨਾਲ ਅਪਣਾ ਰਹੇ ਹਨ।
ਉਨ੍ਹਾਂ ਕਿਹਾ, ''ਸਾਡੇ ਅਨੇਕਾਂ ਨੌਜਵਾਨ ਸਵੈ-ਰੁਜ਼ਗਾਰ ਦੇ ਮਾਰਗ 'ਤੇ ਚੱਲਦਿਆਂ ਰੁਜ਼ਗਾਰ ਪ੍ਰਦਾਨ ਕਰਨ ਦੇ ਸੱਭਿਆਚਾਰ ਨੂੰ ਅਪਣਾ ਰਹੇ ਹਨ। ਨੌਜਵਾਨ ਉੱਦਮੀਆਂ ਦੀ ਭਾਗੀਦਾਰੀ ਨਾਲ ਸਾਡੇ ਦੇਸ਼ ਵਿੱਚ ਇੱਕ ਮਜ਼ਬੂਤ ਸਟਾਰਟ-ਅੱਪ ਵਾਤਾਵਰਣ ਵਿਕਸਤ ਹੋਇਆ ਹੈ। ਦੁਨੀਆ ਦੇ ਵੱਡੇ-ਵੱਡੇ ਉੱਦਮ ਭਾਰਤ ਦੇ ਨੌਜਵਾਨਾਂ ਦੀ ਪ੍ਰਤਿਭਾ ਤੇ ਲਗਨ ਤੋਂ ਪ੍ਰਭਾਵਿਤ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਲੀਡਰਸ਼ਿਪ ਦੀਆਂ ਭੂਮਿਕਾਵਾਂ ਵਿੱਚ ਨਿਯੁਕਤ ਕਰਦੇ ਹਨ।''
ਸਰਬਪੱਖੀ ਵਿਕਾਸ ਦੀ ਗੱਲ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਨੌਜਵਾਨਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਹੀ ਦੇਸ਼ ਦੇ ਭਵਿੱਖ ਦੀ ਨੀਂਹ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੀ ਸਮੂਹਿਕ ਜ਼ਿੰਮੇਵਾਰੀ ਪਰਿਵਾਰਾਂ ਅਤੇ ਸਮਾਜ ਦੀ ਹੈ।
ਉਨ੍ਹਾਂ 'ਖੇਲੋ ਇੰਡੀਆ' ਪ੍ਰੋਗਰਾਮ ਤਹਿਤ ਨੌਜਵਾਨਾਂ ਦੇ ਵਿਕਾਸ ਅਤੇ ਰਾਸ਼ਟਰ-ਨਿਰਮਾਣ ਲਈ ਖੇਡ ਨੂੰ ਇੱਕ ਅਹਿਮ ਜ਼ਰੀਆ ਦੱਸਿਆ।
ਰਾਸ਼ਟਰਪਤੀ ਮੁਰਮੂ ਨੇ ਭਾਰਤੀ ਹਥਿਆਰਬੰਦ ਫ਼ੌਜਾਂ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ 'ਅਪਰੇਸ਼ਨ ਸਿੰਧੂਰ' ਨੇ ਅਤਿਵਾਦ-ਵਿਰੋਧੀ ਸਟੀਕ ਮੁਹਿੰਮ ਚਲਾਉਣ ਦੀ ਦੇਸ਼ ਦੀ ਸਮਰੱਥਾ ਨੂੰ ਪ੍ਰਦਰਸ਼ਤ ਕੀਤਾ ਅਤੇ ਅਤਿਵਾਦੀਆਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਇਹ ਸਖ਼ਤ ਸੁਨੇਹਾ ਦਿੱਤਾ ਕਿ ਉਹ ਭਾਵੇਂ ਕਿਤੇ ਵੀ ਜਾ ਕੇ ਛਿਪ ਜਾਣ, ਪਰ ਉਨ੍ਹਾਂ ਨੂੰ ਆਪਣੇ ਕੀਤੇ ਦੀ ਸਜ਼ਾ ਜ਼ਰੂਰ ਮਿਲੇਗੀ।
ਉਨ੍ਹਾਂ ਕਿਹਾ, ''26 ਜੁਲਾਈ ਨੂੰ ਅਸੀਂ ਕਾਰਗਿਲ ਵਿਜੇ ਦਿਵਸ ਮਨਾਇਆ। ਉਸ ਤੋਂ ਪਹਿਲਾਂ, 7 ਮਈ ਨੂੰ ਅਪਰੇਸ਼ਨ ਸਿੰਧੂਰ ਦੀ ਪਹਿਲੀ ਵਰ੍ਹੇਗੰਢ ਮਨਾਈ ਗਈ।''
ਉਨ੍ਹਾਂ ਕਿਹਾ, ''ਅਤਿਵਾਦੀਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਇਹ ਸਖ਼ਤ ਸੁਨੇਹਾ ਦਿੱਤਾ ਗਿਆ ਕਿ ਉਹ ਭਾਵੇਂ ਕਿਤੇ ਵੀ ਜਾ ਕੇ ਛਿਪ ਜਾਣ, ਪਰ ਉਨ੍ਹਾਂ ਨੂੰ ਆਪਣੇ ਕੀਤੇ ਦੀ ਸਜ਼ਾ ਜ਼ਰੂਰ ਮਿਲੇਗੀ। ਅਤਿਵਾਦ ਨੂੰ ਸਰਪ੍ਰਸਤੀ ਦੇਣ ਵਾਲੇ ਦੇਸ਼ ਨਾਲ ਅਤੀਤ ਵਿੱਚ ਕੀਤੀ ਗਈ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨਾ ਸਾਡੇ ਦੇਸ਼ ਦੇ, ਖਾਸ ਕਰਕੇ ਕਿਸਾਨਾਂ ਦੇ ਹਿੱਤ ਵਿੱਚ ਇੱਕ ਨਿਰਣਾਇਕ ਕਦਮ ਹੈ।''

