ਸਰਕਾਰ ਨੇ ‘ਭਾਰਤ ਮਾਤਾ’ ਨੂੰ ਵੇਚ ਦਿੱਤਾ: ਰਾਹੁਲ ਗਾਂਧੀ
ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਰਾਹੁਲ ਗਾਂਧੀ ਨੇ ਦੱਸਿਆ “ਥੋਕ ਆਤਮ ਸਮਰਪਣ”
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਭਾਸ਼ਣ ਨੇ ਇੱਕ ਵਾਰ ਫਿਰ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਭਾਰਤ-ਅਮਰੀਕਾ ਅੰਤਰਿਮ ਵਪਾਰ ਸਮਝੌਤੇ ਰਾਹੀਂ "ਭਾਰਤ ਮਾਤਾ ਨੂੰ ਵੇਚ ਦਿੱਤਾ ਹੈ" ਅਤੇ ਇਹ ਇੱਕ "ਥੋਕ ਆਤਮ ਸਮਰਪਣ" ਸੀ ਜਿਸ ਵਿੱਚ ਭਾਰਤ ਦੀ ਊਰਜਾ ਸੁਰੱਖਿਆ ਅਮਰੀਕਾ ਨੂੰ ਸੌਂਪ ਦਿੱਤੀ ਗਈ ਹੈ ਅਤੇ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਕੀਤਾ ਗਿਆ ਹੈ।
ਕੇਂਦਰੀ ਬਜਟ 'ਤੇ ਬਹਿਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਇੰਡੀਆ (INDIA) ਗਠਜੋੜ ਦੀ ਸਰਕਾਰ ਨੇ ਅਮਰੀਕਾ ਨਾਲ ਵਪਾਰਕ ਸਮਝੌਤੇ ਲਈ ਗੱਲਬਾਤ ਕੀਤੀ ਹੁੰਦੀ, ਤਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਭਾਰਤ ਨਾਲ ਬਰਾਬਰ ਵਿਵਹਾਰ ਕਰਨ ਲਈ ਕਿਹਾ ਜਾਂਦਾ।
ਵਪਾਰਕ ਸਮਝੌਤੇ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ, “ਤੁਸੀਂ ਭਾਰਤ ਨੂੰ ਵੇਚ ਦਿੱਤਾ ਹੈ। ਕੀ ਤੁਹਾਨੂੰ ਭਾਰਤ ਵੇਚਣ 'ਤੇ ਸ਼ਰਮ ਨਹੀਂ ਆਉਂਦੀ ? ਤੁਸੀਂ ਸਾਡੀ ਮਾਂ, ਭਾਰਤ ਮਾਤਾ ਨੂੰ ਵੇਚ ਦਿੱਤਾ ਹੈ।”
ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤੇ ਤਹਿਤ ਊਰਜਾ ਸੁਰੱਖਿਆ ਚਲੀ ਗਈ ਹੈ ਅਤੇ ਹੁਣ ਅਮਰੀਕਾ ਫੈਸਲਾ ਕਰੇਗਾ ਕਿ "ਅਸੀਂ ਕਿਸ ਤੋਂ ਤੇਲ ਖਰੀਦਣਾ ਹੈ"।
ਗਾਂਧੀ ਨੇ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਨਾਲ ਵੀ ਸਮਝੌਤਾ ਕੀਤਾ ਗਿਆ ਹੈ ਕਿਉਂਕਿ ਅਮਰੀਕਾ ਦੇ ਖੇਤੀਬਾੜੀ ਉਤਪਾਦ ਭਾਰਤੀ ਬਾਜ਼ਾਰਾਂ ਵਿੱਚ ਹੜ੍ਹ ਵਾਂਗ ਆ ਜਾਣਗੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਭਾਰਤੀ ਟੈਕਸਟਾਈਲ (ਕੱਪੜਾ) ਉਦਯੋਗ ਖਤਮ ਹੋ ਗਿਆ ਹੈ।
ਰਾਹੁਲ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੌਮੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਵਾਲ ਨੇ ਕਿਹਾ ਸੀ ਕਿ ਜੰਗ ਦਾ ਯੁੱਗ ਖਤਮ ਹੋ ਗਿਆ ਹੈ। "ਪਰ ਅਸਲੀਅਤ ਇਹ ਹੈ ਕਿ ਅਸੀਂ ਜੰਗ ਦੇ ਯੁੱਗ ਵਿੱਚ ਜਾ ਰਹੇ ਹਾਂ।"
ਉਨ੍ਹਾਂ ਕਿਹਾ, "ਇੱਕ ਖ਼ਤਰਨਾਕ ਸੰਸਾਰ ਵਿੱਚ ਕਦਮ ਰੱਖਦੇ ਹੋਏ, ਸਾਨੂੰ ਆਪਣੀਆਂ ਸ਼ਕਤੀਆਂ ਨੂੰ ਸਮਝਣਾ ਹੋਵੇਗਾ ਅਤੇ ਸਾਡੇ ਦੇਸ਼ ਦੀ ਮੁੱਖ ਸ਼ਕਤੀ ਸਾਡੇ ਲੋਕ ਹਨ।" ਉਨ੍ਹਾਂ ਨੇ ਦੇਸ਼ ਦੇ ਲੋਕਾਂ, ਡਾਟਾ, ਭੋਜਨ ਦੀ ਸਪਲਾਈ ਅਤੇ ਊਰਜਾ ਪ੍ਰਣਾਲੀ ਦੀ ਰੱਖਿਆ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

