ਸਰਕਾਰ ਨੇ 100 ਏਕੜ ਇਲਾਕਾ ਕੂੜਾ ਮੁਕਤ ਕੀਤਾ: Rekha Gupta
ਮੁੱਖ ਮੰਤਰੀ ਵੱਲੋਂ ਕੂਡ਼ਾ ਪ੍ਰਾਸੈਸਿੰਗ ਪਲਾਂਟਾਂ ਦਾ ਨੀਂਹ ਪੱਥਰ; ਕੂਡ਼ੇ ਦੇ ਪਹਾੜਨੁਮਾ ਢੇਰਾਂ ਨਾਲ ਲਈ ਸੈਲਫੀ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਓਖਲਾ, ਗਾਜ਼ੀਪੁਰ ਅਤੇ ਸਿੰਘੋਲਾ ਵਿੱਚ ਕੂੜੇ ਦੇ ਪਹਾੜਨੁਮਾ ਢੇਰਾਂ ਵਾਲੀ ਜਗ੍ਹਾ ’ਤੇ ਕੂੜਾ ਪ੍ਰਾਸੈਸਿੰਗ ਪਲਾਂਟਾਂ ਦਾ ਨੀਂਹ ਪੱਥਰ ਰੱਖਿਆ। ਇਸ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਨੇ ਕੌਮੀ ਰਾਜਧਾਨੀ ਵਿੱਚ ਕੂੜੇ ਦੇ ਪਹਾੜਨੁਮਾ ਢੇਰਾਂ ਨੂੰ ਖ਼ਤਮ ਕਰਨ ਦਾ ਅਹਿਦ ਲਿਆ। ਮੁੱਖ ਮੰਤਰੀ ਨੇ ਕਿਹਾ, ‘‘ਅੱਜ ਕੂੜੇ ਦੇ ਪਹਾੜ ਨਾਲ ਆਪਣੀ ਆਖ਼ਰੀ ਸੈਲਫੀ ਲੈ ਕੇ ਮੈਂ ਪ੍ਰਣ ਕੀਤਾ ਕਿ ਕੂੜੇ ਦਾ ਇਹ ਪਹਾੜ ਜਲਦੀ ਹੀ ਖ਼ਤਮ ਹੋ ਜਾਵੇਗਾ।’’ ਗੁਪਤਾ ਨੇ ਕਿਹਾ ਕਿ ਸਰਕਾਰ ਦੇ ਯਤਨਾਂ ਸਦਕਾ ਡੇਢ ਸਾਲ ਵਿੱਚ ਸ਼ਹਿਰ ਦੀਆਂ ਤਿੰਨ ਕੂੜੇ ਦੇ ਢੇਰਾਂ ਵਾਲੀਆਂ ਥਾਵਾਂ ਤੋਂ ਲਗਾਤਾਰ ਕੂੜਾ ਘੱਟ ਰਿਹਾ ਹੈ। ਇਸ ਦੌਰਾਨ ਸਰਕਾਰ ਨੇ 100 ਏਕੜ ਜਗ੍ਹਾ ਕੂੜਾ ਮੁਕਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪਲਾਂਟ ਲਾਉਣ ਦਾ ਉਦੇਸ਼ ਕੂੜੇ ਅਤੇ ਉਸਾਰੀ ਤੇ ਤੋੜ-ਫੋੜ ਤੋਂ ਨਿਕਲਣ ਵਾਲੇ ਮਲਬੇ ਦਾ ਨਿਬੇੜਾ ਕਰਨਾ ਅਤੇ ਸ਼ਹਿਰ ਵਿੱਚ ਕੂੜੇ ਦੇ ਨਵੇਂ ਪਹਾੜ ਬਣਨ ਤੋਂ ਰੋਕਣਾ ਹੈ।
ਓਖਲਾ ਵਿੱਚ ਇੱਕ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੇਖਾ ਗੁਪਤਾ ਨੇ ਕਿਹਾ ਕਿ ਸਰਕਾਰ ਦੋ ਮੋਰਚਿਆਂ ’ਤੇ ਕੰਮ ਕਰ ਰਹੀ ਹੈ। ਮੌਜੂਦਾ ਕੂੜੇ ਦੇ ਪਹਾੜਾਂ ਤੋਂ ਪੁਰਾਣਾ ਕੂੜਾ ਹਟਾਉਣਾ ਅਤੇ ਇਹ ਯਕੀਨੀ ਬਣਾਉਣਾ ਕਿ ਰੋਜ਼ਾਨਾ ਨਿਕਲਣ ਵਾਲੇ ਕੂੜੇ ਦਾ ਢੇਰ ਲਗਾਏ ਬਿਨਾਂ ਉਸ ਦਾ ਨਿਬੇੜਾ ਕੀਤਾ ਜਾਵੇ। ਉਨ੍ਹਾਂ ਕਿਹਾ, ‘‘ਅੱਜ ਓਖਲਾ ਵਿੱਚ ਅਸੀਂ ਜਨਵਰੀ 2025 ਤੋਂ ਪਹਿਲਾਂ ਮੌਜੂਦ ਲਗਪਗ ਸਾਰੇ ਪੁਰਾਣੇ ਕੂੜੇ ਦਾ ਨਿਬੇੜਾ ਕਰ ਦਿੱਤਾ ਹੈ। ਰੇਖਾ ਗੁਪਤਾ ਨੇ ਕਿਹਾ ਕਿ ਰੋਜ਼ਾਨਾ ਕਰੀਬ 3,000 ਤੋਂ 4,000 ਟਨ ਕੂੜਾ ਇਸ ਸਥਾਨ ’ਤੇ ਪਹੁੰਚਦਾ ਹੈ ਅਤੇ ਨਵੇਂ ਪਲਾਂਟਾਂ ਰਾਹੀਂ ਕੂੜੇ ਦੇ ਨਿਬੇੜਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਮੌਜੂਦਾ ਕੂੜੇ ਦੇ ਪਹਾੜਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੋਕ ਦੇਖ ਰਹੇ ਹਨ ਕਿ ਕੂੜੇ ਦੇ ਪਹਾੜ ਲਗਾਤਾਰ ਛੋਟੇ ਹੋ ਰਹੇ ਹਨ ਅਤੇ ਜਲਦੀ ਹੀ ਅਜਿਹਾ ਸਮਾਂ ਆਵੇਗਾ ਜਦੋਂ ਇਹ ਪੂਰੀ ਤਰ੍ਹਾਂ ਖ਼ਤਮ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕੂੜਾ ਪ੍ਰਾਸੈਸਿੰਗ ਸੁਵਿਧਾਵਾਂ ਤੋਂ ਬਾਇਓਗੈਸ, ਹਰਿਤ ਊਰਜਾ ਅਤੇ ਖਾਦ ਦਾ ਵੀ ਉਤਪਾਦਨ ਹੋਵੇਗਾ। ਉਨ੍ਹਾਂ ਕਿਹਾ ਕਿ ਕੂੜੇ ਨੂੰ ਵੱਖ ਕਰਨ ਅਤੇ ਉਸ ਦੇ ਨਿਬੇੜੇ ਲਈ ਨਵੀਆਂ ਤਕਨੀਕਾਂ ਅਪਣਾਈਆਂ ਜਾ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰ ਵਿੱਚ ਤਕਨੀਕ ’ਤੇ ਆਧਾਰਿਤ ਕੂੜਾ ਪ੍ਰਬੰਧਨ ਪ੍ਰਣਾਲੀ ਵਿਕਸਤ ਕਰਨ ਦੇ ਯਤਨਾਂ ਤਹਿਤ ਕੂੜੇ ਅਤੇ ਗੋਹੇ ਦੀ ਵਰਤੋਂ ਬਾਇਓਗੈਸ ਅਤੇ ਖਾਦ ਬਣਾਉਣ ਵਿੱਚ ਕੀਤੀ ਜਾਵੇਗੀ।

