ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਜੂਨ
ਦਿੱਲੀ ਸਰਕਾਰ ਨੇ ਪੰਜ ਹਜ਼ਾਰ ਨੌਜਵਾਨਾਂ ਨੂੰ ਸਿਹਤ ਸਹਾਇਕ ਵਜੋਂ ਸਿਖਲਾਈ ਦੇਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਕਰੋਨਾ ਦੀ ਸੰਭਾਵਿਤ ਤੀਜੀ ਲਹਿਰ ਨੂੰ ਧਿਆਨ ਵਿੱਚ ਰੱਖਦਿਆਂ 5000 ਸਿਹਤ ਸਹਾਇਕ ਤਿਆਰ ਕਰੇਗੀ। ਪਹਿਲੀ ਤੇ ਦੂਜੀ ਲਹਿਰ ਦੌਰਾਨ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਦੀ ਘਾਟ ਸੀ, ਜਿਸ ਨੂੰ ਧਿਆਨ ਵਿਚ ਰੱਖਕੇ ਇਹ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰੋਨਾ ਦੀ ਸੰਭਾਵਿਤ ਤੀਜੀ ਲਹਿਰ ਦੇ ਮੱਦੇਨਜ਼ਰ ਦਿੱਲੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦੇ ਸਬੰਧ ਵਿੱਚ ਕੀਤੀ ਡਿਜੀਟਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਈਪੀ ਯੂਨੀਵਰਸਿਟੀ ਵਿੱਚ ਸਿਹਤ ਸਹਾਇਕਾਂ ਨੂੰ ਨਰਸਿੰਗ, ਪੈਰਾ ਮੈਡੀਕਲ, ਹੋਮ ਕੇਅਰ, ਬਲੱਡ ਪ੍ਰੈਸ਼ਰ ਮਾਪ, ਟੀਕਾਕਰਨ ਆਦਿ ਦੀ ਮੁੱਢਲੀ ਸਿਖਲਾਈ ਦਿੱਤੀ ਜਾਵੇਗੀ। ਸ੍ਰੀ ਕੇਜਰਵਾਲ ਨੇ ਕਿਹਾ ਕਿ ਸਿਹਤ ਸਹਾਇਕ, ਡਾਕਟਰਾਂ ਤੇ ਨਰਸਾਂ ਦੇ ਸਹਾਇਕ ਵਜੋਂ ਕੰਮ ਕਰਨਗੇ ਤੇ ਖੁਦ ਕੋਈ ਫੈਸਲਾ ਲੈਣ ਦੇ ਯੋਗ ਨਹੀਂ ਹੋਣਗੇ। ਉਨ੍ਹਾਂ ਦੀ ਸਹਾਇਤਾ ਨਾਲ ਡਾਕਟਰ ਵਧੇਰੇ ਕੁਸ਼ਲਤਾ ਨਾਲ ਕੰਮ ਕਰਨ ਦੇ ਯੋਗ ਹੋਣਗੇ ਤੇ ਉਹ ਮਰੀਜ਼ ਦੀ ਤਰ੍ਹਾਂ ਚੰਗੀ ਦੇਖਭਾਲ ਕਰ ਸਕਣਗੇ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਭਰਤੀ ਲਈ 18 ਸਾਲ ਤੋਂ ਉਪਰ 12 ਵੀਂ ਜਮਾਤ ਦੇ ਪਾਸ ਵਿਦਿਆਰਥੀ 17 ਜੂਨ ਤੋਂ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਉਨ੍ਹਾਂ ਦੀ ਸਿਖਲਾਈ 28 ਜੂਨ ਤੋਂ 500-500 ਦੇ ਬੈਚਾਂ ਵਿੱਚ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਤੀਜੀ ਲਹਿਰ ਦੇ ਚੱਲਦੇ ਇਸ ਤੋਂ ਦਿੱਲੀ ਨੂੰ ਬਚਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਹਿਲੀ ਤੇ ਦੂਜੀ ਲਹਿਰ ਵਿੱਚ ਵੇਖਿਆ ਹੈ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਇੱਕ ਵੱਡੀ ਘਾਟ ਸੀ। ਜਦੋਂ ਵੀ ਸਿਹਤ ਸਹਾਇਕ ਦੀ ਜ਼ਰੂਰਤ ਹੋਵੇਗੀ ਉਨ੍ਹਾਂ ਨੂੰ ਬੁਲਾਇਆ ਜਾਵੇਗਾ ।