ਸਰਕਾਰ ਬਿਹਤਰ Health Infrastructure ਲਈ ਵਚਨਬੱਧ: CM Rekha Gupta
ਮੁੱਖ ਮੰਤਰੀ ਵੱਲੋਂ ਡੇਅ ਕੇਅਰ ਬਲਾਕ ਦਾ ਉਦਘਾਟਨ; 20 ਤੋਂ ਵੱਧ ਮਾਹਰ ਡਾਕਟਰ ਤੇ 100 ਦੇ ਕਰੀਬ ਨਰਸਿੰਗ ਸਟਾਫ ਤਾਇਨਾਤ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਨਗਰ ਨਿਗਮ ਦੇ ਲਾਜਪਤ ਨਗਰ ਕਾਲੋਨੀ ਹਸਪਤਾਲ ਵਿੱਚ ਇੱਕ ਨਵੇਂ ਡੇਅ ਕੇਅਰ ਬਲਾਕ ਦਾ ਉਦਘਾਟਨ ਕੀਤਾ। ਨਿਗਮ ਅਧਿਕਾਰੀਆਂ ਅਨੁਸਾਰ ਇਸ ਆਧੁਨਿਕ ਸਹੂਲਤ ਨਾਲ ਸਥਾਨਕ ਨਿਵਾਸੀਆਂ ਦੀ ਮਾਹਰ ਸਿਹਤ ਸੇਵਾਵਾਂ ਤੱਕ ਪਹੁੰਚ ਹੋਰ ਮਜ਼ਬੂਤ ਹੋਵੇਗੀ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਡਿਜੀਟਲ ਸੁਧਾਰਾਂ ਅਤੇ ਬਿਹਤਰ ਡਾਕਟਰੀ ਸਹੂਲਤਾਂ ਰਾਹੀਂ ਰਾਜਧਾਨੀ ਦੇ ਸਿਹਤ ਢਾਂਚੇ ਨੂੰ ਮਜ਼ਬੂਤ ਕਰ ਰਹੀ ਹੈ। ਇਹ ਹਸਪਤਾਲ 1950 ਦੇ ਦਹਾਕੇ ਵਿੱਚ ਬਣਾਇਆ ਗਿਆ ਸੀ, ਪਰ ਇਮਾਰਤ ਵਿੱਚ ਤਰੇੜਾਂ ਆਉਣ ਅਤੇ ਪਾਣੀ ਸਿੰਮਣ ਕਾਰਨ ਇਸ ਦੀ ਮੁੜ ਉਸਾਰੀ ਦਾ ਫ਼ੈਸਲਾ ਕੀਤਾ ਗਿਆ ਸੀ। ਨਵੇਂ ਉਦਘਾਟਨ ਕੀਤੇ ਗਏ ਬਲਾਕ ਵਿੱਚ 20 ਤੋਂ ਵੱਧ ਮਾਹਰ ਡਾਕਟਰ ਮੌਜੂਦ ਰਹਿਣਗੇ। ਇਸ ਵਿੱਚ ਫਿਜ਼ੀਓਥੈਰੇਪੀ ਕੇਂਦਰ, ਅੱਖਾਂ ਅਤੇ ਹੱਡੀਆਂ ਦੇ ਰੋਗਾਂ ਨਾਲ ਸੰਬੰਧਿਤ ਵਿਸ਼ੇਸ਼ ਸੇਵਾਵਾਂ, ਸੁਧਰੇ ਹੋਏ ਪਖਾਨੇ ਅਤੇ ਮਰੀਜ਼ਾਂ ਲਈ ਆਧੁਨਿਕ ਸਹੂਲਤਾਂ ਸ਼ਾਮਲ ਕੀਤੀਆਂ ਗਈਆਂ ਹਨ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਸ ਕੇਂਦਰ ਵਿੱਚ ਲਗਭਗ 100 ਨਰਸਿੰਗ ਸਟਾਫ਼ ਤਾਇਨਾਤ ਰਹੇਗਾ। ਦਿੱਲੀ ਦੇ ਮੇਅਰ ਪ੍ਰਵੇਸ਼ ਵਾਹੀ ਨੇ ਕਿਹਾ ਕਿ ਇਸ ਹਸਪਤਾਲ ਨਾਲ ਖੇਤਰ ਵਿੱਚ ਸਿਹਤ ਸੇਵਾਵਾਂ ਵਿੱਚ ਵੱਡਾ ਸੁਧਾਰ ਆਵੇਗਾ। ਇਹ ਇੱਕ ਬਹੁਤ ਹੀ ਵਧੀਆ ਭਾਈਚਾਰਕ ਹਸਪਤਾਲ ਹੈ। ਨਵੇਂ ਫਿਜ਼ੀਓਥੈਰੇਪੀ ਕੇਂਦਰ ਅਤੇ ਮਾਹਰ ਡਾਕਟਰਾਂ ਦੀ ਉਪਲਬਧਤਾ ਤੋਂ ਇਲਾਵਾ ਇੱਥੇ ਆਧੁਨਿਕ ਉਪਕਰਨ ਜੋੜੇ ਗਏ ਹਨ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਦਿੱਲੀ ਸਰਕਾਰ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ। ਹਸਪਤਾਲ ਵਿੱਚ ਇੱਕ ਸਵੈਚਾਲਿਤ ਸਿਹਤ ਜਾਂਚ ਮਸ਼ੀਨ ਵੀ ਲਗਾਈ ਗਈ ਹੈ ਜੋ ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ਦੀ ਤੁਰੰਤ ਜਾਂਚ ਕਰ ਸਕਦੀ ਹੈ।
ਮੁੱਖ ਮੰਤਰੀ ਰੇਖਾ ਗੁਪਤਾ ਨੇ ਲਾਜਪਤ ਨਗਰ ਕਾਲੋਨੀ ਹਸਪਤਾਲ ਦੇ ਨਵੇਂ ਬਲਾਕ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਸਰਕਾਰ ਡਿਜੀਟਲ ਸੁਧਾਰਾਂ ਅਤੇ ਬਿਹਤਰ ਡਾਕਟਰੀ ਸਹੂਲਤਾਂ ਰਾਹੀਂ ਰਾਜਧਾਨੀ ਦੇ ਸਿਹਤ ਢਾਂਚੇ ਨੂੰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਖੇਤਰ ਦੇ ਲੋਕਾਂ ਲਈ ਜੀਵਨ ਰੇਖਾ ਵਾਂਗ ਕੰਮ ਕਰਦਾ ਹੈ ਅਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਇੱਥੇ ਨਵਾਂ ਵਾਰਡ ਬਣਾਇਆ ਗਿਆ ਹੈ। ਪਿਛਲੇ ਇੱਕ ਸਾਲ ਦੌਰਾਨ ਸਿਹਤ ਪ੍ਰਣਾਲੀ ਦੇ ਸੁਧਾਰ ਲਈ ਕਈ ਕਦਮ ਚੁੱਕੇ ਗਏ ਹਨ। ਸਿਹਤ ਬਹੁਤ ਮਹੱਤਵਪੂਰਨ ਵਿਸ਼ਾ ਹੈ ਤੇ ਸਾਲਾਂ ਤੋਂ ਚੱਲ ਰਹੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਰਿਹਾ ਹੈ। ਅੱਜ ਦਿੱਲੀ ਵਿੱਚ ਸਾਰੇ ਮਰੀਜ਼ਾਂ ਦਾ ਡਿਜੀਟਲ ਰਿਕਾਰਡ ਮੌਜੂਦ ਹੈ।
ਸਰਕਾਰੀ ਤੇ ਨਿੱਜੀ ਹਸਪਤਾਲ ਇੱਕ ਮੰਚ ’ਤੇ ਜੁੜਨਗੇ
ਮੁੱਖ ਮੰਤਰੀ ਰੇਖਾ ਗੁਪਤਾ ਨੇ ਦੱਸਿਆ ਕਿ ਪਹਿਲੀ ਵਾਰ ਸਰਕਾਰੀ ਹਸਪਤਾਲਾਂ ਵਿੱਚ ਡਿਜੀਟਲ ਅਪੌਇੰਟਮੈਂਟਾਂ ਸ਼ੁਰੂ ਕੀਤੀਆਂ ਗਈਆਂ ਹਨ। ਸਰਕਾਰ ਇੱਕ ਅਜਿਹੀ ਨਵੀਂ ਪ੍ਰਣਾਲੀ ਤਿਆਰ ਕਰ ਰਹੀ ਹੈ ਜਿਸ ਤਹਿਤ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਨੂੰ ਇੱਕੋ ਮੰਚ ’ਤੇ ਜੋੜਿਆ ਜਾਵੇਗਾ, ਤਾਂ ਜੋ ਐਮਰਜੈਂਸੀ ਬੈੱਡਾਂ ਦੀ ਉਪਲਬਧਤਾ ਬਾਰੇ ਜਾਣਕਾਰੀ ਆਸਾਨੀ ਨਾਲ ਮਿਲ ਸਕੇ। ਇਸ ਦੇ ਨਾਲ ਹੀ ਸਰਕਾਰ ਵੱਲੋਂ ਅੰਗ ਦਾਨ ਲਈ ਇੱਕ ਵਿਸ਼ੇਸ਼ ਪਲੇਟਫਾਰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ।
