ਨਵੀਂ ਦਿੱਲੀ, 28 ਨਵੰਬਰ
ਸਾਬਕਾ ਕ੍ਰਿਕਟਰ ਤੇ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੂੰ ਕਥਿਤ ਤੌਰ ’ਤੇ ‘ਆਈਐੱਸਆਈਐੱਸ ਕਸ਼ਮੀਰ’ ਵੱਲੋਂ ਜਾਨੋਂ ਮਾਰਨ ਦੀ ਇਕ ਹੋਰ ਧਮਕੀ ਦਿੱਤੀ ਗਈ ਹੈ। ਛੇ ਦਿਨਾਂ ਵਿਚ ਗੰਭੀਰ ਨੂੰ ਤੀਜੀ ਵਾਰ ਅਜਿਹੀ ਧਮਕੀ ਮਿਲੀ ਹੈ। ਗੰਭੀਰ ਨੂੰ ਇਕ ਈਮੇਲ ਮਿਲੀ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਈਮੇਲ ਭੇਜਣ ਵਾਲਿਆਂ ਨੂੰ ਭਾਜਪਾ ਸੰਸਦ ਮੈਂਬਰ ਬਾਰੇ ਸਾਰੀ ਜਾਣਕਾਰੀ ਮਿਲ ਰਹੀ ਹੈ। ਉਨ੍ਹਾਂ ਦੇ ਜਾਸੂਸ ਵੀ ਪੁਲੀਸ ਫੋਰਸ ਵਿਚ ਮੌਜੂਦ ਹਨ, ਦਿੱਲੀ ਪੁਲੀਸ ਤੇ ਕੋਈ ਅਧਿਕਾਰੀ (ਡੀਸੀਪੀ ਸ਼ਵੇਤਾ) ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੇ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਈਮੇਲ ਦਾ ਕੰਟੈਂਟ ਮਿਲ ਗਿਆ ਹੈ ਤੇ ਉਹ ਜਾਂਚ ਕਰ ਰਹੇ ਹਨ। ਗੰਭੀਰ ਦੇ ਨਿੱਜੀ ਸਕੱਤਰ ਗੌਰਵ ਅਰੋੜਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਸੰਸਦ ਮੈਂਬਰ ਨੂੰ ਉਸ ਦੀ ਈਮੇਲ ’ਤੇ ਪਹਿਲੀ ਧਮਕੀ ਮੰਗਲਵਾਰ ਰਾਤ ਨੂੰ ਮਿਲੀ ਸੀ। ਇਸ ਵਿਚ ਸਾਬਕਾ ਕ੍ਰਿਕਟਰ ਨੂੰ ਧਮਕੀ ਦਿੱਤੀ ਗਈ ਸੀ ਕਿ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ। ਸ਼ਿਕਾਇਤ ਮਿਲਣ ਤੋਂ ਬਾਅਦ ਗੰਭੀਰ ਦੀ ਸੁਰੱਖਿਆ ਵਿਚ ਵਾਧਾ ਕੀਤਾ ਗਿਆ ਸੀ। ਰਾਜਿੰਦਰ ਨਗਰ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਵੀ ਸੁਰੱਖਿਆ ਵਧਾਈ ਗਈ ਸੀ। ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੀ ਯੂਨਿਟ ਨੇ ਗੂਗਲ ਨੂੰ ਪੱਤਰ ਲਿਖ ਕੇ ਈਮੇਲ ਅਕਾਊਂਟ ਦੇ ਹੈਂਡਲਰ ਬਾਰੇ ਜਾਣਕਾਰੀ ਮੰਗੀ ਸੀ। ਬੁੱਧਵਾਰ ਨੂੰ ਪੁਲੀਸ ਨੂੰ ਇਕ ਹੋਰ ਧਮਕੀ ਬਾਰੇ ਜਾਣੂ ਕਰਵਾਇਆ ਗਿਆ ਸੀ। ਦੂਜੀ ਈਮੇਲ ਵਿਚ ਗੰਭੀਰ ਦੀ ਰਿਹਾਇਸ਼ ਦੀ ਵੀਡੀਓ ਵੀ ਅਟੈਚ ਕਰ ਕੇ ਭੇਜੀ ਗਈ ਸੀ। -ਪੀਟੀਆਈ