ਗੈਂਗਸਟਰ ਹਿਮਾਂਸ਼ੂ ਭਾਉ ਦੇ ਦੋ ਸ਼ਾਰਪਸ਼ੂਟਰ ਡਾਕਟਰ ਨੂੰ ਮਾਰਨ ਜਾਂਦੇ ਸਮੇਂ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਮੀਰ (19) ਅਤੇ ਇੱਕ ਨਾਬਾਲਗ ਵਜੋਂ ਹੋਈ
ਬਾਹਰੀ ਦਿੱਲੀ ਦੇ ਬੱਕਰਵਾਲਾ ਵਿੱਚ ਮੁਕਾਬਲੇ ਤੋਂ ਬਾਅਦ ਨਾਮੀਂ ਗੈਂਗਸਟਰ ਹਿਮਾਂਸ਼ੂ ਭਾਉ ਨਾਲ ਜੁੜੇ ਦੋ ਸ਼ਾਰਪਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ ਅਤੇ ਉਹ ਇੱਕ ਕਾਲੀ ਐੱਸ ਯੂ ਵੀ (SUV) ਵਿੱਚ ਇੱਕ ਡਾਕਟਰ ਨੂੰ ਮਾਰਨ ਜਾ ਰਹੇ ਸਨ। ਦਿੱਲੀ ਪੁਲੀਸ ਨੇ ਸ਼ੁੱਕਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਮੀਰ (19) ਅਤੇ ਇੱਕ ਨਾਬਾਲਗ ਵਜੋਂ ਹੋਈ ਹੈ, ਜੋ ਕਿ ਰੋਹਤਕ, ਹਰਿਆਣਾ ਦਾ ਰਹਿਣ ਵਾਲਾ ਹੈ। ਪੁਲੀਸ ਨੇ ਉਨ੍ਹਾਂ ਤੋਂ ਇੱਕ ਗਲੋਕ 19 ਜੈਨ 4 ਸੈਮੀ-ਆਟੋਮੈਟਿਕ ਪਿਸਤੌਲ, ਇੱਕ ਮੈਗਜ਼ੀਨ ਅਤੇ ਛੇ ਗੋਲੀਆਂ ਬਰਾਮਦ ਕੀਤੀਆਂ ਹਨ।
ਪੁਲੀਸ ਅਨੁਸਾਰ, ਇਹ ਕਾਰਵਾਈ ਹਰਿਆਣਾ ਪੁਲੀਸ ਦੀ ਸੀ ਆਈ ਏ II ਰੋਹਤਕ ਟੀਮ ਵੱਲੋਂ ਸਾਂਝੀ ਕੀਤੀ ਗਈ ਉਸ ਸੂਚਨਾ ਦੇ ਆਧਾਰ 'ਤੇ ਕੀਤੀ ਗਈ, ਜਿਸ ਵਿੱਚ ਭਾਉ ਗਿਰੋਹ ਦੇ ਦੋ ਸ਼ਾਰਪਸ਼ੂਟਰਾਂ ਬਾਰੇ ਦੱਸਿਆ ਗਿਆ ਸੀ ਜੋ ਬੱਕਰਵਾਲਾ ਦੇ ਇਲਾਕੇ ਵਿੱਚ ਇੱਕ ਡਾਕਟਰ ਦੇ ਕਤਲ ਲਈ ਦਿੱਲੀ ਆਏ ਸਨ ਅਤੇ ਇੱਕ ਕਾਲੀ ਐੱਸ ਯੂ ਵੀ ਵਿੱਚ ਸਫ਼ਰ ਕਰ ਰਹੇ ਸਨ।
ਸਪੈਸ਼ਲ ਕਮਿਸ਼ਨਰ ਆਫ਼ ਪੁਲੀਸ (ਕ੍ਰਾਈਮ) ਹਰਗੋਬਿੰਦਰ ਸਿੰਘ ਧਾਲੀਵਾਲ ਨੇ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਸੂਚਨਾ 'ਤੇ ਕਾਰਵਾਈ ਕਰਦਿਆਂ, ਕ੍ਰਾਈਮ ਬ੍ਰਾਂਚ ਦੀ ਟੀਮ ਨੇ ਹਰਿਆਣਾ ਪੁਲੀਸ ਦੇ ਅਮਲੇ ਨਾਲ ਮਿਲ ਕੇ ਯੂ ਈ ਆਰ-2 (UER-2), ਰਣਹੋਲਾ ਨਾਲਾ ਰੋਡ ਕਰਾਸਿੰਗ, ਪਿੰਡ ਬੱਕਰਵਾਲਾ ਨੇੜੇ ਪੋਜੀਸ਼ਨਾਂ ਸੰਭਾਲ ਲਈਆਂ ਅਤੇ ਸ਼ਾਮ 5:45 ਵਜੇ ਦੇ ਕਰੀਬ ਕਾਲੀ ਐੱਸ ਯੂ ਵੀ ਨੂੰ ਮੁੁੰਡਕਾ ਟੋਲ ਸਾਈਡ ਤੋਂ ਆਉਂਦੇ ਹੋਏ ਦੇਖਿਆ ਗਿਆ।
ਉਨ੍ਹਾਂ ਕਿਹਾ ਕਿ ਰੁਕਣ ਦਾ ਇਸ਼ਾਰਾ ਕਰਨ 'ਤੇ, ਐੱਸ ਯੂ ਵੀ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਵਿੱਚ ਵਾਹਨ ਦੀ ਰਫ਼ਤਾਰ ਵਧਾ ਦਿੱਤੀ ਜੋ ਬਾਅਦ ਵਿੱਚ ਇੱਕ ਪਿਕ-ਅੱਪ ਵੈਨ ਨਾਲ ਟਕਰਾ ਗਈ। ਟੱਕਰ ਤੋਂ ਬਾਅਦ, ਪਿਸਤੌਲ ਚੁੱਕੇ ਦੋ ਵਿਅਕਤੀ ਕਾਰ ਵਿੱਚੋਂ ਹੇਠਾਂ ਉਤਰੇ ਅਤੇ ਰਣਹੋਲਾ ਨਾਲਾ ਰੋਡ ਵੱਲ ਭੱਜਣ ਲੱਗੇ। ਪੁਲੀਸ ਟੀਮ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਵਾਰ-ਵਾਰ ਚਿਤਾਵਨੀ ਦਿੱਤੀ। ਹਾਲਾਂਕਿ, ਆਪਣੇ ਆਪ ਨੂੰ ਪੁਲੀਸ ਪਾਰਟੀ ਦੁਆਰਾ ਘਿਰਿਆ ਹੋਣ ਦੇ ਬਾਵਜੂਦ, ਦੋਵਾਂ ਵਿਅਕਤੀਆਂ ਨੇ ਕਥਿਤ ਤੌਰ 'ਤੇ ਪੁਲੀਸ ਮੁਲਾਜ਼ਮਾਂ ਵੱਲ ਆਪਣੇ ਪਿਸਤੌਲ ਤਾਣ ਦਿੱਤੇ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਧਾਲੀਵਾਲ ਨੇ ਜ਼ਿਕਰ ਕੀਤਾ ਕਿ ਗੋਲੀਬਾਰੀ ਕਰਨ ਵਾਲੇ ਹਮਲਾਵਰਾਂ ਨੂੰ ਕਾਬੂ ਕਰਨ ਲਈ ਅਤੇ ਆਤਮ-ਰੱਖਿਆ ਵਿੱਚ, ਪੁਲੀਸ ਮੁਲਾਜ਼ਮਾਂ ਨੇ ਹਵਾ ਵਿੱਚ ਚਿਤਾਵਨੀ ਲਈ ਗੋਲੀ ਚਲਾਈ, ਪਰ ਮੁਲਜ਼ਮ ਵਿਅਕਤੀ ਗੋਲੀਬਾਰੀ ਕਰਦੇ ਰਹੇ। ਬਾਅਦ ਵਿੱਚ ਹੋਏ ਮੁਕਾਬਲੇ ਦੌਰਾਨ, ਦੋਵਾਂ ਦੀਆਂ ਦੋਹਾਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਅਤੇ ਉਨ੍ਹਾਂ ਨੂੰ ਪੁਲੀਸ ਟੀਮ ਨੇ ਕਾਬੂ ਕਰ ਲਿਆ। ਉਨ੍ਹਾਂ ਨੂੰ ਤੁਰੰਤ ਡਾਕਟਰੀ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
ਪੁੱਛਗਿੱਛ ਦੌਰਾਨ, ਮੁਲਜ਼ਮ ਸਮੀਰ ਨੇ ਖੁਲਾਸਾ ਕੀਤਾ ਕਿ ਉਸਨੂੰ ਗੈਂਗਸਟਰ ਹਿਮਾਂਸ਼ੂ ਰਿਟਾਲੀਆ ਉਰਫ਼ ਭਾਊ ਨੇ ਕੰਮ 'ਤੇ ਰੱਖਿਆ ਸੀ, ਜਿਸਨੇ ਸਿਗਨਲ ਐਪ ਰਾਹੀਂ ਉਸ ਨਾਲ ਸੰਪਰਕ ਕੀਤਾ ਸੀ। ਉਸਨੇ ਦੱਸਿਆ ਕਿ ਭਾਊ ਨੇ ਉਸਨੂੰ ਬੱਕਰਵਾਲਾ ਇਲਾਕੇ ਵਿੱਚ ਇੱਕ ਡਾਕਟਰ ਨੂੰ ਮਾਰਨ ਦਾ ਕੰਮ ਸੌਂਪਿਆ ਸੀ ਕਿਉਂਕਿ ਡਾਕਟਰ ਨੇ ਕਥਿਤ ਤੌਰ 'ਤੇ ਰੰਗਦਾਰੀ (ਫਿਰੌਤੀ) ਨਹੀਂ ਦਿੱਤੀ ਸੀ।

