ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਸਤੰਬਰ
ਕੌਮੀ ਰਾਜਧਾਨੀ ਵਿੱਚ ਚੱਲ ਰਹੇ ਜੀ-20 ਸੰਮੇਲਨ ਦੇ ਮੱਦੇਨਜ਼ਰ ਦਿੱਲੀ ਵਿੱਚ ਚੱਪੇ ਚੱਪੇ ’ਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਰਾਹ ਵਿੱਚ ਥਾਂ-ਥਾਂ ’ਤੇ ਨਾਕੇ ਲੱਗੇ ਹੋਣ ਕਾਰਨ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਜਾਣ ਵਾਲੇ ਯਾਤਰੀਆਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਰੇਲ ਆਵਾਜਾਈ ਵੀ ਪ੍ਰਭਾਵਿਤ ਰਹੀ। 9 ਸਤੰਬਰ ਨੂੰ 90 ਤੋਂ ਵੱਧ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਜਦਕਿ 10 ਸਤੰਬਰ ਨੂੰ 100 ਤੋਂ ਵੱਧ ਯਾਤਰੀ ਰੇਲ ਗੱਡੀਆਂ ਨੂੰ ਰੱਦ ਕੀਤਾ ਗਿਆ ਹੈ।
ਉਧਰ, ਦਿੱਲੀ ਪੁਲੀਸ ਨੇ ਲੋਕਾਂ ਨੂੰ ਮੈਟਰੋ ਦਾ ਸਫ਼ਰ ਕਰਨ ਦੀ ਸਲਾਹ ਦਿੱਤੀ ਹੋਈ ਹੈ। ਦਿੱਲੀ ਮੈਟਰੋ ਹਵਾਈ ਅੱਡੇ ਤੱਕ ਪਹੁੰਚਣ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਵਿੱਚੋਂ ਇੱਕੋ ਹੈ। ਔਰੇਂਜ ਲਾਈਨ ਖਾਸ ਤੌਰ ’ਤੇ ਹਵਾਈ ਅੱਡੇ ਨਾਲ ਸਿੱਧੀ ਕੁਨੈਕਟੀਵਿਟੀ ਕਰਦੀ ਹੈ। ਯਾਰੀ ਦੁਆਰਕਾ ਤੋਂ ਟੀ-3 ਤੱਕ ਬਲੂ ਲਾਈਨ ਨਵੀਂ ਦਿੱਲੀ ਸਟੇਸ਼ਨ ਲਈ ਯੈਲੋ ਲਾਈਨ ਲੈ ਸਕਦੇ ਹਨ। ਫਿਰ ਏਅਰਪੋਰਟ ਐਕਸਪ੍ਰੈੱਸ ਲਾਈਨ ਸ਼ਿਵਾਜੀ ਸਟੇਡੀਅਮ ਤੋਂ ਏਅਰਪੋਰਟ ਟੀ-3 ਤੱਕ ਔਰੇਂਜ ਲਾਈਨ ਦੀ ਵਰਤੋਂ ਕਰ ਸਕਦੇ ਹਨ। ਅੱਜ ਵੀ ਦਿੱਲੀ ਦੀਆਂ ਸੜਕਾਂ ’ਤੇ ਖਾਸ ਕਰ ਨਵੀਂ ਦਿੱਲੀ ਜ਼ਿਲ੍ਹੇ ਦੇ ਇਲਾਕੇ ਵਿੱਚ ਸੁੰਨ ਪੱਸਰੀ ਰਹੀ। ਲੋਕ ਵੀ ਮੈਟਰੋ ਵਿੱਚ ਸਫ਼ਰ ਕਰਨ ਨੂੰ ਤਰਜੀਹ ਦੇ ਰਹੇ ਹਨ। ਬਾਜ਼ਾਰਾਂ ਅੱਜ ਵੀ ਸੁੰਨ-ਸਾਨ ਰਹੇ। ਦਿੱਲੀ ਤੇ ਐੱਨਸੀਆਰ ਵਿੱਚ ਪਾਬੰਦੀਆਂ ਕਾਰਨ ਲੋਕਾਂ ਦਾ ਆਉਣ-ਜਾਣ ਮੁਸ਼ਕਲ ਹੋ ਗਿਆ ਹੈ।ਇਸ ਦੌਰਾਨ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਦਿੱਲੀ ਤੋਂ ਦੱਖਣੀ ਹਰਿਆਣਾ ਦੇ ਸੋਨੀਪਤ-ਪਾਨੀਪਤ, ਰੋਹਤਕ, ਰੇਵਾੜੀ ਅਤੇ ਪਲਵਲ ਰੂਟਾਂ ’ਤੇ ਜ਼ਿਆਦਾਤਰ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਹਨ। ਇਨ੍ਹਾਂ ਤੋਂ ਇਲਾਵਾ ਦਿੱਲੀ-ਰੇਵਾੜੀ ਐਕਸਪ੍ਰੈੱਸ ਸਪੈਸ਼ਲ ਅਤੇ ਰੇਵਾੜੀ-ਦਿੱਲੀ ਐਕਸਪ੍ਰੈੱਸ ਸਪੈਸ਼ਲ ਰੇਲ ਗੱਡੀਆਂ 11 ਸਤੰਬਰ ਨੂੰ ਰੱਦ ਕੀਤੀਆਂ ਗਈਆਂ ਰੇਲਗੱਡੀਆਂ ਵਿੱਚ ਸ਼ਾਮਲ ਹਨ। ਕਈ ਰੇਲਗੱਡੀਆਂ ਜੋ 9 ਅਤੇ 10 ਸਤੰਬਰ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਸ਼ੁਰੂ ਹੋਣ ਜਾਂ ਪਹੁੰਚਣ ਵਾਲੀਆਂ ਹਨ, ਉਨ੍ਹਾਂ ਦੀਆਂ ਮੰਜ਼ਿਲਾਂ ਹੁਣ ਗਾਜ਼ੀਆਬਾਦ ਜਾਂ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨਾਂ ’ਤੇ ਸਮਾਪਤ ਹੋਣਗੀਆਂ ਜਾਂ ਸਫ਼ਰ ਸ਼ੁਰੂ ਕਰਨਗੀਆਂ।
ਦਿੱਲੀ ਵਾਸੀ ਸੈਰ-ਸਪਾਟੇ ਨੂੰ ਨਿਕਲੇ, ਟੂਰ ਲਈ ਬੁਕਿੰਗ ਵਧੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਕੌਮੀ ਰਾਜਧਾਨੀ ਵਿੱਚ ਹੋ ਰਹੇ ਜੀ-20 ਸੰਮੇਲਨ ਦੇ ਮੱਦੇਨਜ਼ਰ ਵਿਦੇਸ਼ੀ ਮਹਿਮਾਨਾਂ ਦੇ ਆਉਣਾ ਸ਼ੁਰੂ ਕਰਨ ਦੇ ਨਾਲ ਹੀ ਦਿੱਲੀ ਵਾਸੀਆਂ ਨੇ ਦਿੱਲੀ ਦੇ ਨੇੜਲੇ ਸੈਲਾਨੀ ਕੇਂਦਰਾਂ ਵੱਲ ਰੁਖ਼ ਕਰ ਲਿਆ ਹੈ। ਜੀ-20 ਸੰਮੇਲਨ ਕਾਰਨ ਦਿੱਲੀ ਵਿੱਚ ਛੁੱਟੀਆਂ ਹੋਣ ਕਰਕੇ ਤੇ ਸੁਰੱਖਿਆ ਕਾਰਨਾਂ ਕਰਕੇ ਕਈ ਪਾਬੰਦੀਆਂ ਲਾਈਆਂ ਗਈਆਂ ਹਨ। ਬੀਤੇ ਦਿਨ ਜਨਮ ਅਸ਼ਟਮੀ ਦੀ ਛੁੱਟੀ ਸੀ ਤੇ ਅੱਜ ਤੋਂ 10 ਸਤੰਬਰ ਤੱਕ ਜੀ-20 ਕਾਰਨ ਸਰਕਾਰ ਵੱਲੋਂ ਛੁੱਟੀਆਂ ਐਲਾਨੀਆਂ ਗਈਆਂ ਹਨ। ਦਿੱਲੀ ਦੇ ਕਨਾਟ ਪੈਲੇਸ ਨੇੜੇ ਹਨੂਮਾਨ ਮੰਦਰ ਕੋਲ ਟੂਰ ਪ੍ਰਬੰਧ ਕਰਨ ਵਾਲੇ ਏ ਐਂਡ ਡੀ ਟੂਰ ਐਂਡ ਟਰੇਵਲਜ਼ ਦੇ ਮਾਲਕ ਅਮਿਤ ਗੁਪਤਾ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਛੁੱਟੀਆਂ ਦਾ ਐਲਾਨ ਹੋਇਆ ਸੀ ਤਾਂ ਲੋਕਾਂ ਨੇ ਸ਼ਿਮਲਾ, ਮਸੂਰੀ, ਨੈਨੀਤਾਲ, ਜੈਪੁਰ ਤੇ ਮੋਰਨੀ ਵਰਗੇ ਸੈਲਾਨੀ ਕੇਂਦਰਾਂ ਵੱਲ ਰੁਖ਼ ਕੀਤਾ ਸੀ। ਗੁਪਤਾ ਨੇ ਦੱਸਿਆ ਕਿ ਇਸ ਵਾਰ ਪਹਾੜਾਂ ’ਤੇ ਬਹੁਤ ਜ਼ਿਆਦਾ ਮੀਂਹ ਪੈਣ ਕਾਰਨ ਜੋ ਲੋਕ ਨਹੀਂ ਗਏ ਸਨ, ਉਨ੍ਹਾਂ ਇਨ੍ਹਾਂ ਛੁੱਟੀਆਂ ਦਾ ਲਾਹਾ ਲਿਆ ਤੇ ਦਿੱਲੀ ਤੋਂ ਦੂਰ ਜਾਣ ਲਈ ਟੂਰ ਬੁੱਕ ਕਰਵਾ ਲਏ ਸਨ। ਉਸ ਨੇ ਦੱਸਿਆ ਕਿ ਪਹਿਲਾਂ ਵੀ ਇਹ ਰੁਝਾਨ ਰਿਹਾ ਹੈ ਕਿ ਜਦੋਂ ਹਫ਼ਤੇ ਦੇ ਆਖ਼ਰੀ ਦਿਨਾਂ ਦੌਰਾਨ ਤਿੰਨ-ਚਾਰ ਦਿਨ ਛੁੱਟੀਆਂ ਦੇ ਆ ਜਾਂਦੇ ਹਨ ਤਾਂ ਉਹ ਇੱਕ-ਦੋ ਛੁੱਟੀਆਂ ਹੋਰ ਨਾਲ ਲੈ ਕੇ ਬਾਹਰ ਪਰਿਵਾਰਾਂ ਸਮੇਤ ਚੱਲੇ ਜਾਂਦੇ ਹਨ। ਜਨਕਪੁਰੀ ਦੇ ਇੱਕ ਪਰਿਵਾਰ ਨੇ ਦੱਸਿਆ ਕਿ ਇਸ ਹਫ਼ਤੇ ਵੀ ਜੀ-20 ਕਾਰਨ ਤਿੰਨ ਛੁੱਟੀਆਂ, ਜਨਮ ਅਸ਼ਟਮੀ ਦੀ ਛੁੱਟੀ ਨਾਲ ਜੋੜ ਕੇ ਲਗਾਤਾਰ ਚਾਰ ਛੁੱਟੀਆਂ ਹੋ ਗਈਆਂ ਹਨ। ਇਸ ਲਈ ਉਨ੍ਹਾਂ ਪੰਜਾਬ ਦਾ ਗੇੜਾ ਲਾਉਣਾ ਬਿਹਤਰ ਸਮਝਿਆ।
ਜਾਮਾ ਮਸਜਿਦ ਖੇਤਰ ਵਿੱਚ ਬੰਬ ਮਿਲਣ ਦੀ ਅਫਵਾਹ

ਜੀ-20 ਸੰਮੇਲਨ ਲਈ ਕੌਮੀ ਰਾਜਧਾਨੀ ਵਿੱਚ ਸਖ਼ਤ ਸੁਰੱਖਿਆ ਦੇ ਵਿਚਕਾਰ ਜਾਮਾ ਮਸਜਿਦ ਇਲਾਕੇ ਵਿੱਚ ਸੁਰੱਖਿਆ ਵਧਾਈ ਗਈ। ਦਿੱਲੀ ਪੁਲੀਸ ਨੂੰ ਜਾਮਾ ਮਸਜਿਦ ਦੇ ਖੇਤਰ ਵਿੱਚ ਬੰਬ ਮਿਲਣ ਦੇ ਸਬੰਧ ਵਿੱਚ ਇੱਕ ਕਾਲ ਆਈ ਸੀ। ਸੂਚਨਾ ਮਿਲਣ ’ਤੇ ਸਥਾਨਕ ਪੁਲੀਸ ਡੌਗ ਸਕੁਐਡ ਅਤੇ ਬੰਬ ਡਿਸਪੋਜ਼ਲ ਸਕੁਐਡ (ਬੀਡੀਐੱਸ) ਨਾਲ ਮੌਕੇ ’ਤੇ ਪਹੁੰਚ ਗਈ। ਜਾਂਚ ਮਗਰੋਂ ਪਤਾ ਚੱਲਿਆ ਕਿ ਕੁਝ ਵੀ ਸ਼ੱਕੀ ਨਹੀਂ ਸੀ। ਇਹ ਬੈਗ ਕਿਸੇ ਬੱਚੇ ਦਾ ਸੀ। ਕਿਸੇ ਨੇ ਇਸ ਬੈਗ ਵਿੱਚ ਬੰਬ ਹੋਣ ਦਾ ਖਦਸ਼ਾ ਪ੍ਰਗਟਾ ਕੇ ਪੁਲੀਸ ਨੂੰ ਕਾਲ ਕਰ ਦਿੱਤੀ। ਦਿੱਲੀ ਪੁਲੀਸ ਹਾਈ ਅਲਰਟ ’ਤੇ ਹੈ। ਕੌਮੀ ਸੁਰੱਖਿਆ ਗਾਰਡ ਦੇ ਕੇ-9 ਸਨੀਫਰ ਡੌਗ ਸਕੁਐਡ ਅਤੇ ਬੰਬ ਨਕਾਰਾ ਦਸਤਿਆਂ ਨੂੰ ਮਹਾਤਮਾ ਗਾਂਧੀ ਦੇ ਸਮਾਰਕ ਰਾਜਘਾਟ ’ਤੇ ਤਾਇਨਾਤ ਕੀਤਾ ਗਿਆ ਹੈ।
ਡਰੋਨ ਨੇ ਪੁਲੀਸ ਨੂੰ ਭਾਜੜਾਂ ਪਾਈਆਂ
ਨਵੀਂ ਦਿੱਲੀ (ਪੱਤਰ ਪ੍ਰੇਰਕ): ਕੌਮੀ ਰਾਜਧਾਨੀ ਵਿੱਚ ਹਾਈ ਅਲਰਟ ਦੌਰਾਨ ਇੱਕ ਡਰੋਨ ਨੇ ਦਿੱਲੀ ਪੁਲੀਸ ਨੂੰ ਭਾਜੜਾਂ ਪਾ ਦਿੱਤੀਆਂ। ਦਰਅਸਲ ਇੱਕ ਫੋਟੋਗ੍ਰਾਫਰ ਡਰੋਨ ਰਾਹੀਂ ਜਨਮ ਦਿਨ ਪਾਰਟੀ ਦੀ ਸ਼ੂਟਿੰਗ ਕਰ ਰਿਹਾ ਸੀ। ਪੁਲੀਸ ਨੇ ਮਨਾਹੀ ਦੇ ਬਾਵਜੂਦ ਡਰੋਨ ਉਡਾਉਣ ਸਬੰਧੀ ਫੋਟੋਗ੍ਰਾਫਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਘਟਨਾ ਬੀਤੀ ਸ਼ਾਮ ਨੂੰ ਸਾਹਮਣੇ ਆਈ। ਦਿੱਲੀ ਵਿੱਚ ਚੱਲ ਰਹੇ ਜੀ-20 ਸਿਖਰ ਸੰਮੇਲਨ ਦੇ ਮੱਦੇਨਜ਼ਰ ਪੁਲੀਸ ਨੂੰ ਮੱਧ ਦਿੱਲੀ ਦੇ ਪਟੇਲ ਨਗਰ ਇਲਾਕੇ ਵਿੱਚ ਡਰੋਨ ਦੀ ਮੌਜੂਦਗੀ ਦੀ ਸੂਚਨਾ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸਥਾਨ ’ਤੇ ਪਹੁੰਚ ਕੇ ਸਪੱਸ਼ਟ ਹੋ ਗਿਆ ਕਿ ਇਹ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ ਅਤੇ ਇੱਕ ਫੋਟੋਗ੍ਰਾਫਰ ਰਿਕਾਰਡ ਕਰਨ ਲਈ ਡਰੋਨ ਦੀ ਵਰਤੋਂ ਕਰ ਰਿਹਾ ਸੀ। ਪੁਲੀਸ ਅਨੁਸਾਰ ਆਈਪੀਸੀ ਦੀ ਧਾਰਾ 188 ਤਹਿਤ ਫੋਟੋਗ੍ਰਾਫਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸੁਰੱਖਿਆ ਕਾਰਨਾਂ ਕਰਕੇ ਦਿੱਲੀ ਪੁਲੀਸ ਨੇ ਪੈਰਾਗਲਾਈਡਰ ਅਤੇ ਗਰਮ ਹਵਾ ਦੇ ਗੁਬਾਰਿਆਂ ਉਡਾਣ ’ਤੇ ਪਾਬੰਦੀ ਲਗਾਈ ਹੋਈ ਹੈ।
ਅੱਗ ਬੁਝਾਊ ਮੁਲਾਜ਼ਮਾਂ ਨੂੰ ਤਸਵੀਰਾਂ ਸਾਂਝੀਆਂ ਨਾ ਕਰਨ ਦੀ ਹਦਾਇਤ
ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਜੀ-20 ਸਿਖਰ ਸੰਮਲੇਨ ਦੌਰਾਨ ਡਿਊਟੀ ਦੇ ਰਹੇ ਆਪਣੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਸੁਰੱਖਿਆ ਵਾਲੀਆਂ ਥਾਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਨਾ ਕਰਨ ਕਿਉਂਕਿ ਇਹ ਸੁਰੱਖਿਆ ਦੇ ਪੱਖੋਂ ਕੁਤਾਹੀ ਹੋ ਸਕਦੀ ਹੈ। ਡੀਐੱਫਐੱਸ ਦੇ ਆਦੇਸ਼ ਵਿੱਚ ਕਿਹਾ ਗਿਆ ਹੈ, ‘‘ਜੀ 20 ਨੇਤਾਵਾਂ ਦੇ ਸੰਮੇਲਨ ਦੇ ਸਬੰਧ ਵਿੱਚ ਡਿਊਟੀ ਲਈ ਤਾਇਨਾਤ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਜੀ-20 ਸਥਾਨਾਂ, ਸੁਰੱਖਿਆ ਪਾਸਾਂ, ਵਾਹਨਾਂ ਦੇ ਪਾਸਾਂ ਦੀਆਂ ਤਸਵੀਰਾਂ ਨਾ ਖਿੱਚਣ ਅਤੇ ਸੋਸ਼ਲ ਮੀਡੀਆ ਰਾਹੀਂ ਕਦੇ ਵੀ ਕਿਸੇ ਨਾਲ ਤਸਵੀਰਾਂ ਸਾਂਝੀਆਂ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।’’