ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਸਤੰਬਰ
ਦਿੱਲੀ-ਐੱਨਸੀਆਰ ਦੇ ਕੁੱਝ ਇਲਾਕਿਆਂ ਵਿੱਚ ਅੱਜ ਪਏ ਮੀਂਹ ਨੇ ਕੇਂਦਰ ਸਰਕਾਰ ਦੇ ਸਾਰੇ ਸਰਕਾਰੀ ਦਾਅਵੇ ਧੋ ਸੁੱਟੇ ਹਨ। ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਜੀ-20 ਸਿਖਰ ਸੰਮੇਲਨ ਲਈ ਬਣੇ ‘ਭਾਰਤ ਮੰਡਪਮ’ ਵਿੱਚ ਮੀਂਹ ਦਾ ਪਾਣੀ ਭਰ ਗਿਆ। ਇਸ ਨੂੰ ਲੈ ਕੇ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਉਪ ਰਾਜਪਾਲ ਵੀ ਕੇ ਸਕਸੈਨਾ ’ਤੇ ਨਿਸ਼ਾਨਾ ਸੇਧਿਆ ਹੈ। ਸੌਰਭ ਭਾਰਦਵਾਜ ਨੇ ‘ਭਾਰਤ ਮੰਡਪਮ’ ਨੇੜਿਉਂ 31 ਸੈਕਿੰਡ ਦੀ ਬਣਾਈ ਵੀਡੀਓ ਕਲਿੱਪ ‘ਐਕਸ’ ’ਤੇ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ‘ਮੰਡਪਮ’ ਦੁਆਲੇ ਭਰਿਆ ਪਾਣੀ ਦਿਖਾਈ ਦੇ ਰਿਹਾ ਹੈ। ਭਾਰਦਵਾਜ ਨੇ ਨਾਲ ਹੀ ਜ਼ਿਕਰ ਕੀਤਾ ਕਿ ਜੇਕਰ 50 ਤੋਂ ਵੱਧ ਨਿਰੀਖਣ ਕੀਤੇ ਜਾਣ ਮਗਰੋਂ ਵੀ ਇਹ ਖੇਤਰ ਪਾਣੀ ਵਿੱਚ ਡੁੱਬ ਜਾਂਦਾ ਹੈ ਤਾਂ ਸੋਚਣਾ ਬਣਦਾ ਹੈ। ਭਾਰਦਵਾਜ ਨੇ ‘ਐਕਸ’ ’ਤੇ ਲਿਖਿਆ, ‘‘ਸਤਿਕਾਰਯੋਗ ਐੱਲਜੀ ਸਾਹਿਬ ਇਹ ਬਹੁਤ ਗੰਭੀਰ ਹੈ। ਤੁਹਾਡੇ 50+ ਨਿਰੀਖਣਾਂ ਮਗਰੋਂ ਵੀ ਜੇਕਰ ਮੰਡਪਮ ਦੇ ਆਲੇ-ਦੁਆਲੇ ਦਾ ਮੁੱਖ ਖੇਤਰ ਪਾਣੀ ਵਿੱਚ ਡੁੱਬਿਆ ਹੋਇਆ ਹੈ ਤਾਂ ਸੋਚਣਾ ਚਾਹੀਦਾ ਹੈ। ਦਿੱਲੀ ਦਾ ਮੰਤਰੀ ਹੋਣ ਦੇ ਨਾਤੇ ਮੇਰਾ ਇਸ ਕੇਂਦਰੀ ਸਰਕਾਰ ਦੇ ਖੇਤਰ ’ਤੇ ਕੰਟਰੋਲ ਨਹੀਂ ਹੈ ਨਹੀਂ ਤਾਂ ਤੁਹਾਡੀ ਮਦਦ ਜ਼ਰੂਰ ਕਰਦਾ।’’
ਦੱਸਣਾ ਬਣਦਾ ਹੈ ਕਿ ਉਪ ਰਾਜਪਾਲ ਸ੍ਰੀ ਸਕਸੈਨਾ ਨੇ ਸ਼ਨਿਚਰਵਾਰ ਨੂੰ ਕਿਹਾ ਸੀ ਕਿ ਜੀ-20 ਸੰਮੇਲਨ ਲਈ ਪਹੁੰਚੇ ਮਹਿਮਾਨਾਂ ਲਈ ਸੁਹਾਵਣਾ ਪਰਵਾਸ ਯਕੀਨੀ ਬਣਾਉਣ ਲਈ ਭਗਵਾਨ ਇੰਦਰ ਦੇ ਆਸ਼ੀਰਵਾਦ ਕਾਰਨ ਕੌਮੀ ਰਾਜਧਾਨੀ ਵਿੱਚ ਮੀਂਹ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਵਾਰ ਮੌਨਸੂਨ ਦੌਰਾਨ ਯਮੁਨਾ ਵਿੱਚ ਆਏ ਹੜ੍ਹਾਂ ਕਾਰਨ ਨਦੀ ਦਾ ਪਾਣੀ ਸੁਪਰੀਮ ਕੋਰਟ ਕੋਲ ਪਹੁੰਚ ਗਿਆ ਸੀ ਜੋ ਭਾਰਤ ਮੰਡਪਮ ਦੇ ਸਾਹਮਣੇ ਹੈ। ਦਿੱਲੀ ਦੇ ਅਧਿਕਾਰੀਆਂ ਵੱਲੋਂ ਇਲਾਕੇ ਵਿੱਚ ਪਾਣੀ ਭਰਨ ਤੋਂ ਰੋਕਣ ਲਈ ਪੁਖ਼ਤਾ ਬੰਦੋਬਸਤ ਕਰਨ ਦੇ ਦਾਅਵੇ ਕੀਤੇ ਗਏ ਸਨ।
ਸਰਕਾਰ ਦੇ ਖੋਖਲੇ ਵਿਕਾਸ ਦੀ ਪੋਲ ਖੁੱਲ੍ਹੀ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਜੀ-20 ਸਿਖਰ ਸੰਮੇਲਨ ਲਈ ਉਸਾਰੇ ਗਏ ‘ਭਾਰਤ ਮੰਡਪਮ’ ਵਿੱਚ ਪਾਣੀ ਖੜ੍ਹੇ ਹੋਣ ਦੀ ਇੱਕ ਵੀਡੀਓ ਅੱਜ ਸੋਸ਼ਲ ਮੀਡੀਆ ਮੰਚ ‘ਐਕਸ’ ਉੱਤੇ ਸਾਂਝੀ ਕਰਦਿਆਂ ਕਿਹਾ ਕਿ ਇਸ ਨਾਲ ਮੋਦੀ ਸਰਕਾਰ ਦੇ ‘ਖੋਖਲੇ ਵਿਕਾਸ’ ਦੀ ਪੋਲ ਖੁੱਲ੍ਹ ਗਈ ਹੈ। ਵੀਡੀਓ ਵਿੱਚ ਲੋਕਾਂ ਨੂੰ ਖੜ੍ਹੇ ਪਾਣੀ ਵਿੱਚੋਂ ਇੱਕ ਪਾਸੇ ਦੀ ਲੰਘਦੇ ਦੇਖਿਆ ਜਾ ਸਕਦਾ ਹੈ। ਕਾਂਗਰਸ ਨੇ ਕਿਹਾ, ‘‘ਖੋਖਲੇ ਵਿਕਾਸ ਦੀ ਪੋਲ ਖੁੱਲ੍ਹ ਗਈ ਹੈ। ਜੀ-20 ਲਈ ਭਾਰਤ ਮੰਡਪਮ ਤਿਆਰ ਕੀਤਾ ਗਿਆ। 2700 ਕਰੋੜ ਰੁਪਏ ਲਗਾ ਦਿੱਤੇ ਗਏ। ਇੱਕ ਮੀਂਹ ਵਿੱਚ ਹੀ ਪਾਣੀ ਫਿਰ ਗਿਆ।’’ ਪਾਰਟੀ ਬੁਲਾਰੇ ਸੁਪ੍ਰਿਆ ਸ੍ਰੀਨੇਤ ਨੇ ਕਿਹਾ, ‘‘ਪਾਣੀ ਕੱਢਣ ਲਈ ਮਸ਼ੀਨ ਦੀ ਮਦਦ ਲਈ ਜਾ ਰਹੀ ਹੈ। ਬਾਰਿਸ਼ ਵੀ ਕੌਮਾਂਤਰੀ ਦੇਸ਼-ਵਿਰੋਧੀ ਸਾਜ਼ਿਸ਼ ਵਿੱਚ ਸ਼ਾਮਲ ਹੈ।’’ ਰਾਜਸਥਾਨ ਦੇ ਟੌਂਕ ਜ਼ਿਲ੍ਹੇ ਦੇ ਨਿਵਾਈ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਿਅੰਗ ਕੱਸਿਆ ਹੈ। ਪਾਰਟੀ ਬੁਲਾਰੇ ਪਵਨ ਖੇੜਾ ਨੇ ਵੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਿਆ ਹੈ। -ਪੀਟੀਆਈ
ਮੀਂਹ ਮਗਰੋਂ ਦਿੱਲੀ ਦੀ ਆਬੋ-ਹਵਾ ਵਿੱਚ ਸੁਧਾਰ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ-ਐੱਨਸੀਆਰ ਦੇ ਕੁੱਝ ਇਲਾਕਿਆਂ ਵਿੱਚ ਅੱਜ ਮੀਂਹ ਪਿਆ ਜਿਸ ਕਾਰਨ ਮੌਸਮ ਖੁਸ਼ਗਵਾਰ ਹੋ ਗਿਆ ਹੈ। ਬੀਤੇ ਦਿਨੀਂ ਰੁਕ-ਰੁਕ ਕੇ ਪਏ ਮੀਂਹ ਤੇ ਚੱਲੀਆਂ ਤੇਜ਼ ਹਵਾਵਾਂ ਕਾਰਨ ਦਿੱਲੀ ਵਿੱਚ ਸਾਲ ਦੀ ਸਭ ਤੋਂ ਸਵੱਛ ਹਵਾ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਸ਼ਨਿਚਰਵਾਰ ਨੂੰ ਏਕਿਊਆਈ 54 ਸੀ। ਉਧਰ, ਐੱਨਸੀਆਰ ਦੇ ਸ਼ਹਿਰਾਂ ਫਰੀਦਾਬਾਦ, ਬੱਲਬਗੜ੍ਹ, ਪਲਵਲ, ਗੁਰੂਗ੍ਰਾਮ, ਨੋਇਡਾ ਤੇ ਗਾਜ਼ੀਆਬਾਦ ਵਿੱਚ ਵੀ ਮੀਂਹ ਪਿਆ। ਮੌਸਮ ਵਿਭਾਗ ਅਨੁਸਾਰ ਸਫਦਰਜੰਗ, ਕੌਮਾਂਤਰੀ ਹਵਾਈ ਅੱਡਾ, ਰਾਜਘਾਟ, ਵਸੰਤ ਕੁੰਜ, ਪ੍ਰਗਤੀ ਮੈਦਾਨ ਖੇਤਰ, ਮੁਨੀਰਕਾ ਅਤੇ ਨਰੇਲਾ ਸਮੇਤ ਦਿੱਲੀ ਦੇ ਕਈ ਹਿੱਸਿਆਂ ਵਿੱਚ ਬੀਤੀ ਰਾਤ ਹਲਕੀ ਬਾਰਿਸ਼ ਹੋਈ, ਜੋ ਅੱਜ ਤੜਕੇ ਤੱਕ ਜਾਰੀ ਰਹੀ। ਮੌਸਮ ਵਿਭਾਗ ਅਨੁਸਾਰ ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤੇ ਘੱਟੋ ਘੱਟ ਤਾਪਮਾਨ ਕ੍ਰਮਵਾਰ 32 ਅਤੇ 24 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਵਿੱਖਬਾਣੀ ਅਨੁਸਾਰ ਅਗਲੇ ਦੋ ਦਿਨਾਂ ਵਿੱਚ ਕੌਮੀ ਰਾਜਧਾਨੀ ਵਿੱਚ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।
‘ਗਾਂਧੀ ਫਿਰ ਜਿੱਤ ਗਏ, ਗੌਡਸੇ ਫਿਰ ਹਾਰ ਗਏ’
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਭਾਜਪਾ ਤੇ ਆਰਐੱਸਐੱਸ ’ਤੇ ਨਿਸ਼ਾਨਾ ਸੇਧਦਿਆਂ ਜੀ-20 ਸੰਮੇਲਨ ਦੌਰਾਨ ਆਏ ਵਿਦੇਸ਼ੀ ਆਗੂਆਂ ਵੱਲੋਂ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ ਵਿਖੇ ਸ਼ਰਧਾਂਜਲੀ ਦੇਣ ਸਮੇਂ ਦੀ ਵੀਡੀਓ ਕਲਿੱਪ ਸਾਂਝੀ ਕੀਤੀ ਹੈ। ਇਸ ਕਲਿੱਪ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਭਾਰਤ ਵਿੱਚ ਸਿਖਰ ਸੰਮੇਲਨ ਸਮੇਂ ਦਿੱਲੀ ਦੇ ਰਾਜਘਾਟ ’ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਮਗਰੋਂ ਸ੍ਰੀ ਮੋਦੀ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦਿਖਾਈ ਦੇ ਰਹੇ ਹਨ। ਸੌਰਭ ਭਾਰਦਵਾਜ ਨੇ ‘ਐਕਸ’ ’ਤੇ ਕਿਹਾ, ‘‘ਗਾਂਧੀ ਫਿਰ ਜਿੱਤ ਗਏ, ਗੌਡਸੇ ਫਿਰ ਹਾਰ ਗਏ।’’