ਗੁਆਂਢੀ ਸੂਬਿਆਂ ’ਚ ਫੂਕੀ ਪਰਾਲੀ ਦਾ ਅਸਰ ਦਿੱਲੀ ’ਤੇ ਪੈਣਾ ਸ਼ੁਰੂ

ਗੁਆਂਢੀ ਸੂਬਿਆਂ ’ਚ ਫੂਕੀ ਪਰਾਲੀ ਦਾ ਅਸਰ ਦਿੱਲੀ ’ਤੇ ਪੈਣਾ ਸ਼ੁਰੂ

ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਸਤੰਬਰ

ਉੱਤਰ-ਪੱਛਮੀ ਭਾਰਤ ਦੇ ਖੇਤੀ ਪ੍ਰਧਾਨ ਰਾਜਾਂ ਵਿੱਚ ਝੋਨੇ ਦੀ ਕਟਾਈ ਸ਼ੁਰੂ ਹੋਣ ਮਗਰੋਂ ਪਰਾਲੀ ਸਾੜੇ ਜਾਣ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ, ਜਿਸ ਮਗਰੋਂ ਆਉਣ ਵਾਲੇ ਦਿਨਾਂ ਵਿੱਚ ਕੌਮੀ ਰਾਜਧਾਨੀ ਦੀ ਸਵੱਛ ਹਵਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਧਰਤੀ ਵਿਗਿਆਨ ਮੰਤਰਾਲੇ ਦੀ ਏਅਰ ਕੁਆਲਿਟੀ ਸੰਸਥਾ ‘ਸਫ਼ਰ’ ਨੇ ਕਿਹਾ ਦਿੱਲੀ ਦੀ ਹਵਾ ਦੀ ਗੁਣਵੱਤਾ ‘ਦਰਮਿਆਨੀ’ ਸੀ ਜੋ ਸੋਮਵਾਰ ਤੱਕ ਹੋਰ ‘ਮਾੜੀ’ ਹੋ ਸਕਦੀ ਹੈ। ‘ਸਫ਼ਰ’ ਨੇ ਕਿਹਾ ਕਿ ਦੱਖਣ-ਪੱਛਮ ਦੇ ਸੁੱਕੇ ਖੇਤਰਾਂ ਤੋਂ ਆ ਰਹੀ ਧੂੜ ਨੇ ਦਿੱਲੀ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ, “ਅੰਮ੍ਰਿਤਸਰ, ਪੰਜਾਬ ਤੇ ਗੁਆਂਢੀ, ਸਰਹੱਦੀ ਇਲਾਕਿਆਂ ’ਚ ਖੇਤਾਂ ਵਿੱਚ ਪਰਾਲੀ ਸਾੜਨ ਦੀ ਸ਼ੁਰੂਆਤ ਹੋ ਗਈ ਹੈ ਤੇ ਇਸ ਨਾਲ ਸ਼ਹਿਰ ਦੀ ਹਵਾ ਦੀ ਗੁਣਵੱਤਾ ਪ੍ਰਭਾਵਤ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਏਅਰ ਕੁਆਲਟੀ ਇੰਡੈਕਸ (ਹਵਾ ਸਵੱਛਤਾ ਸੂਚਕ ਅੰਕ) ਸ਼ਨਿਚਰਵਾਰ ਨੂੰ ਹੇਠਾਂ ਸਰਕ ਗਿਆ ਹੈ। 27 ਤੇ 28 ਸਤੰਬਰ ਨੂੰ ਮੱਧ ਸ਼੍ਰੇਣੀ ਤੋਂ ‘ਮਾੜੀ’ ਸ਼੍ਰੇਣੀ ਵਿੱਚ ਜਾਣ ਦੀ ਉਮੀਦ ਹੈ। ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (ਏਕਿਯੂਆਈ) 168  ਰਿਹਾ ਜੋ ‘ਦਰਮਿਆਨੀ’’ ਸ਼੍ਰੇਣੀ ਵਿਚ ਆਉਂਦਾ ਹੈ। ਸ਼ੁੱਕਰਵਾਰ ਨੂੰ ਇਹ 134 ਸੀ। ਨਾਸਾ ਵਿੱਚ ਯੂਨੀਵਰਸਿਟੀਜ਼ ਸਪੇਸ ਰਿਸਰਚ ਐਸੋਸੀਏਸ਼ਨ ਦੇ ਸੀਨੀਅਰ ਵਿਗਿਆਨੀ ਪਵਨ ਗੁਪਤਾ ਨੇ ਕਿਹਾ ਕਿ ਅਗਲੇ ਦੋ-ਤਿੰਨ ਦਿਨਾਂ ’ਚ ਸਿੰਧ ਤੇ ਗੰਗਾ ਮੈਦਾਨ ਵਿੱਚ ‘ਪੀਐਮ’ 2.5 ਵੱਧ ਹੋਣ ਦਾ ਅਨੁਮਾਨ ਹੈ। ਕਿਸਾਨਾਂ ਅਨੁਸਾਰ ਸਬਸਿਡੀ ਤੇ ਸਰਕਾਰੀ ਸਹਾਇਤਾ ਦੇ ਬਾਵਜੂਦ ਪਰਾਲੀ ਦੇ ਪ੍ਰਦੂਸ਼ਣ ਮੁਕਤ ਨਿਪਟਾਰੇ ਲਈ ਪ੍ਰਤੀ ਏਕੜ ’ਚ ਦੋ-ਤਿੰਨ ਹਜ਼ਾਰ ਰੁਪਏ ਦੀ ਲਾਗਤ ਆ ਰਹੀ ਹੈ। ਇਸ ਤੋਂ ਇਲਾਵਾ ਇਕ ਏਕੜ ਜ਼ਮੀਨ ’ਚ ਪਰਾਲੀ ਨਾਲ ਸਬੰਧਤ ਮਸ਼ੀਨਾਂ ਲਗਾਉਣ ਲਈ ਡੀਜ਼ਲ ਦੀ ਕੀਮਤ 50 ਤੋਂ 60 ਰੁਪਏ ਪ੍ਰਤੀ ਲੀਟਰ ਹੈ। ਕੋਵਿਡ ਦੇ ਸਮੇਂ ਕਿਸਾਨਾਂ ਕੋਲ ਆਪਣੇ ਕਰਜ਼ੇ ਵਾਪਸ ਕਰਨ ਲਈ ਪੈਸੇ ਨਹੀਂ ਹਨ ਇਸ ਲਈ ਉਹ ਇਸ ਨਿਵੇਸ਼ ਲਈ ਤਿਆਰ ਨਹੀਂ ਹਨ।

ਕੇਜਰੀਵਾਲ ਨੇ ਪਰਾਲੀ ਦੇ ਨਿਬੇੜੇ ਲਈ ਜਾਵੜੇਕਰ ਨੂੰ ਪੱਤਰ ਲਿਖਿਆ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਨੂੰ ਦਿੱਲੀ ਦੀ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ (ਆਈਏਸੀਆਰ) ਵੱਲੋਂ ਤਿਆਰ ਕੀਤੀ ਗਈ ਬਾਇਓ-ਡੀਕੰਪੋਜ਼ਰ ਤਕਨੀਕ ਬਾਰੇ ਦੱਸਿਆ ਤੇ ਸ੍ਰੀ ਜਾਵੜੇਕਰ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਨਵੀਂ ਤਕਨੀਕ ਦੀ ਵਰਤੋਂ ਕਰਨ ਲਈ ਹੋਰਨਾਂ ਰਾਜਾਂ ਦੇ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇ।ਸ੍ਰੀ ਕੇਜਰੀਵਾਲ ਨੇ ਆਪਣੇ ਪੱਤਰ ’ਚ ਦੱਸਿਆ ਕਿ ਆਈਏਸੀਆਰ ਨੇ ਇਕ ਅਜਿਹਾ ਰਸਾਇਣ ਤਿਆਰ ਕੀਤਾ ਹੈ, ਜਿਸ ਦੀ ਵਰਤੋਂ ਨਾਲ ਬਹੁਤ ਘੱਟ ਖਰਚੇ ’ਤੇ ਪਰਾਲੀ ਤੋਂ ਖਾਦ ਬਣਾ ਕੇ ਜਿੱਥੇ ਜ਼ਮੀਨ ਬਚਾਈ ਜਾ ਸਕਦੀ ਹੈ ਉੱਥੇ ਹੀ ਪਰਾਲੀ ਸਾੜਨ ਤੋਂ ਹੁੰਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All