ਨਵੀਂ ਦਿੱਲੀ, 3 ਜੂਨ
ਮਾਰਚ ਮਹੀਨੇ ਐਲਾਨੇ ਦੇਸ਼ਿਵਆਪੀ ਲੌਕਡਾਊਨ ਮਗਰੋਂ ਸਰਕਾਰ ਨੇ ਅੱਜ ਵਿਦੇਸ਼ੀ ਕਾਰੋਬਾਰੀਆਂ, ਸਿਹਤ ਸੰਭਾਲ ’ਚ ਲੱਗੇ ਪੇਸ਼ੇਵਰਾਂ ਤੇ ਇੰਜਨੀਅਰਾਂ ਨੂੰ ਭਾਰਤ ਫੇਰੀ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਇਨ੍ਹਾਂ ਸਾਰਿਆਂ ਨੂੰ ਭਾਰਤ ਦੀ ਯਾਤਰਾ ਲਈ ਸੱਜਰਾ ਵੀਜ਼ਾ ਲੈਣਾ ਹੋਵੇਗਾ। ਗ੍ਰਹਿ ਮੰਤਰਾਲੇ ਨੇ ਇਕ ਹੁਕਮ ਵਿੱਚ ਕਿਹਾ ਕਿ ਵਿਦੇਸ਼ੀ ਨਾਗਰਿਕ, ਜਿਨ੍ਹਾਂ ਕੋਲ ਲੰਮੇ ਸਮੇਂ ਦਾ ਮਲਟੀਪਲ ਦਾਖ਼ਲਾ ਕਾਰੋਬਾਰੀ ਵੀਜ਼ਾ ਹੈ, ਨੂੰ ਭਾਰਤੀ ਮਿਸ਼ਨਾਂ ਕੋਲੋਂ ਆਪਣੇ ਯਾਤਰਾ ਦਸਤਾਵੇਜ਼ ਮੁੜ ਤਸਦੀਕ ਕਰਵਾਉਣੇ ਹੋਣਗੇ। ਗ੍ਰਹਿ ਮੰਤਰਾਲੇ ਨੇ ਅੱਜ ਇਕ ਬਿਆਨ ਵਿੱਚ ਕਿਹਾ, ‘ਭਾਰਤ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਦੇ ਕੁਝ ਵਰਗਾਂ, ਜੋ ਭਾਰਤ ਆਉਣਾ ਚਾਹੁੰਦੇ ਹਨ, ਨੂੰ ਵੀਜ਼ਾ ਤੇ ਯਾਤਰਾ ਪਾਬੰਦੀਆਂ ਵਿੱਚ ਕੁਝ ਛੋਟਾਂ ਦੇਣ ਦਾ ਫੈਸਲਾ ਕੀਤਾ ਹੈ।’