ਦਿੱਲੀ ਪੁਲੀਸ ਨੇ ਉੱਤਰੀ ਦਿੱਲੀ ਦੇ ਮਜਨੂੰ ਕਾ ਟਿੱਲਾ ਇਲਾਕੇ ਵਿੱਚ ਜੰਮੂ ਨਿਵਾਸੀ ਤੋਂ 15 ਲੱਖ ਰੁਪਏ ਦੀ ਨਗਦੀ ਅਤੇ 22 ਆਈਫੋਨ ਲੁੱਟਣ ਦੇ ਮਾਮਲੇ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਤਿੰਨ ਮਹਿਲਾਵਾਂ ਵੀ ਸ਼ਾਮਲ ਹਨ। ਪੁਲੀਸ ਨੇ ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚ ਹਫ਼ਤਾ ਭਰ ਚੱਲੇ ਅਰੇਸ਼ਨ ਦੌਰਾਨ ਜੰਗਲਾਂ ਅਤੇ ਪਹਾੜੀ ਖੇਤਰਾਂ ਵਿੱਚ ਔਖੇ ਰਸਤਿਆਂ ਰਾਹੀਂ ਮੁਲਜ਼ਮਾਂ ਦਾ ਪਿੱਛਾ ਕਰਕੇ ਇਹ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਲੁੱਟੀ ਗਈ ਸਾਰੀ ਨਗਦੀ ਅਤੇ ਕਰੀਬ 30 ਲੱਖ ਰੁਪਏ ਦੀ ਕੀਮਤ ਵਾਲੇ ਸਾਰੇ 22 ਆਈਫੋਨ ਬਰਾਮਦ ਕਰ ਲਏ ਹਨ।
ਡੀ ਸੀ ਪੀ (ਉੱਤਰੀ) ਰਾਜਾ ਬਾਂਠੀਆ ਨੇ ਦੱਸਿਆ ਕਿ 17 ਫਰਵਰੀ ਨੂੰ ਰਮੇਸ਼ ਲਾਲ (39), ਜਿਸ ਦੀ ਜੰਮੂ ਵਿੱਚ ਮੋਬਾਈਲਾਂ ਦੀ ਦੁਕਾਨ ਹੈ, ਮਜਨੂੰ ਕਾ ਟਿੱਲਾ ਵਿੱਚ ਬੱਸ ਤੋਂ ਉਤਰਿਆ ਸੀ। ਉਸ ਕੋਲ ਨਗਦੀ ਅਤੇ ਆਈਫੋਨ ਵਾਲਾ ਬੈਗ ਸੀ। ਜਦੋਂ ਉਹ ਆਟੋ ਲੈਣ ਲੱਗਾ ਤਾਂ ਤਿੰਨ ਮਰਦਾਂ ਅਤੇ ਤਿੰਨ ਔਰਤਾਂ ਨੇ ਉਸ ਨੂੰ ਘੇਰ ਲਿਆ ਅਤੇ ਛੇੜਛਾੜ ਦੇ ਝੂਠੇ ਦੋਸ਼ ਲਾ ਕੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮਰਦ ਮੁਲਜ਼ਮ ਬੈਗ ਲੈ ਕੇ ਫਰਾਰ ਹੋ ਗਏ, ਜਦਕਿ ਲੋਕਾਂ ਦੀ ਮਦਦ ਨਾਲ ਤਿੰਨ ਔਰਤਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ। ਪੁਲੀਸ ਨੇ ਤਕਨੀਕੀ ਨਿਗਰਾਨੀ ਰਾਹੀਂ ਮੁਹੰਮਦ ਫਾਰੂਕ (28) ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ। ਦੂਜੇ ਪਾਸੇ, ਉਧਮਪੁਰ ਦੇ ਜੰਗਲਾਂ ਵਿੱਚ ਪੰਜ ਦਿਨਾਂ ਤੱਕ ਪਿੱਛਾ ਕਰਨ ਮਗਰੋਂ ਤਾਰਿਕ ਹੁਸੈਨ (33) ਨੂੰ ਕਾਬੂ ਕੀਤਾ ਗਿਆ। ਉਸ ਦੀ ਨਿਸ਼ਾਨਦੇਹੀ ’ਤੇ ਲੁੱਟਿਆ ਹੋਇਆ ਸਾਮਾਨ ਬਰਾਮਦ ਹੋਇਆ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁੱਖ ਸਾਜ਼ਿਸ਼ਘਾੜਾ ਪਰਵੇਜ਼ ਸੀ, ਜਿਸ ਨੇ ਲੁੱਟ ਦੀ ਯੋਜਨਾ ਬਣਾਈ ਸੀ।

