‘ਆਪ’ ਦਫ਼ਤਰ ਤੇ ਕੇਜਰੀਵਾਲ ਦੇ ਘਰ ਜਸ਼ਨ ਦਾ ਮਾਹੌਲ
ਕੇਜਰੀਵਾਲ ਤੇ ਸਿਸੋਦੀਆ ਦੇ ਬਰੀ ਹੋਣ ਮਗਰੋਂ ਲੱਡੂ ਵੰਡੇ; ‘ਅਰਵਿੰਦ ਕੇਜਰੀਵਾਲ ਜ਼ਿੰਦਾਬਾਦ’ ਦੇ ਨਾਅਰੇ ਲਾਏ
ਦਿੱਲੀ ਦੀ ਇੱਕ ਅਦਾਲਤ ਵੱਲੋਂ ਸ਼ਰਾਬ ਨੀਤੀ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਬਰੀ ਕੀਤੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨੇ ਖੂਬ ਜਸ਼ਨ ਮਨਾਏ। ਅੱਜ ਫੈਸਲਾ ਆਉਂਦਿਆਂ ਹੀ ਫਿਰੋਜ਼ ਸ਼ਾਹ ਰੋਡ ਸਥਿਤ ਕੇਜਰੀਵਾਲ ਦੀ ਰਿਹਾਇਸ਼ ਜੋ ਅਕਸਰ ਸ਼ਾਂਤ ਰਹਿੰਦੀ ਸੀ, ਪਾਰਟੀ ਵਰਕਰਾਂ ਅਤੇ ਆਗੂਆਂ ਦੇ ਨਾਅਰਿਆਂ ਨਾਲ ਗੂੰਜ ਉੱਠੀ।
ਕੇਜਰੀਵਾਲ ਦੇ ਘਰ ਦੇ ਬਾਹਰ ਵਰਕਰਾਂ ਨੇ ਢੋਲ ’ਤੇ ਭੰਗੜਾ ਪਾਇਆ ਅਤੇ ‘ਅਰਵਿੰਦ ਕੇਜਰੀਵਾਲ ਜ਼ਿੰਦਾਬਾਦ’ ਦੇ ਨਾਅਰੇ ਲਗਾਏ। ਆਉਣ ਵਾਲੇ ਹਰ ਵਿਅਕਤੀ ਨੂੰ ਲੱਡੂ ਵੰਡੇ ਗਏ। ਘਰ ਦੇ ਅੰਦਰ ਦਾ ਮਾਹੌਲ ਬੇਹੱਦ ਭਾਵੁਕ ਸੀ, ਜਿੱਥੇ ਕੇਜਰੀਵਾਲ ਆਪਣੀ ਪਤਨੀ ਅਤੇ ਬੱਚਿਆਂ ਨੂੰ ਜੱਫੀ ਪਾਉਂਦੇ ਨਜ਼ਰ ਆਏ। ਮਨੀਸ਼ ਸਿਸੋਦੀਆ, ਜਿਨ੍ਹਾਂ ਨੂੰ ਵੀ ਇਸ ਕੇਸ ਵਿੱਚ ਰਾਹਤ ਮਿਲੀ ਹੈ, ਉਹ ਵੀ ਇਸ ਜਸ਼ਨ ਦਾ ਹਿੱਸਾ ਬਣੇ। ਪਾਰਟੀ ਵਰਕਰਾਂ ਨੇ ਗੁਲਾਲ ਉਡਾਉਂਦਿਆਂ ਕਿਹਾ ਕਿ ਇਸ ਵਾਰ ਹੋਲੀ ਸਮੇਂ ਤੋਂ ਪਹਿਲਾਂ ਹੀ ਆ ਗਈ ਹੈ।
ਇੱਕ ਉਤਸ਼ਾਹਿਤ ਵਰਕਰ ਨੇ ਕਿਹਾ, ‘‘ਅੱਜ ਦਾ ਦਿਨ ਸੱਚ ਅਤੇ ਇਮਾਨਦਾਰੀ ਦੀ ਜਿੱਤ ਦਾ ਹੈ। ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੱਲੋਂ ਈ ਡੀ ਰਾਹੀਂ ਬਣਾਇਆ ਗਿਆ ਝੂਠਾ ਕੇਸ ਬੇਨਕਾਬ ਹੋ ਗਿਆ ਹੈ।’’ ਇਸੇ ਤਰ੍ਹਾਂ ‘ਆਪ’ ਦੇ ਦਫ਼ਤਰ ਵਿੱਚ ਵੀ ਸਮਰਥਕਾਂ ਦੀ ਭਾਰੀ ਭੀੜ ਜੁੜ ਗਈ।
ਇਸ ਤੋਂ ਪਹਿਲਾਂ ਅਦਾਲਤ ਦੇ ਫੈਸਲੇ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਵਿੰਦ ਕੇਜਰੀਵਾਲ ਭਾਵੁਕ ਹੋ ਗਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਖਿਲਾਫ਼ ਚੱਲ ਰਿਹਾ ਭ੍ਰਿਸ਼ਟਾਚਾਰ ਦਾ ਕੇਸ ਆਜ਼ਾਦ ਭਾਰਤ ਦੇ ਇਤਿਹਾਸ ਦੀ ‘ਸਭ ਤੋਂ ਵੱਡੀ ਸਿਆਸੀ ਸਾਜ਼ਿਸ਼’ ਸੀ। ਅਦਾਲਤ ਵਿੱਚ ਮੌਜੂਦ ਕੇਜਰੀਵਾਲ ਨੇ ਕਿਹਾ, ‘ਅਦਾਲਤ ਨੇ ਸਾਬਤ ਕਰ ਦਿੱਤਾ ਹੈ ਕਿ ਕੇਜਰੀਵਾਲ, ਮਨੀਸ਼ ਸਿਸੋਦੀਆ ਅਤੇ ਆਮ ਆਦਮੀ ਪਾਰਟੀ ਕੱਟੜ ਇਮਾਨਦਾਰ ਹਨ।’

