ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਜਨਵਰੀ
ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਅਣਡਿੱਠ ਕਰਨ ਮਗਰੋਂ ਹੁਣ ਧਰਨਿਆਂ ਵਿਚ 50 ਦਿਨਾਂ ਤੋਂ ਵੱਧ ਸਮੇਂ ਤੋਂ ਔਖੀਆਂ ਹਾਲਤਾਂ ਵਿੱਚ ਡਟੇ ਹੋਏ ਕਿਸਾਨ ਟਰੈਕਟਰ ਪਰੇਡ ਨਾਲ ਮੋਦੀ ਸਰਕਾਰ ਨੂੰ ਵੰਗਾਰਨਗੇ।
ਕਿਸਾਨਾਂ ਦੀਆਂ ਨਜ਼ਰਾਂ ਅੱਜ ਵੀ ਦਿੱਲੀ ਦੇ ਵਿਗਿਆਨ ਭਵਨ ਵੱਲ ਲੱਗੀਆਂ ਰਹੀਆਂ ਜਿੱਥੇ ਕੇਂਦਰੀ ਮੰਤਰੀਆਂ ਤੇ 41 ਕਿਸਾਨ ਆਗੂਆਂ ਦਰਮਿਆਨ ਬੈਠਕ ਹੋ ਰਹੀ ਸੀ। ਹਾਲਾਂਕਿ ਦੋਨਾਂ ਧਿਰਾਂ ਦਰਮਿਆਨ ਅਜੇ ਵੀ ਖੜੋਤ ਬਰਕਰਾਰ ਹੈ ਤੇ ਹੁਣ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਨਾਲ ਦਿੱਲੀ ਦੀਆਂ ਹੱਦਾਂ ਨੂੰ ਅਹਿਸਾਸ ਕਰਵਾਇਆ ਜਾਵੇਗਾ ਕਿ ਕਿਸਾਨਾਂ ਦਾ ਸੰਘਰਸ਼ ਕਰਨ ਦਾ ਬਹੁਤ ਮਾਦਾ ਹੈ। ਕਿਸਾਨ ਆਗੂ ਬਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕਿਸਾਨਾਂ ਦਾ ਟੀਚਾ ਹੁਣ ਵੱਧ ਤੋਂ ਵੱਧ ਟਰੈਕਟਰ ਦਿੱਲੀ ਵਿੱਚ ਲੈ ਕੇ ਆਉਣਾ ਹੈ। ਕਿਸਾਨਾਂ ਵੱਲੋਂ ਵੀ ਇੱਥੋਂ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਪਿੱਛੇ ਘਰਾਂ ਵਿੱਚ ਇਹੀ ਸੁਨੇਹੇ ਦਿੱਤੇ ਜਾ ਰਹੇ ਹਨ। ਭਲਕੇ ਪੁਲੀਸ ਵੱਲੋਂ ਦਿੱਤੇ ਗਏ ਨਵੇਂ ‘ਰੂਟ ਮੇਪ’ ਉਪਰ ਫਿਰ ਕਿਸਾਨ ਆਗੂ ਤੇ ਪੁਲੀਸ ਅਧਿਕਾਰੀ ਮਿਲ ਰਹੇ ਹਨ। ਕਿਸਾਨਾਂ ਦੀ ਨਜ਼ਰ ਇਸ ਮੀਟਿੰਗ ਉਪਰ ਵੀ ਟਿਕੀ ਰਹੇਗੀ ਕਿਉਂਕਿ ਕਿਸਾਨਾਂ ਨੇ ਦਿੱਲੀ ਦੀ ਹਿੱਕ ਉਪਰ ਟਰੈਕਟਰ ਚਲਾਉਣ ਦਾ ਤਹੱਈਆ ਕੀਤਾ ਹੋਇਆ ਹੈ।