ਖੇਤੀ ਬਿੱਲਾਂ ਖ਼ਿਲਾਫ਼ ਦਿੱਲੀ ਤੇ ਹਰਿਆਣਾ ’ਚ ਸੜਕਾਂ ’ਤੇ ਆਏ ਕਿਸਾਨ

ਹੱਕਾਂ ਖਾਤਰ ਸੜਕਾਂ ’ਤੇ ਆਇਆ ਅੰਨਦਾਤਾ

ਖੇਤੀ ਬਿੱਲਾਂ ਖ਼ਿਲਾਫ਼ ਦਿੱਲੀ ਤੇ ਹਰਿਆਣਾ ’ਚ ਸੜਕਾਂ ’ਤੇ ਆਏ ਕਿਸਾਨ

ਦਿੱਲੀ-ਨੋਇਡਾ ਸਰਹੱਦ ਉੱਤੇ ਖੇਤੀ ਬਿੱਲਾਂ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਕਿਸਾਨ। -ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਸਤੰਬਰ

ਦਿੱਲੀ ਪੁਲੀਸ ਵੱਲੋਂ ਕੌਮੀ ਰਾਜਧਾਨੀ ਦਿੱਲੀ ਦੀਆਂ ਹਰਿਆਣਾ, ਉੱਤਰ ਪ੍ਰਦੇਸ਼ ਨਾਲ ਲੱਗਦੀਆਂ ਹੱਦਾਂ ਵਾਲੇ ਵੱਖ-ਵੱਖ ਰਾਹਾਂ ਉਪਰ ਸਖ਼ਤ ਚੌਕਸੀ ਵਰਤਦੇ ਹੋਏ ਕਿਸਾਨਾਂ ਨੂੰ ਦਿੱਲੀ ਵਿੱਚ ਦਾਖ਼ਲ ਨਾ ਹੋਣ ਦਿੱਤਾ। ਕਿਸਾਨ ਅੰਦੋਲਨ ਕਾਰਨ ਕੁੱਝ ਥਾਵਾਂ ਉਪਰ ਹੋਏ ਪ੍ਰਦਰਸ਼ਨਾਂ ਨੇ ਟ੍ਰੈਫਿਕ ਦੀ ਰਫ਼ਤਾਰ ਮੱਠੀ ਕਰ ਦਿੱਤੀ। ਉੱਤਰ ਪ੍ਰਦੇਸ਼ ਵੱਲੋਂ ਨੋਇਡਾ ਦੇ ਰਾਹ ਚਿੱਲ੍ਹਾ ਪਿੰਡ ਦੀ ਹੱਦ ਤੋਂ ਦਿੱਲੀ ਵਿੱਚ ਟਰੈਕਟਰਾਂ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਨੂੰ ਉੱਥੇ ਹੀ ਰੋਕ ਲਿਆ ਗਿਆ। ਇਸ ਕਰਕੇ ਦਿੱਲੀ ਨੋਇਡਾ ਤੇ ਦਿੱਲੀ-ਉੱਤਰ ਪ੍ਰਦੇਸ਼ ਨੂੰ ਜਾਂਦੀ ਟ੍ਰੈਫਿਕ ਦੀ ਰਫ਼ਤਾਰ ਮੱਠੀ ਹੋ ਗਈ ਤੇ ਲੋਕਾਂ ਨੂੰ ਜਾਮ ਵਿੱਚ ਫਸਣਾ ਪਿਆ। ਕਿਸਾਨ ਅੰਦੋਲਨ ਦੀ ਝਲਕ ਦਿੱਲੀ ਦਿਹਾਤੀ ਵਿੱਚ ਦਿਖਾਈ ਦਿੱਤੀ ਗਈ ਜਿੱਥੇ ਕਿਸਾਨਾਂ ਨੇ ਰੋਸ ਮੁਜ਼ਾਹਰੇ ਕੀਤੇ। ਰੋਹਿਣੀ ਤੇ ਮਧੂਬਨ ਚੌਕ ਵਿੱਚ ਵੀ ਕਿਸਾਨਾਂ ਨੇ ਮੁਜ਼ਾਹਰਾ ਕਰਨ ਦੀ ਕੋਸ਼ਿਸ਼ ਕੀਤੀ। ਦਿੱਲੀ ਪੁਲੀਸ ਦੇ ਅਧਿਕਾਰੀ ਮੁਤਾਬਕ ਚਿੱਲ੍ਹਾ ਵਿੱਚ ਕਿਸਾਨ ਇਕੱਠੇ ਹੋਣ ਦੇ ਮੱਦੇਨਜ਼ਰ ਟ੍ਰੈਫਿਕ ਦਾ ਰੁਖ਼ ਬਦਲਣਾ ਪਿਆ ਤੇ ਕਿਸਾਨਾਂ ਨੂੰ ਦਿੱਲੀ ਵਿੱਚ ਦਾਖ਼ਲ ਨਾ ਹੋਣ ਦਿੱਤਾ। ਇਸੇ ਤਰ੍ਹਾਂ ਸਿੰਘੂ ਹੱਦ ਤੇ ਕਰਨਾਲ ਰੋਡ ਉਪਰ ਵੀ ਕਿਸਾਨ ਇੱਕਠੇ ਹੋਏ ਜਿਸ ਕਰਕੇ ਆਵਾਜਾਈ ‘ਚ ਖਲਲ ਪਿਆ। ਕਿਸਾਨਾਂ ਦੇ ਦਿੱਲੀ ਵੱਲ ਵਧਣ ਤੋਂ ਰੋਕਣ ਲਈ ਸਾਰੀਆਂ ਹੱਦਾਂ ਉਪਰ ਵਾਧੂ ਪੁਲੀਸ ਬਲ ਤਾਇਨਾਤ ਕੀਤੇ ਗਏ ਤੇ ਵਾਹਨਾਂ ਦੀ ਜਾਂਚ ਕਰਕੇ ਹੀ ਜਾਣ ਦਿੱਤਾ ਗਿਆ। ਇਸ ਕਰਕੇ ਲੋਕਾਂ ਨੂੰ ਆਪਣੀ ਮੰਜ਼ਿਲ ਉੱਤੇ ਪਹੁੰਚਣ ਲਈ ਕਾਫ਼ੀ ਪੈਂਡਾ ਤੈਅ ਕਰਨਾ ਪਿਆ। ਦਿੱਲੀ ਪੁਲੀਸ ਵੱਲੋਂ ਗਾਜੀਪੁਰ, ਨਿਊ ਅਸ਼ੋਕ ਨਗਰ, ਸੀਮਾਪੁਰੀ, ਆਨੰਦ ਵਿਹਾਰ, ਕਾਲਿੰਦੀ ਕੁੰਜ ਤੋਂ ਇਲਾਵਾ ਗੁਰੂਗ੍ਰਾਮ, ਬਹਾਦਰਗੜ੍ਹ ਦੇ ਰਸਤਿਓਂ ਆਉਣ ਵਾਲੇ ਕਿਸਾਨਾਂ ਨੂੰ ਡੱਕਣ ਲਈ ਪੁਲੀਸ ਚੌਕਸ ਰਹੀ।

ਕੁਰੂਕਸ਼ੇਤਰ (ਸਰਬਜੋਤ ਸਿੰਘ ਦੁੱਗਲ): ਭਾਜਪਾ ਦੀ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਦੇ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਅਤੇ ਹੋਰ ਕਿਸਾਨ ਸੰਗਠਨਾਂ ਵੱਲੋਂ ਕੀਤੇ ਗਏ ਭਾਰਤ ਬੰਦ ਦਾ ਕੁਰੂਕਸ਼ੇਤਰ ਵਿਚ ਰਲਿਆ ਮਿਲਿਆ ਪ੍ਰਭਾਵ ਰਿਹਾ। ਹਾਲਾਂਕਿ ਧਰਮਨਗਰੀ ਵਿਚ ਬਾਜ਼ਾਰ ਵੀ ਖੁੱਲ੍ਹੇ ਸਨ ਅਤੇ ਸੜਕਾਂ ‘ਤੇ ਵੀ ਰੌਣਕ ਰਹੀ, ਪਰ ਆਸ ਪਾਸ ਦੇ ਇਲਾਕਿਆਂ, ਪਿੰਡਾਂ ਅਤੇ ਕਸਬਿਆਂ ਵਿਚ ਹੜਤਾਲ ਦਾ ਵਿਆਪਕ ਅਸਰ ਰਿਹਾ। ਕੁਰੂਕਸ਼ੇਤਰ ਵਿਚ ਕਿਸਾਨਾਂ ਨੇ ਕੇਡੀਬੀ ਰੋਡ ਉੱਤੇ ਬੀਆਰ ਚੌਕ ਵਿੱਚ ਧਰਨਾ ਦਿੱਤਾ ਅਤੇ ਸਰਕਾਰ ਦਾ ਪੁਤਲਾ ਸਾੜਿਆ। ਇੰਨਾ ਹੀ ਨਹੀਂ, ਕਈ ਥਾਵਾਂ ‘ਤੇ ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ ਦੇ ਬੈਨਰ ਅਤੇ ਹੋਰਡਿੰਗਜ਼ ਤੋੜ ਦਿੱਤੇ ਅਤੇ ਹੋਰਡਿੰਗਜ਼ ਪਾੜ ਕੇ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ। ਕਿਸਾਨਾਂ ਨੇ ਸੜਕ ’ਤੇ ਟਰੈਕਟਰ ਖੜ੍ਹਾ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਪਿੰਡ ਦਾਊਮਾਜਰਾ ਨੇੜੇ ਪੰਚਕੂਲਾ ਮਾਰਗ ਸ਼ਾਹਬਾਦ ਵਿੱਚ ਜਾਮ ਲਗਾ ਦਿੱਤਾ ਅਤੇ ਸਰਕਾਰ ਦਾ ਪੁਤਲਾ ਫੂਕਿਆ। ਪਿਹੋਵਾ ਵਿੱਚ ਵੀ ਕਿਸਾਨ ਅਨਾਜ ਮੰਡੀ ਵਿੱਚ ਇਕੱਠੇ ਹੋਏ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਵਾਹਰ ਲਾਲ ਗੋਇਲ ਅਤੇ ‘ਆਪ’ ਆਗੂ ਸੁਮਿਤ ਹਿੰਦੁਸਤਾਨੀ ਨੇ ਵੀ ਕੇਡੀਬੀ ਰੋਡ ਜਾਮ ਕਰਨ ਵਾਲੇ ਕਿਸਾਨਾਂ ਦਾ ਸਮਰਥਨ ਕੀਤਾ। ਦੂਜੇ ਪਾਸੇ, ਬਾਬੈਨ ਵਿੱਚ ਤਿੰਨੋਂ ਆਰਡੀਨੈਂਸਾਂ ਦੇ ਵਿਰੁੱਧ ਪ੍ਰਦਰਸ਼ਨਕਾਰੀਆਂ ਨੇ ਸਟੇਟ ਹਾਈਵੇ ਨੰਬਰ 7 ‘ਤੇ ਧਰਨਾ ਦਿੱਤਾ ਅਤੇ ਲਗਪਗ 2 ਘੰਟਿਆਂ ਲਈ ਆਵਾਜਾਈ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ।

ਟੋਹਾਣਾ (ਗੁਰਦੀਪ ਸਿੰਘ ਭੱਟੀ): ਭਾਰਤ ਬੰਦ ਦੇ ਸੱਦੇ ਨੂੰ ਕਿਸਾਨੀ ਨੌਜਵਾਨਾਂ ਵੱਲੋਂ ਭਰਵਾਂ ਸਮਰਥਨ ਮਿਲਿਆ। ਭਾਰਤ ਬੰਦ ਵਿੱਚ ਸ਼ਾਮਲ ਵਿਖਾਵਾਕਾਰੀ ਰੇਲ ਪਟੜੀਆਂ ਵੱਲ ਨਾ ਗਏ। ਰੇਲਾਂ 24-25-26 ਨੂੰ ਬੰਦ ਕਰ ਦੇਣ ਤੇ ਵਿਖਾਵਾਕਾਰੀ ਮੰਡੀਆਂ ਵਿੱਚ ਪੁੱਜੇ ਤੇ ਸੜਕਾਂ ਜਾਮ ਕੀਤੀਆਂ। ਪ੍ਰਦਰਸ਼ਨ ਵਿੱਚ ਸ਼ਾਮਲ ਨੌਜਵਾਨਾਂ ਨੇ ਕਾਲੇ ਝੰਡੇ ਚੁੱਕ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਸੜਕਾਂ ’ਤੇ ਧਰਨੇ ਮਾਰੇ, ਭਾਜਪਾ ਸਰਕਾਰ ਨੂੰ ਕਿਸਾਨ ਵਿਰੋਧੀ ਦੱਸ ਕੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਪੁਤਲੇ ਸਾੜੇ। ਇਸ ਦੌਰਾਨ ਪੁਲੀਸ ਮੂਕ ਦਰਸ਼ਕ ਬਣ ਕੇ ਖੜ੍ਹੀ ਰਹੀ। ਜ਼ਿਲ੍ਹੇ ਦੀ ਫਤਿਹਾਬਾਦ ਮੰਡੀ ਵਿੱਚ ਠਾਠਾਂ ਮਾਰਦਾ ਇਕੱਠ ਹੋਇਆ ਤੇ ਥੋੜ੍ਹੇ ਸਮੇਂ ਲਈ ਡਬਵਾਲੀ-ਦਿੱਲੀ ਕੌਮੀ ਸੜਕ ’ਤੇ ਧਰਨਾ ਲਾਇਆ। ਕਿਸਾਨ ਸਰਕਾਰ ਨੂੰ ਸੁਨੇਹਾ ਲਾਉਣ ਵਿੱਚ ਸਫ਼ਲ ਰਹੇ ਕਿ ਕਾਹਲੀ ਵਿੱਚ ਪਾਸ ਕੀਤੇ ਖੇਤੀ ਬਿਲ ਉਨ੍ਹਾਂ ਨੂੰ ਮੰਨਜ਼ੂਰ ਨਹੀਂ। ਰਤੀਆ ਮੰਡੀ ਵਿੱਚ ਸਵੇਰੇ 10 ਵਜੇ ਕਿਸਾਨ ਇਕੱਠੇ ਹੋਣ ਲਗ ਪਏ ਤੇ ਮੰਡੀ ਵਿੱਚ ਕਿਸਾਨਾਂ ਦਾ ਭਰਵਾਂ ਇੱਕਠ ਪਹਿਲੀ ਵਾਰ ਵੇਖਿਆ ਗਿਆ। ਇਸ ਵਿੱਚ ਨੌਜਵਾਨ ਵਧੇਰੇ ਸਨ। ਟੋਹਾਣਾ ਮੰਡੀ ਵਿੱਚ ਕਿਸਾਨ ਜੱਥੇਬੰਦੀਆਂ ਦੇ ਅਹੁੱਦੇਦਾਰ ਪੁੱਜੇ। ਕਾਮਰੇਡ ਜਗਤਾਰ ਸਿੰਘ ਰੱਤਾਥੇਹ ਨਾਲ ਭਰਵੀ ਹਾਜ਼ਰੀ ਰਹੀ। ਕਾਲੇ ਝੰਡੇ ਲੈ ਕੇ ਪੁੱਜੇ ਕਿਸਾਨ ਜੱਥੇਬੰਦੀਆਂ ਦੇ ਬੁਲਾਰਿਆਂ ਨੇ ਕੇਂਦਰ ਤੇ ਸੂਬਾ ਸਰਕਾਰ ਵਿਰੁੱਧ ਗੁੱਸਾ ਕੱਢਿਆ। ਵਪਾਰੀਆਂ ਨੇ ਕਿਸਾਨ ਨੇ ਹਿਸਾਰ ਚੰਡੀਗਡ੍ਹ ਰੋਡ ’ਤੇ ਧਰਨਾ ਲਾਇਆ ਤੇ ਕਰੀਬ ਘੰਟੇ ਬਾਦ ਚਿਤਾਵਨੀ ਦੇ ਕੇ ਸੜਕ ਖਾਲੀ ਕਰ ਦਿੱਤੀ। ਦਰਜਨ ਭਰ ਤੋਂ ਵੱਧ ਕਿਸਾਨ ਜੱਥੇਬੰਦੀਆਂ ਦੇ ਹਜ਼ਾਰਾ ਕਾਰਕੁਨ ਸ਼ਾਮਲ ਹੋਏ। ਇਸ ਤੋਂ ਇਲਾਵਾ ਜਾਖਲ, ਧਾਰਸੂਲ ਤੇ ਭੱਠੂਮੰਡੀ ਵਿੱਚ ਕੰਮ ਬੰਦ ਰਿਹਾ। ਰਾਈਸ਼ ਸ਼ੈਲਰ ਦੇ ਮਾਲਕਾਂ ਦੀ ਹੰਗਾਮੀ ਮੀਟਿੰਗ ਹੋਈ।ਇਸ ਵਿੱਚ ਕਿਸਾਨ ਸੰਘਰਸ਼ ਦਾ ਸਾਥ ਦੇਣ ਦਾ ਐਲਾਨ ਤੇ ਸਰਕਾਰ ਤੋਂ ਚੌਲ ਸਨਅਤ ਨੂੰ ਬਚਾਉਣ ਦੀ ਮੰਗ ਕੀਤੀ ਗਈ। ਮਾਲਕਾਂ ਨੇ ਚੌਲ ਸਨਅਤ ਨੂੰ ਬਚਾਉਣ ਦੀ ਮੰਗ ਕਰਦੇ ਹੋਏ ਸਰਕਾਰ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਜ਼ਿਲ੍ਹੇ ਦੇ ਸ਼ਹਿਰ ਵਿੱਚ ਬਾਜਾਰ ਅੱਧੇ ਖੁੱਲ੍ਹੇ ਰਹੇ ਪਰ ਗਾਹਕਾਂ ਵਾਲਾ ਬਾਜ਼ਾਰ ਖਾਲੀ ਸੀ। ਬੈਂਕਾਂ ਵਿੱਚ ਕੋਈ ਰੋਣਕ ਨਹੀਂਂ ਸੀ। ਭਾਰਤ ਬੰਦ ਵਿੱਚ ਮੰਡੀਆਂ ਵਿੱਚ ਕਿਸਾਨ, ਮਜ਼ਦੂਰ, ਆੜ੍ਹਤੀਆਂ ਦੀ ਹਾਜ਼ਰੀ ਭਰਵੀਂਂ ਰਹੀ।

ਸਾਰਾ ਦਿਨ ਸਵਾਰੀਆਂ ਹੁੰਦੀਆਂ ਰਹੀਆਂ ਖੱਜਲਖੁਆਰ

ਯਮੁਨਾਨਗਰ ਵਿੱਚ ਜਗਾਧਰੀ-ਸਹਾਰਨਪੁਰ ਰੇਲ ਪੱਟੜੀ ਉੱਤੇ ਧਰਨਾ ਦੇ ਰਹੇ ਕਿਸਾਨ।

ਯਮੁਨਾਨਗਰ (ਦਵਿੰਦਰ ਸਿੰਘ): ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਰੇਲਵੇ ਲਾਈਨਾਂ ਉੱਤੇ ਡਟੇ ਰਹੇ । ਇਸ ਦੌਰਾਨ ਕੋਈ ਵੀ ਰੇਲਗੱਡੀ ਨਹੀਂ ਆਈ। ਬੱਸ ਅੱਡੇ ਤੋਂ ਕੋਈ ਬੱਸ ਰਵਾਨਾ ਨਹੀਂ ਹੋਈ, ਕੁੱਝ ਬੱਸਾਂ ਰਵਾਨਾ ਹੋਈਆਂ ਸਨ ਉਨ੍ਹਾਂ ਨੂੰ ਰਾਦੋਰ ਤੋਂ ਵਾਪਸ ਕਰ ਦਿੱਤਾ ਗਿਆ। ਇਸ ਮਗਰੋਂ ਬੱਸ ਸਰਵਿਸ ਬੰਦ ਕਰ ਦਿੱਤੀ ਗਈ ਜਿਸ ਕਾਰਨ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ । ਕਿਸਾਨਾਂ ਨੇ ਰੇਲਵੇ ਪਟੜੀਆਂ ਉੱਤੇ ਸਰਕਾਰ ਵਿਰੋਧੀ ਨਾਅਰੇ ਲਗਾਏ ਅਤੇ ਕਿਹਾ ਜਦੋਂ ਤੱਕ ਸਰਕਾਰ ਇਹ ਤਿੰਨ ਆਰਡੀਨੈਂਸਾਂ ਨੂੰ ਵਾਪਸ ਨਹੀਂ ਲੈਂਦੀ ਉਸ ਸਮੇਂ ਤੱਕ ਅੰਦੋਲਨ ਜਾਰੀ ਰਹੇਗਾ । ਭਾਰਤੀ ਕਿਸਾਨ ਯੁਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਜੂ ਗੁੰਦਿਆਨਾ ਨੇ ਕਿਹਾ ਕਿ ਭਾਜਪਾ ਦੇ ਇਹ ਕਾਨੂੰਨ ਕਿਸਾਨਾਂ ਲਈ ਕਾਲੇ ਕਾਨੂੰਨ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਕਿਸਾਨ ਵਿਰੋਧੀ ਹੈ ਅਤੇ ਇਸ ਸਰਕਾਰ ਦੇ ਪ੍ਰਤੀ ਕਿਸਾਨਾਂ ਆੜ੍ਹਤੀਆਂ, ਮਜ਼ਦੂਰਾਂ ਅਤੇ ਆਮ ਦੁਕਾਨਦਾਰਾਂ ਵਿੱਚ ਰੋਸ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੇਲਵੇ ਪਟੜੀਆਂ ਦੇ ਨੇੜੇ ਸੁਰੱਖਿਆਂ ਦੇ ਸਖਤ ਪ੍ਰਬੰਧ ਕੀਤੇ ਗਏ ਸਨ।

ਨਰਾਇਣਗੜ੍ਹ ਵਿੱਚ ਕਿਸਾਨਾਂ ਵੱਲੋਂ ਕੌਮੀ ਮਾਰਗ ਜਾਮ

ਨਰਾਇਣਗੜ੍ਹ ਖੰਡ ਮਿੱਲ ਬਨੌਂਦੀ ਦੇ ਗੇਟ ਸਾਹਮਣੇ ਧਰਨੇ ’ਤੇ ਬੈਠੇ ਕਿਸਾਨ।

ਨਰਾਇਣਗੜ੍ਹ (ਫਰਿੰਦਰ ਪਾਲ ਗੁਲਿਆਣੀ): ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਬਿੱਲਾਂ ਦੇ ਵਿਰੋਧ ਵਿੱਚ ਵੱਡੀ ਗਿਣਤੀ ਕਿਸਾਨਾਂ ਨੇ ਨਰਾਇਣਗੜ੍ਹ ਖੰਡ ਮਿੱਲ ਬਨੌਂਦੀ ਦੇ ਗੇਟ ਦੇ ਸਾਹਮਣੇ ਧਰਨਾ ਲਾਇਆ ਅਤੇ ਕੌਮੀ ਮਾਰਗ ਨੂੰ ਜਾਮ ਕਰ ਦਿੱਤਾ। ਇਸ ਧਰਨੇ ਵਿੱਚ ਕਿਸਾਨ ਯੂਨੀਅਨ ਨੇਤਾ ਗੁਰਨਾਮ ਸਿੰਘ ਚੰਡੂਨੀ, ਸਮਾਜ ਸੇਵਕ ਧਰਮਬੀਰ ਢੀਂਡਸਾ,ਕਿਸਾਨ ਨੇਤਾ ਰਾਜੀਵ ਸ਼ਰਮਾ, ਸਰਬ ਕਰਮਚਾਰੀ ਸੰਘ ਦੇ ਨੇਤਾ ਸਤੀਸ਼ ਸੇਠੀ ਸਣੇ ਹੋਰ ਸੰਗਠਨਾਂ ਦੇ ਲੋਕ ਹਾਜ਼ਰ ਸਨ। ਮੌਕੇ ’ਤੇ ਡੀਐੱਸਪੀ ਅਨਿਲ ਕੁਮਾਰ ਸਣੇ ਭਾਰੀ ਪੁਲੀਸ ਬਲ ਮੌਜੂਦ ਸੀ। ਯੂਨੀਅਨ ਨੇਤਾ ਗੁਰਨਾਮ ਸਿੰਘ ਨੇ ਕਿਹਾ ਕਿ ਜਿਹੜੇ ਤਿੰਨ ਕਾਨੂੰਨ ਹਨ ਉਹ ਪੂਰੀ ਤਰ੍ਹਾਂ ਨਾਲ ਜਨਤਾ ਤੇ ਰਾਸ਼ਟਰ ਵਿਰੋਧੀ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਕਹਿ ਰਹੀ ਹੈ ਕਿ ਸਾਰੇ ਵਿਚੋਲੇ ਬਾਹਰ ਜਾਣਗੇ ਅਤੇ ਸਰਕਾਰ ਵੀ ਬਾਹਰ ਹੋਵੇਗੀ ਅਤੇ ਵੇਚਣ ਤੇ ਖਰੀਦਣ ਵਾਲੇ ਸਿੱਧੇ ਤੌਰ ਤੇ ਆਪਸ ਵਿੱਚ ਸੰਪਰਕ ਕਰਨਗੇ। ਉਨ੍ਹਾਂ ਦਾ ਕਹਿਣਾ ਸੀ ਕਿ ਜਿਹੜੀ ਸਥਿਤੀ ਪੈਦਾ ਹੋਵੇਗੀ ਉਸ ਨਾਲ ਕਿਸਾਨ,ਮਜ਼ਦੂਰ,ਦੇਸ਼ ਦੇ ਆਮ ਲੋਕ ਜਿਨ੍ਹਾਂ ਵਿੱਚ ਵਪਾਰੀ,ਆੜ੍ਹਤੀ ਸਭ ਖ਼ਤਮ ਹੋ ਜਾਣਗੇ।

ਭਾਜਪਾ ਝੂਠ ਬੋਲ ਰਹੀ ਹੈ: ਜੁਗਿੰਦਰ ਯਾਦਵ

ਟੋਹਾਣਾ (ਪੱਤਰ ਪ੍ਰੇਰਕ): ਭਾਰਤ ਬੰਦ ਦੌਰਾਨ ਦੇ ਅਤਿੰਮ ਪੜਾਅ ਉੱਤੇ ਜੁਗਿੰਦਰ ਯਾਦਵ ਰਤੀਆ ਦੇ ਕਿਸਾਨਾਂ ਵਿੱਚ ਜਾ ਪਹੁੰਚੇ । ਉਨ੍ਹਾਂ ਕਿਹਾ ਕਿ ਸਰਕਾਰ ਝੂਠ ਬੋਲ ਰਹੀ ਹੈ ਕਿ ਭਾਜਪਾ ਬਗੈਰ ਸਹਿਮਤੀ ਤੋਂ ਤਿੰਨ ਬਿਲ ਲੈ ਕੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦਾ ਕਿਸਾਨ ਵੀ ਸਹੀ ਰਸਤੇ ਉੱਤੇ ਤੁਰ ਪਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੇ ਸਿਰ ਤੋ ਛਤ ਖ਼ਤਮ ਕਰਨ ਲਈ ਭਾਜਪਾ ਨੇ ਕੰਪਨੀ ਰਾਜ ਦੀ ਤਿਆਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕੂੜ ਪ੍ਰਚਾਰ ਕਰ ਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All