ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਨਵੰਬਰ
ਦਿੱਲੀ ਦਿਹਾਤ ਸੰਗਠਨ ਵੱਲੋਂ ਪੰਜਾਬ ਤੇ ਹਰਿਆਣਾ ਤੋਂ ਦਿੱਲੀ ਆਏ ਕਿਸਾਨਾਂ ਨਾਲ ਸਿੰਘੂ ਹੱਦ ਉਪਰ ਸਮਰਥਨ ਦਿੰਦੇ ਹੋਏ ‘ਦਿੱਲੀ ਚੱਲੋ’ ਮੁਹਿੰਮ ਵਿੱਚ ਸ਼ਮੂਲੀਅਤ ਕੀਤੀ ਗਈ। ਦਿੱਲੀ ਦੇ ਪੇਂਡੂ ਇਲਾਕੇ ਦੇ ਨੌਜਵਾਨਾਂ ਵੱਲੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟਾਈ ਗਈ। ਕਿਸਾਨ ਆਗੂ ਦੀਵਾਨ ਸਿੰਘ ਨੇ ਦੱਸਿਆ ਕਿ ਕਿਸਾਨ ਨੌਜਵਾਨਾਂ ਨੇ ਦਿੱਲੀ ਵੱਲ ਜਾ ਰਹੇ ਕਿਸਾਨਾਂ ਨੂੰ ਜਿੱਥੇ ਫਲ਼ ਵੰਡੇ, ਉੱਥੇ ਹੀ ਮੰਗਾਂ ਦਾ ਸਮਰਥਨ ਕੀਤਾ। ਦੀਵਾਨ ਸਿੰਘ ਨੇ ਦੱਸਿਆ ਕਿ ਦਿੱਲੀ ਦਿਹਾਤ ਦੇ ਕਿਸਾਨ ਅੱਜ ਸਿੰਘੂ ਬਾਰਡਰ ’ਚ ਜੱਥੇ ਦੇ ਰੂਪ ਵਿੱਚ ਪੁੱਜੇ। ਉਨ੍ਹਾਂ ਦੱਸਿਆ ਕਿ ਦਿੱਲੀ ਵਿੱਚ ਕਿਸਾਨੀ ਆਪਣੀ ਰਵਾਇਤੀ ਦਿੱਖ ਬਦਲ ਚੁੱਕੀ ਹੈ ਤੇ ਸੂਬੇ ਵਿੱਚ ਘੱਟੋ-ਘੱਟ ਸਮਰਥਨ ਮੁੱਲ ਜ਼ਿਆਦਾ ਮਿਲਦਾ ਹੈ, ਜਿਸ ਕਰ ਕੇ ਕਿਸਾਨਾਂ ਨੂੰ ਬਹੁਤੀ ਚਿੰਤਾ ਨਹੀਂ ਹੈ। ਬਾਕੀ ਜ਼ਮੀਨਾਂ ਦੇ ਭਾਅ ਵੀ ਕਰੋੜਾਂ ਰੁਪਏ ਵਿੱਚ ਮਿਲਦੇ ਹਨ। ਨੌਜਵਾਨਾਂ ਨੇ ਕਿਹਾ ਕਿ ਹੈਰਾਨੀ ਹੋ ਰਹੀ ਹੈ ਕਿ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਹੋਰ ਰਾਜਾਂ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਰੋਹ ਵਿੱਚ ਤੇਜ਼ੀ ਨਹੀਂ ਹੈ। ਇਸ ਲਈ ਪੰਜਾਬ-ਹਰਿਆਣਾ ਦੇ ਕਿਸਾਨਾਂ ਸਿਰ ਵੱਡੀ ਜ਼ਿੰਮੇਵਾਰੀ ਆ ਗਈ ਹੈ ਕਿ ਕਾਰਪੋਰੇਟਾਂ ਦਾ ਦਖ਼ਲ ਖੇਤੀ ਖੇਤਰ ਵਿੱਚ ਨਾ ਹੋਣ ਦਿੱਤਾ ਜਾਵੇ।
ਉਥੇ ਹੀ ਕਿਸਾਨ ਮਾਰਚ ਦੇ ਪ੍ਰਭਾਵ ਨੇ ਦਿੱਲੀ ਮੈਟਰੋ ਸੇਵਾਵਾਂ ’ਤੇ ਵੱਡਾ ਪ੍ਰਭਾਵ ਪਾਇਆ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਦੇ ਅਨੁਸਾਰ, ਅੱਜ ਸਿਰਫ ਦਿੱਲੀ ਨੂੰ ਐੱਨਸੀਆਰ ਲਈ ਮੈਟਰੋ ਮਿਲੀ। ਐੱਨਸੀਆਰ ਤੋਂ ਦਿੱਲੀ ਲਈ ਮੈਟਰੋ ਸੇਵਾਵਾਂ ਬੰਦ ਸਨ। ਡੀਐੱਮਆਰਸੀ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਮੈਟਰੋ ਦੁਆਰਾ ਦਿੱਲੀ ਤੋਂ ਨੋਇਡਾ, ਗੁਰੂ ਗਰਾਮ, ਗਾਜ਼ੀਆਬਾਦ, ਬਹਾਦੁਰਗੜ੍ਹ, ਬੱਲਬਗੜ੍ਹ ਜਾਂ ਫਰੀਦਾਬਾਦ ਤੱਕ ਆਉਣ ਦੀ ਸੁਵਿਧਾ ਹੈ ਪਰ ਵਾਪਸੀ ਦੀ ਨਹੀਂ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨਾਂ ਦੇ ਹੱਕ ’ਚ ਰੋਸ ਪ੍ਰਦਰਸ਼ਨ
ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਦਿੱਲੀ ਦੇ ਜੰਤਰ-ਮੰਤਰ ’ਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਸਰਕਾਰ ਤੋਂ ਖੇਤੀ ਬਾਰੇ ਪਾਸ ਕੀਤੇ ਨਵੇਂ ਤਿੰਨਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕਿਸਾਨਾਂ ਨੇ ਇਕ ਪਾਸੇ ਪੂਰੀ ਹਿੰਮਤ ਨਾਲ ਪੁਲੀਸ ਅੱਤਿਆਚਾਰਾਂ ਦਾ ਟਾਕਰਾ ਕੀਤਾ ਹੈ ਤੇ ਸਰਦੀਆਂ ਦੀ ਠੰਡ ਦੀ ਰਾਤ ਸੜਕਾਂ ’ਤੇ ਖੁੱਲ੍ਹੇ ਅਸਮਾਨ ਹੇਠ ਬਿਤਾਈ। ਉਨ੍ਹਾਂ ਨੇ ਸਾਰੇ ਬੈਰੀਕੇਡਾਂ ਤੇ ਪੁਲੀਸ ਦੀ ਤਾਇਨਾਤੀ ਨੂੰ ਤੋੜਦਿਆਂ ਪੰਜਾਬ ਹਰਿਆਣਾ ਬਾਰਡਰ ਵੱਲ ਸਫਲਤਾਪੂਰਵਕ ਮਾਰਚ ਕੀਤਾ। ਲੜ ਰਹੇ ਕਿਸਾਨਾਂ ਦੇ ਸਮਰਥਨ ਵਿਚ ਅੱਜ ਸੰਸਦ ਮਾਰਗ ’ਤੇ ਹਮਲਾਵਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਏਆਈਕੇਐੱਸਸੀ ਦੇ ਨੇਤਾ ਚੰਦਰਸ਼ੇਖਰ ਕੋਡਹੱਲੀ, ਪ੍ਰੇਮ ਸਿੰਘ ਗਹਿਲਾਵਤ, ਕਵਿਤਾ ਕੁਰੂਗੰਤੀ, ਹਨਨ ਮੋਲ੍ਹਾ, ਪੀ ਕ੍ਰਿਸ਼ਨਾ ਪ੍ਰਸਾਦ, ਸੀਆਈਟੀਯੂ ਨੇਤਾ ਤਪਨ ਸੇਨ, ਡਾ. ਕੇਕੇ ਹੇਮਲਤਾ ਤੇ ਏਆਰ ਸਿੰਧੂ ਏਆਈਏਡਬਲਯੂ ਆਗੂ ਵਿਕਰਮ ਸਿੰਘ ਤੇ ਆਈਐੱਫਟੀਯੂ ਆਗੂ ਮ੍ਰਿਗਾਂਕ ਹਾਜ਼ਰ ਸਨ। ਪ੍ਰਦਰਸ਼ਨਕਾਰੀਆਂ ਵੱਲੋਂ ਦਿੱਲੀ ਜਾ ਰਹੇ ਕਿਸਾਨਾਂ ਨੂੰ ਦਿੱਲੀ ਜਾਣ ’ਤੇ ਸਰਕਾਰ ਨਾਲ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰਨ ਦੀ ਮੰਗ ਕਰਦਿਆਂ ਸੰਸਦ ਮਾਰਗ ਰੋਕਿਆ ਗਿਆ।
‘ਆਪ’ ਵਾਲੰਟੀਅਰ ਬਿਨਾਂ ਬੈਨਰ ਤੋਂ ਸੰਘਰਸ਼ ’ਚ ਸ਼ਾਮਲ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂਆਂ ਅਤੇ ਵਰਕਰਾਂ ਨੇ ਕਿਸਾਨ ਅੰਦੋਲਨ ਵਿਚ ਰਾਜਨੀਤੀ ਤੋਂ ਉਪਰ ਉਠ ਕੇ ਬਤੌਰ ਕਿਸਾਨ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਦੇਸ਼ ਭਰ ਦੇ ਕਿਸਾਨਾਂ ਵੱਲੋਂ ਇਕਜੁੱਟ ਹੁੰਦਿਆਂ 26 ਅਤੇ 27 ਨਵੰਬਰ ਨੂੰ ਦਿੱਲੀ ਚੱਲੋ ਦੇ ਸੱਦੇ ’ਤੇ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਪਾਰਟੀ ਦੇ ਝੰਡੇ ਅਤੇ ਬੈਨਰ ਤੋਂ ਬਗੈਰ ਦਿੱਲੀ ਪਹੁੰਚੇ। ਖਨੌਰੀ ਰਾਹੀਂ ਹਰਿਆਣਾ ਵਿਚ ਦਾਖਲ ਹੋਏ ਵਿਰੋਧੀ ਧਿਰ ਦੇ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਅਤੇ ਯੂਥ ਵਿੰਗ ਦੇ ਸਹਿ ਪ੍ਰਧਾਨ ਗਗਨ ਅਨਮੋਲ ਮਾਨ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਭਰ ਦੇ ਕਿਸਾਨਾਂ ਦੀ ਇਕਜੁੱਟਤਾ ਜਿੱਥੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਹੰਕਾਰ ਤੋੜੇਗੀ, ਉਥੇ ਮੋਦੀ ਸਰਕਾਰ ਨਾਲ ਮਿਲ ਕੇ ਪੰਜਾਬ ਅਤੇ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰ ਰਹੇ ਕੈਪਟਨ ਅਮਰਿੰਦਰ ਸਿੰਘ ਦੇ ਕਿਸਾਨ ਵਿਰੋਧ ਮਨਸੂਬਿਆਂ ’ਤੇ ਪਾਣੀ ਫੇਰੇਗੀ।
ਦਿੱਲੀ ਜਲ ਬੋਰਡ ਵੱਲੋਂ ਕਿਸਾਨਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ
ਦਿੱਲੀ ਜਲ ਬੋਰਡ ਨੇ ਬੁਰਾੜੀ ਦੇ ਨਿਰੰਕਾਰੀ ਮੈਦਾਨ ਵਿਚ ਪੀਣ ਵਾਲੇ ਪਾਣੀ ਦੀ ਸੁਵਿਧਾ ਦੇਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਦੇਸ਼ ਦੇ ਹੋਰ ਹਿੱਸਿਆਂ ਤੋਂ ਆਏ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਵਿਚ ਕੋਈ ਮੁਸ਼ਕਲ ਨਾ ਆਵੇ। ਦਿੱਲੀ ਜਲ ਬੋਰਡ ਦੇ ਉੱਪ ਪ੍ਰਧਾਨ ਰਾਘਵ ਚੱਢਾ ਨੇ ਖ਼ੁਦ ਨਿਰੰਕਾਰੀ ਮੈਦਾਨ ਦਾ ਦੌਰਾ ਕੀਤਾ ਤੇ ਪੀਣ ਵਾਲੇ ਪਾਣੀ ਦੇ ਟੈਂਕਰਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਰਾਘਵ ਚੱਢਾ ਨੇ ਕਿਹਾ ਕਿ ਦਿੱਲੀ ਜਲ ਬੋਰਡ ਨੇ ਬੁਰਾੜੀ ਮੈਦਾਨ ਵਿੱਚ ਪੀਣ ਵਾਲੇ ਪਾਣੀ ਦੇ ਪ੍ਰਬੰਧਾਂ ਨੂੰ ਬਣਾਈ ਰੱਖਣ ਤੇ ਪੀਣ ਵਾਲੇ ਪਾਣੀ ਦੇ ਟੈਂਕਰ ਮੁਹੱਈਆ ਕਰਾਉਣ ਲਈ ਇਕ ਨੋਡਲ ਅਫ਼ਸਰ ਅਤੇ ਇਕ ਸਹਿ-ਨੋਡਲ ਅਧਿਕਾਰੀ ਨਿਯੁਕਤ ਕੀਤਾ ਹੈ ਤੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦਾ ਹਰ ਵਿਧਾਇਕ ਆਪਣੇ ਪੱਧਰ ’ਤੇ ਕਿਸਾਨਾਂ ਦੀ ਸਹਾਇਤਾ ਕਰੇਗਾ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਕਿਸਾਨਾਂ ਦੇ ਨਾਲ ਹੈ ਤੇ ਰਹਿਣ, ਖਾਣ ਪੀਣ ਅਤੇ ਹੋਰ ਸਹੂਲਤਾਂ ਸਮੇਤ ਸਾਰੀਆਂ ਸਹੂਲਤਾਂ ਦਾ ਵੀ ਖਿਆਲ ਰੱਖਿਆ ਜਾਵੇਗਾ।