ਮੋਦੀ ਹਕੂਮਤ ਖ਼ਿਲਾਫ਼ ਦਿੱਲੀ ਦੀਆਂ ਹੱਦਾਂ ’ਤੇ ਡਟੇ ਕਿਸਾਨ

ਮੋਦੀ ਹਕੂਮਤ ਖ਼ਿਲਾਫ਼ ਦਿੱਲੀ ਦੀਆਂ ਹੱਦਾਂ ’ਤੇ ਡਟੇ ਕਿਸਾਨ

ਸਿੰਘੂ ਸਰਹੱਦ ’ਤੇ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਕਿਸਾਨ। -ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 29 ਨਵੰਬਰ

ਸਿੰਘੂ ਬਾਰਡਰ ਵਿੱਚ ਦੋ ਦਿਨ ਤੋਂ ਧਰਨਾ ਲਾਈ ਬੈਠੇ ਕਿਸਾਨਾਂ ਦੀ ਸਵੇਰ ਨਵੇਂ ਉਤਸ਼ਾਹ ਨਾਲ ਚੜ੍ਹਦੀ ਹੈ। ਹਾਲਾਂਕਿ ਕਿਸਾਨਾਂ ਲਈ ਜ਼ਰੂਰੀ ਕਿਰਿਆਵਾਂ ਸੋਧਣ ਲਈ ਖਾਸ ਪ੍ਰਬੰਧ ਨਹੀਂ ਹਨ ਪਰ ਫਿਰ ਵੀ ਉਹ ਸਵੇਰੇ ਉੱਠ ਕੇ ਕੌਮੀ ਸ਼ਾਹਰਾਹ ’ਤੇ ਵੱਖ-ਵੱਖ ਟੋਲਿਆਂ ਵਿੱਚ ਕਿਸਾਨੀ ਮੁੱਦਿਆਂ ਉਪਰ ਚਰਚਾ ਕਰਦੇ ਦੇਖੇ ਜਾ ਰਹੇ ਹਨ। ਪਿੱਛੇ ਪੰਜਾਬ ਤੇ ਹਰਿਆਣਾ ਵਿੱਚ ਪਰਿਵਾਰਾਂ ਨਾਲ ਮੋਬਾਈਲ ਫੋਨਾਂ ਰਾਹੀਂ ਰਾਬਤਾ ਬਣਾ ਕੇ ਇੱਥੋਂ ਦੇ ਹਾਲਾਤਾਂ ਬਾਰੇ ਦੱਸਿਆ ਜਾ ਰਿਹਾ ਹੈ ਤੇ ਖੇਤੀਬਾੜੀ ਦੇ ਕਾਰਜਾਂ ਬਾਰੇ ਪੁੱਛਿਆ ਜਾ ਰਿਹਾ। ਮੋਬਾਈਲ ਫੋਨਾਂ ਦੀਆਂ ਬੈਟਰੀਆਂ ਚਾਰਜ ਕਰਨ ਦੇ ਪ੍ਰਬੰਧ ਟਰਾਲੀਆਂ ਵਿੱਚ ਹੀ ਕੀਤੇ ਗਏ ਹਨ। ਰਾਤ ਦੀ ਸਰਦ ਰਾਤ ਬਿਤਾਉਣ ਮਗਰੋਂ ਸਵੇਰੇ ਨਾਲ ਲਿਆਂਦੇ ਸੀਧੇ ਨਾਲ ਚਾਹ ਦੇ ਲੰਗਰ ਲਾ ਕੇ ਸਰੀਰਾਂ ਵਿੱਚ ਫੁਰਤੀ ਲਿਆਉਣ ਦੇ ਆਹਰ ’ਚ ਕਿਸਾਨ ਜੁੱਟ ਜਾਂਦੇ ਹਨ। ਬਜ਼ੁਰਗ ਕੋਸੀ ਕੋਸੀ ਧੁੱਪ ਸੇਕ ਕੇ ਦਿਨ ਨਿਖ਼ਰਨ ਦਾ ਇੰਤਜ਼ਾਰ ਕਰਦੇ ਹਨ। ਵੱਖ-ਵੱਖ ਟੋਲਿਆਂ ਵਿੱਚ ਖੁੰਡ ਚਰਚਾ ਵਰਗਾ ਮਾਹੌਲ ਵੀ ਕੌਮੀ ਸ਼ਾਹਰਾਹ ਉਪਰ ਬਣ ਜਾਂਦਾ ਹੈ। ਸੱਪਾਂ ਦੀਆਂ ਸਿਰੀਆਂ ਮਿੱਧਣ ਵਾਲੇ ਕਿਸਾਨਾਂ ਦੇ ਟਰਾਲੀਆਂ ਵਿਚ ਹੀ ਸੋਣ ਦੇ ਪ੍ਰਬੰਧ ਉਨ੍ਹਾਂ ਦੀ ਲੰਮੇ ਸਮੇਂ ਦੀ ਯੋਜਨਾਬੰਦੀ ਦੀ ਝਲਕ ਪੇਸ਼ ਕਰਦੇ ਹਨ। ਨਾਲ ਲਿਆਂਦੇ ਡੈਕਾਂ ਉਪਰ ਪਹਿਲਾਂ ਗੁਰਬਾਣੀ ਜਾਂ ਧਾਰਮਿਕ ਗੀਤ ਵਜਣੇ ਸ਼ੁਰੂ ਹੋ ਜਾਂਦੇ ਹਨ ਤਾਂ ਕਿਸਾਨ ਟਰਾਲੀਆਂ ਵਿੱਚੋਂ ਨਿਕਲ ਕੇ ਮੰਚ ਵੱਲ ਵਧਣ ਲੱਗਦੇ ਹਨ। ਹਾਲਾਂਕਿ ਕਿਸਾਨ‌ ਮੀਡੀਆ ਦੇ ਇੱਕ ਹਿੱਸੇ ਤੋਂ ਖਾਸੇ ਖ਼ਫ਼ਾ ਹਨ ਪਰ ਟੀਵੀ ਚੈਨਲਾਂ ਦੇ ਮਾਈਕਾਂ ਅੱਗੇ ਉਹ ਝੁਰਮੁਟ ਵੀ ਝੱਟ ਬਣਾ ਲੈਂਦੇ ਹਨ।

ਕਿਸਾਨ ਸੰਘਰਸ਼ ਵਿੱਚ ਸ਼ਮੂਲੀਅਤ ਕਰਦੀਆਂ ਹੋਈਆਂ ਵਿਦਿਆਰਥਣਾਂ।

ਵਿਸ਼ਵ ਪੰਜਾਬੀ ਸੰਗਠਨ ਦੇ ਕੌਮਾਂਤਰੀ ਪ੍ਰਧਾਨ, ਵਿਕਰਮਜੀਤ ਐੱਸ ਸਾਹਨੀ, ਪਦਮਸ਼੍ਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਘੱਟੋ ਘੱਟ ਸਮਰਥਨ ਮੁੱਲ ਵਰਗੇ ਮੁੱਦਿਆਂ ’ਤੇ ਆਪਣੀਆਂ ਕਥਿਤ ਚਿੰਤਾਵਾਂ ਦਾ ਪ੍ਰਗਟਾਵਾ ਕਰਨ ਵਾਲੇ ਕਿਸਾਨਾਂ ਦੀਆਂ ਚਿੰਤਾਵਾਂ ਦਾ ਹੱਲ ਕਰਨ ਲਈ ਤੁਰੰਤ ਦਖਲ ਦੇਣ। ਸਰਕਾਰ ਨੂੰ ਇਨ੍ਹਾਂ ਸਰੋਕਾਰਾਂ ਨੂੰ ਸਪੱਸ਼ਟ ਕਰਨ ਅਤੇ ਸੰਤੁਸ਼ਟ ਕਰਨ ਲਈ ਉਨ੍ਹਾਂ ਨਾਲ ਜੁੜਨਾ ਲਾਜ਼ਮੀ ਹੈ। ਪੰਜਾਬ ਯੋਧਿਆਂ ਅਤੇ ਮਿਹਨਤੀ ਕਿਸਾਨਾਂ ਦੀ ਧਰਤੀ ਰਿਹਾ ਹੈ, ਜਿਨ੍ਹਾਂ ਨੇ ਹਰੀ ਕ੍ਰਾਂਤੀ ਲਿਆਉਣ ’ਚ ਭਾਰਤ ਨੂੰ ਅਨਾਜ ਵਿਚ ਆਤਮ ਨਿਰਭਰ ਬਣਾਉਣ ਲਈ ਸਖਤ ਮਿਹਨਤ ਕੀਤੀ।

ਕਿਸਾਨਾਂ ਦੇ ਹੱਕ ’ਚ ਨਿੱਤਰੀਆ ਖਾਪ ਪੰਚਾਇਤਾਂ

ਦਿੱਲੀ ਨੂੰ ਜਾਂਦੇ ਮੁੱਖ 5 ਮਾਰਗਾਂ ਨੂੰ ਜਾਮ ਕਰਨ ਦੇ ਐਲਾਨ ਮਗਰੋਂ ਖਾਪ ਪੰਚਾਇਤਾਂ ਵੀ ਕਿਸਾਨਾਂ ਦੇ ਹੱਕ ਵਿੱਚ ਆ ਗਈਆਂ ਹਨ। ਸਾਂਗਵਾਨ ਖ਼ਾਪ ਨੇ ਕਿਸਾਨਾਂ ਦੇ ਧਰਨਿਆਂ ਵੱਲ ਮਾਰਚ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਖਾਪ ਦੇ ਪ੍ਰਧਾਨ ਸੋਮਬੀਰ ਸਾਂਗਵਾਨ ਨੇ ਐਲਾਨ ਕੀਤਾ ਕਿ ਭਲਕੇ ਬੈਠਕ ਕਰਕੇ ਦਿੱਲੀ ਵੱਲ ਕੂਚ ਕੀਤਾ ਜਾਵੇਗਾ। ਹਾਲਾਂਕਿ ਹੁਣ ਖਾਪ ਪੰਚਾਇਤਾਂ ਦਾ ਚੱਲਣ ਬੰਦ ਹੋ ਗਿਆ ਹੈ ਪਰ ਕਈ ਇਲਾਕਿਆਂ ਵਿੱਚ ਕਿਸਾਨਾਂ ਵਿੱਚ ਇਨ੍ਹਾਂ ਦਾ ਭਰਵਾਂ ਆਧਾਰ ਹੈ। ਪੱਛਮੀ ਉੱਤਰ ਪ੍ਰਦੇਸ਼ ਵਿੱਚੋਂ ਵੀ ਖਾਪਾਂ ਦੇ ਆਗੂ ਸਰਗਰਮੀ ਫੜ ਰਹੇ ਹਨ। ਕਿਸਾਨਾਂ ਦੀ ਗਿਣਤੀ ਵਧਣ ਕਰ ਕੇ ਰਾਜਧਾਨੀ ਅੰਦਰ ਆਵਾਜਾਈ ਦੀ ਸਮੱਸਿਆ ਅਗਲੇ ਦਿਨਾਂ ਦੌਰਾਨ ਵਧ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All