ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਦਸੰਬਰ
ਕਰੋਨਾ ਦੇ ਨਵੇਂ ਰੂਪ ਓਮੀਕਰੋਨ ਦੇ ਸਾਹਮਣੇ ਆਉਣ ਨਾਲ ਮਨੁੱਖਤਾ ਲਈ ਪੈਦਾ ਹੋਏ ਗੰਭੀਰ ਸੰਕਟ ਨੂੰ ਵੇਖਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਪਾਨ ਤੇ ਸਿੰਘਾਪੁਰ ਦੀ ਮਦਦ ਨਾਲ ਗੁਰਦੁਆਰਾ ਬਾਲਾ ਸਾਹਿਬ ਵਿੱਚ ਗੁਰੂ ਹਰਿਕ੍ਰਿਸ਼ਨ ਹਸਪਤਾਲ ਵਿੱਚ 24 ਬੈੱਡਾਂ ਦੇ ਮੈਡੀਕਲ ਐਮਰਜੈਂਸੀ ਪੋਡ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਸੇਵਾ ਦੀ ਸ਼ੁਰੂਆਤ ਲਈ ਸਿੰਘ ਸਾਹਿਬ ਵੱਲੋਂ ਅੱਜ ਅਰਦਾਸ ਕੀਤੀ ਗਈ ਤੇ ਮੈਡੀਕਲ ਇਲਾਜ ਦੀ ਸਹੂਲਤ ਅਗਲੇ 15 ਦਿਨਾਂ ਵਿੱਚ ਸ਼ੁਰੂ ਹੋ ਜਾਵੇਗੀ। ਅਰਦਾਸ ਕਰਨ ਮੌਕੇ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਰਣਜੀਤ ਕੌਰ, ਵਿਕਰਮ ਸਿੰਘ ਰੋਹਿਣੀ ਤੇ ਹੋਰ ਮੈਂਬਰ ਮੈਂਬਰ ਹਾਜ਼ਰ ਸਨ।
ਇਸ ਮੌਕੇ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ 24 ਬੈੱਡਾਂ ਦੀ ਸਹੂਲਤ ਪਹਿਲੇ ਵਾਲੇ 125 ਬੈੱਡਾਂ ਨਾਲੋਂ ਵੱਖਰੀ ਹੋਵੇਗੀ। ਇਸ ਮੈਡੀਕਲ ਐਮਰਜੈਂਸੀ ਪੋਡ ਯਾਨੀ ਪੋਰਟੇਬਲ ਆਨ ਡਿਮਾਂਡ ਸਹੂਲਤ ਵਾਸਤੇ ਸਿੰਗਾਪੁਰ ਦੀ ਈਕੋ ਸਾਫਟ ਕੰਪਨੀ ਵੱਲੋਂ ਸਹਾਇਤਾ ਕੀਤੀ ਗਈ ਹੈ ਤੇ ਇਸ ਵਾਸਤੇ ਜਪਾਨ ਦੇ ਐੱਸਐਮਬੀਸੀ ਬੈਂਕ ਵੱਲੋਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਹਨਾਂ ਦੱਸਿਆ ਕਿ 4 ਪੋਡਾਂ ਵਿਚੋਂ ਹਰੇਕ ਵਿਚ 6-6 ਬੈੱਡ ਹੋਣਗੇ ਜੋ ਆਈਸੀਯੂ ਬੈੱਡ ਹੋਣਗੇ ਤੇ ਇੱਥੇ ਅਤਿ ਆਧੁਨਿਕ ਸਹੂਲਤਾਂ ਉਪਲਬਧ ਹੋਣਗੀਆਂ। ਉਨ੍ਹਾਂ ਕਿਹਾ ਕਿ ਪਹਿਲਾਂ ਗੁਰਦੁਆਰਾ ਰਕਾਬਗੰਜ ਗੰਜ ਸਾਹਿਬ ਦੇ ਅੰਦਰ 400 ਬੈਡਾਂ ਦੀ ਕਰੋਨਾ ਕੇਅਰ ਫੈਸੀਲਿਟੀ ਬਣਾਈ ਗਈ ਸੀ, ਉਸੇ ਤਰੀਕੇ ਹੁਣ ਵੀ ਇਲਾਜ ਦੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪਹਿਲਾਂ ਹੀ 125 ਬੈਡਾਂ ਦਾ ਹਸਪਤਾਲ ਸ਼ੁਰੂ ਕੀਤਾ ਸੀ ਪਰ ਉਸ ਵੇਲੇ ਰਾਜਨੀਤੀ ਕਾਰਨ ਅਦਾਲਤ ਨੇ ਸ਼ੁਰੂਆਤ ’ਤੇ ਰੋਕ ਲਗਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਹਰ ਵਾਰ ਹਸਪਤਾਲ ਦੇ ਨਾਂ ’ਤੇ ਰਾਜਨੀਤੀ ਹੋਈ ਹੈ ਤੇ ਆਸ ਹੈ ਕਿ ਐਤਕੀਂ ਨਹੀਂ ਹੋਵੇਗੀ। ਇਸ ਮੌਕੇ ਕਮੇਟੀ ਮੈਂਬਰਾਂ ਤੋਂ ਇਲਾਵਾ ਡਾ. ਹਰਮੀਤ ਸਿੰਘ ਰੇਹਾਨ, ਚੇਅਰਮੈਨ ਗੁਰਦੇਵ ਸਿੰਘ ਮਾਨਸਰੋਵਰ ਗਾਰਡਨ ਵੀ ਮੌਜੁਦ ਰਹੇ।