ਆਬਕਾਰੀ ਘੁਟਾਲਾ: ਭਾਜਪਾ ਵੱਲੋਂ ‘ਆਪ’ ਦੇ ਮੁੱਖ ਦਫ਼ਤਰ ਅੱਗੇ ਮੁਜ਼ਾਹਰਾ : The Tribune India

ਆਬਕਾਰੀ ਘੁਟਾਲਾ: ਭਾਜਪਾ ਵੱਲੋਂ ‘ਆਪ’ ਦੇ ਮੁੱਖ ਦਫ਼ਤਰ ਅੱਗੇ ਮੁਜ਼ਾਹਰਾ

ਆਬਕਾਰੀ ਘੁਟਾਲਾ: ਭਾਜਪਾ ਵੱਲੋਂ ‘ਆਪ’ ਦੇ ਮੁੱਖ ਦਫ਼ਤਰ ਅੱਗੇ ਮੁਜ਼ਾਹਰਾ

ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਖ਼ਿਲਾਫ਼ ਮੁਜ਼ਾਹਰਾ ਕਰਦੇ ਹੋਏ ਭਾਜਪਾ ਕਾਰਕੁਨ। -ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 4 ਫਰਵਰੀ

ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਵਰਿੰਦਰ ਸਚਦੇਵਾ ਤੇ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਦੀ ਅਗਵਾਈ ਹੇਠ ਭਾਜਪਾ ਕਾਰਕੁਨਾਂ ਨੇ ਅੱਜ ਆਬਕਾਰੀ ਘੁਟਾਲੇ ਸਬੰਧੀ ਈਡੀ ਦੀ ਚਾਰਜਸ਼ੀਟ ‘ਚ ਅਰਵਿੰਦ ਕੇਜਰੀਵਾਲ ਦਾ ਨਾਮ ਆਉਣ ‘ਤੇ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ| ਇਸ ਦੌਰਾਨ ਭਾਜਪਾ ਕਾਰਕੁਨਾਂ ਨੇ ਕੇਜਰੀਵਾਲ ਤੋਂ ਅਸਤੀਫੇ ਦੀ ਮੰਗ ਕੀਤੀ। ਜਾਣਕਾਰੀ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਤੇ ਉਹ ਕੇਜਰੀਵਾਲ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਅੱਗੇ ਵਧੇ ਪਰ ਦਿੱਲੀ ਪੁਲੀਸ ਨੇ ਰਾਹ ਵਿੱਚ ਹੀ ਡੱਕ ਲਏ। ਪੁਲੀਸ ਵੱਲੋਂ ਰੋਕੇ ਜਾਣ ’ਤੇ ਭਾਜਪਾ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਗ੍ਰਿਫ਼ਤਾਰੀ ਦਿੱਤੀ ਅਤੇ ਪੁਲੀਸ ਉਨ੍ਹਾਂ ਨੂੰ ਥਾਣਾ ਆਈਪੀ ਸਟੇਟ ਲੈ ਗਈ। ਇਸ ਤੋਂ ਪਹਿਲਾਂ ਧਰਨੇ ਨੂੰ ਸੰਬੋਧਨ ਕਰਦਿਆਂ ਵਰਿੰਦਰ ਸਚਦੇਵਾ ਨੇ ਕਿਹਾ ਕਿ ਭਾਜਪਾ ਸ਼ੁਰੂ ਤੋਂ ਹੀ ਕਹਿੰਦੀ ਆ ਰਹੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸ਼ਰਾਬ ਘੁਟਾਲਿਆਂ ਪਿੱਛੇ ਹੱਥ ਹੈ ਤੇ ਅੱਜ ਈਡੀ ਵੱਲੋਂ ਚਾਰਜਸ਼ੀਟ ਵਿੱਚ ਨਾਂ ਆਉਣ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਘੁਟਾਲੇ ‘ਚ ਈ.ਡੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ, ਜਿਨ੍ਹਾਂ ਨੇ ਕਬੂਲ ਕੀਤਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਬੈਠ ਕੇ ਸ਼ਰਾਬ ਸਬੰਧੀ ਨੀਤੀਆਂ ਤੈਅ ਕੀਤੀਆਂ ਗਈਆਂ ਤੇ ਕਮਿਸ਼ਨ ਵੀ ਤੈਅ ਕੀਤਾ ਗਿਆ ਤੇ ਇਨ੍ਹਾਂ ਸਭ ਦੇ ਪਿੱਛੇ ਮਾਸਟਰ ਮਾਈਂਡ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਹੈ| ਸ੍ਰੀ ਸਚਦੇਵਾ ਨੇ ਕਿਹਾ ਕਿ ਕੇਜਰੀਵਾਲ ਵਿੱਚ ਨੈਤਿਕਤਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 1995 ਵਿੱਚ ਮਦਨ ਲਾਲ ਖੁਰਾਣਾ ਨੇ ਨੈਤਿਕਤਾ ਦਿਖਾਈ ਸੀ ਅਤੇ ਈ.ਡੀ. ਚਾਰਜਸ਼ੀਟ ‘ਚ ਨਾਂ ਆਉਣ ‘ਤੇ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਕਿਹਾ ਕਿ 2015 ਤੋਂ ਕੇਜਰੀਵਾਲ ਦਿੱਲੀ ਦੇ ਵਿਕਾਸ ਨੂੰ ਚੂਨਾ ਲਗਾ ਰਿਹਾ ਹੈ ਹੁਣ ਸਮਾਂ ਆ ਗਿਆ ਹੈ ਕਿ ਭਾਜਪਾ ਵਰਕਰ ਕੇਜਰੀਵਾਲ ਦੇ ਭ੍ਰਿਸ਼ਟਾਚਾਰ ਨੂੰ ਹਰ ਗਲੀ ਗਲੀ ਵਿੱਚ ਨੰਗਾ ਕਰਨ।

ਰਾਮਵੀਰ ਸਿੰਘ ਬਿਧੂੜੀ ਨੇ ਕਿਹਾ ਕਿ ਭਾਜਪਾ ਸ਼ੁਰੂ ਤੋਂ ਹੀ ਕਹਿੰਦੀ ਆ ਰਹੀ ਹੈ ਕਿ ਸ਼ਰਾਬ ਘੁਟਾਲੇ ਨੂੰ ਮੁੱਖ ਮੰਤਰੀ ਕੇਜਰੀਵਾਲ ਦੀ ਸਰਪ੍ਰਸਤੀ ਹਾਸਲ ਹੈ ਅਤੇ ਅੱਜ ਈ.ਡੀ. ਚਾਰਜਸ਼ੀਟ ਨੇ ਦੋਸ਼ਾਂ ਦੀ ਪੁਸ਼ਟੀ ਕੀਤੀ ਹੈ। ਸ੍ਰੀ ਕੁਲਜੀਤ ਸਿੰਘ ਚਾਹਲ ਨੇ ਕਿਹਾ ਕਿ ਅੱਜ ਦਿੱਲੀ ਦੀ ਜਨਤਾ ਨੂੰ ਇਹ ਸਮਝ ਨਹੀਂ ਆ ਰਹੀ ਕਿ ਕੀ ਦਿੱਲੀ ਸਰਕਾਰ ਵਿਚ ਕੋਈ ਘਪਲਾ ਹੈ ਜਾਂ ਕੀ ਦਿੱਲੀ ਸਰਕਾਰ ਘਪਲਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਰਕਰ ਹੁਣ ਸ਼ਾਂਤੀ ਨਾਲ ਨਹੀਂ ਬੈਠਣਗੇ ਤੇ ਹਰ ਗਲੀ ਗਲੀ ‘ਚ ਕੇਜਰੀਵਾਲ ਸਰਕਾਰ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਨਗੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All