ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਕਾਮਿਆਂ ਦੇ ਸਨਮਾਨ ਲਈ ਕਰਵਾਏ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਕੌਮਾਂਤਰੀ ਮਜ਼ਦੂਰ ਦਿਵਸ ਸਬੰਧੀ ਕਰਵਾਏ ਸਮਾਗਮ ਦੌਰਾਨ ਉਨ੍ਹਾਂ ਨੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਮਜ਼ਦੂਰਾਂ ਦੀ ਭਲਾਈ ਲਈ ਕਈ ਉਪਾਵਾਂ ਦਾ ਐਲਾਨ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ 1,000 ਉਸਾਰੀ ਕਾਮਿਆਂ ਨੂੰ ਸੁਰੱਖਿਆ ਕਿੱਟਾਂ ਅਤੇ ਮਜ਼ਦੂਰ ਪਰਿਵਾਰਾਂ ਦੇ 100 ਬੱਚਿਆਂ ਨੂੰ ਸਿੱਖਿਆ ਕਿੱਟਾਂ ਵੰਡੀਆਂ।
ਇਸ ਸਮਾਰੋਹ ਦੌਰਾਨ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਹੁਨਰ ਵਿਕਾਸ ਪਹਿਲਕਦਮੀ ਸ਼ੁਰੂ ਕੀਤੀ ਗਈ। ਇਸ ਦਾ ਉਦੇਸ਼ ਸਾਲਾਨਾ 35,000 ਕਾਮਿਆਂ ਨੂੰ ਸਿਖਲਾਈ ਦੇਣਾ ਹੈ। ਪ੍ਰੋਗਰਾਮ ਦੇ ਅਧਿਕਾਰੀਆਂ ਨੇ ਇਸ ਨੂੰ ਦਿੱਲੀ ਦੀ ਕੰਮਕਾਜੀ ਆਬਾਦੀ ਲਈ ਲੰਬੇ ਸਮੇਂ ਦੇ ਰੁਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਉਣ ਲਈ ਕੇਂਦਰੀ ਵਿਜ਼ਨ ਦੱਸਿਆ।
ਮੁੱਖ ਮੰਤਰੀ ਗੁਪਤਾ ਨੇ ਇਸ ਮੌਕੇ ਉਸਾਰੀ ਕਾਮਿਆਂ ਲਈ ਰਜਿਸਟ੍ਰੇਸ਼ਨ ਅਤੇ ਨਵੀਨੀਕਰਨ ਫੀਸਾਂ ਦੀ ਪੂਰੀ ਛੋਟ, ਸਮੂਹਿਕ ਵਿਆਹ ਯੋਜਨਾ ਦੀ ਸ਼ੁਰੂਆਤ, ਆਧੁਨਿਕ ਲੇਬਰ ਚੌਕ ਅਤੇ ਕਿਰਤੀ ਸੇਵਾ ਕੇਂਦਰ ਸਥਾਪਤ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਹ ਸਰਕਾਰੀ ਸੇਵਾਵਾਂ ਮਜ਼ਦੂਰਾਂ ਭਾਈਚਾਰਿਆਂ ਦੇ ਨੇੜੇ ਲਿਆਉਣ ਲਈ ਤਿਆਰ ਕੀਤੀਆਂ ਗਈਆਂ ਹਨ।
ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਜ਼ਦੂਰਾਂ ਦੇ ਯੋਗਦਾਨ ਨੂੰ ਯਾਦ ਕੀਤਾ
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਸਾਵਿਤਰੀ ਬਾਈ ਸੀਨੀਅਰ ਸੈਕੰਡਰੀ ਸਕੂਲ ਬਾਬੈਨ ਵਿੱਚ ਅੱਜ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਕੈਂਪਸ ਵਿੱਚ ਵਿਸ਼ੇਸ਼ ਸਭਾ ਕੀਤੀ ਗਈ। ਇਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਜ਼ਦੂਰਾਂ ਦੇ ਯੋਗਦਾਨ ਨੂੰ ਯਾਦ ਕੀਤਾ ਤੇ ਉਨ੍ਹਾਂ ਦਾ ਸਤਿਕਾਰ ਕਰਨ ਦਾ ਸੰਦੇਸ਼ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਾਰਥਨਾ ਸਭਾ ਨਾਲ ਹੋਈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਮਜ਼ਦੂਰ ਦਿਵਸ ਦੀ ਮਹੱਤਤਾ ’ਤੇ ਭਾਸ਼ਣ, ਪ੍ਰੇਰਨਾਦਾਇਕ ਕਵਿਤਾਵਾਂ, ਨਾਟਕ ਪੇਸ਼ ਕੀਤੇ ਜਿਨ੍ਹਾਂ ਰਾਹੀਂ ਮਜ਼ਦੂਰਾਂ ਨੂੰ ਸਨਮਾਨ ਦੇਣ ’ਤੇ ਜ਼ੋਰ ਦਿੱਤਾ ਗਿਆ। ਵਿਦਿਆਰਥੀਆਂ ਨੇ ਸਮਾਜ ਦੇ ਵਿਕਾਸ ਵਿੱਚ ਮਜਦੂਰਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਚਰਚਾ ਕਰਦਿਆਂ ਕਿਹਾ ਕਿ ਹਰ ਮਿਹਨਤਕਸ਼ ਵਿਅਕਤੀ ਸਤਿਕਾਰ ਦਾ ਹੱਕਦਾਰ ਹੈ। ਸਕੂਲ ਪ੍ਰਿੰਸੀਪਲ ਖੁਸ਼ਬੂ ਸੈਣੀ ਨੇ ਕਿਹਾ ਕਿ ਸਖ਼ਤ ਮਿਹਨਤ, ਅਨੁਸ਼ਾਸ਼ਨ ਤੇ ਇਮਾਨਦਾਰੀ ਸਫਲਤਾ ਦੀਆਂ ਕੁੰਜੀਆਂ ਹਨ। ਵਿਦਿਆਰਥੀਆਂ ਨੂੰ ਮਜ਼ਦੂਰਾਂ ਦੇ ਸੰਘਰਸ਼ ਅਤੇ ਮਿਹਨਤ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕੀਤਾ। ਸਮਾਜ ਦੇ ਸਾਰੇ ਕਰਮਚਾਰੀਆਂ ਲਈ ਸਤਿਕਾਰ ਅਤੇ ਸ਼ੁਕਰਗੁਜਾਰੀ ਦੀ ਭਾਵਨਾ ਬਣਾਈ ਰੱਖਣ ਲਈ ਵੀ ਪ੍ਰੇਰਿਆ। ਸਮਾਗਮ ਵਿੱਚ ਸਕੂਲ ਦੇ ਸਹਾਇਕ ਸਟਾਫ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਦਾ ਮਾਹੌਲ ਸਤਿਕਾਰ, ਪ੍ਰੇਰਨਾ ਤੇ ਸਮਾਜਿਕ ਸਮਾਨਤਾ ਦੇ ਸੰਦੇਸ਼ ਨਾਲ ਭਰਿਆ ਹੋਇਆ ਸੀ।

