ਜਗਮੋਹਨ ਸਿੰਘ
ਰੂਪਨਗਰ, 22 ਫਰਵਰੀ
ਪ੍ਰਿੰਸੀਪਲ ਸਰਕਾਰੀ ਕਾਲਜ ਰੋਪੜ ਅਤੇ ਡਿਪਟੀ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਪੰਜਾਬ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਸਰਕਾਰੀ ਕਾਲਜ ਰੋਪੜ ਵੱਲੋਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਪੰਜਾਬੀ ਵਿਭਾਗ ਦੀ ਮੁਖੀ ਡਾ. ਸੁਖਜਿੰਦਰ ਕੌਰ ਨੇ ਮੁੱਖ ਮਹਿਮਾਨ ਆਰਟੀਓ ਰੂਪਨਗਰ ਗੁਰਵਿੰਦਰ ਸਿੰਘ ਜੌਹਲ (ਪੀਸੀਐੱਸ) ਅਤੇ ਵਿਸ਼ੇਸ਼ ਮਹਿਮਾਨ ਡਾ. ਸ਼ਮਸ਼ੇਰ ਮੋਹੀ ਦਾ ਸਵਾਗਤ ਕੀਤਾ। ਪ੍ਰੋ. ਰਜਿੰਦਰ ਕੌਰ ਨੇ ਮਾਤ-ਭਾਸ਼ਾ ਸਬੰਧੀ ਸਮੂਹ ਹਾਜ਼ਰੀਨ ਨੂੰ ਸਹੁੰ ਚੁਕਾਈ। ਡਾ. ਜਤਿੰਦਰ ਕੁਮਾਰ ਨੇ ਆਏ ਮਹਿਮਾਨਾਂ ਬਾਰੇ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਗੁਰਵਿੰਦਰ ਸਿੰਘ ਜੌਹਲ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਵਿਸ਼ੇਸ਼ ਮਹਿਮਾਨ ਡਾ. ਸ਼ਮਸ਼ੇਰ ਮੋਹੀ ਨੇ ‘ਮਾਤ ਭਾਸ਼ਾ ਦੀ ਇਤਿਹਾਸਕ ਮਹੱਤਤਾ ਅਤੇ ਅਜੋਕੇ ਸੰਦਰਭ ਵਿਸ਼ੇ ’ਤੇ ਪੇਪਰ ਪੜ੍ਹਿਆ। ਇਸ ਮੌਕੇ ਕਿਰਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ ਦੀ ਪ੍ਰਧਾਨ ਜਤਿੰਦਰ ਕੌਰ ਮਾਹਲ, ਉੱਘੀ ਸਾਹਿਤਕਾਰ ਪਰਮਿੰਦਰ ਕੌਰ, ਕਾਲਜ ਕੌਸਲ ਦੇ ਮੈਂਬਰ ਅਤੇ ਰਜਿਸਟਰਾਰ ਪ੍ਰੋ. ਮੀਨਾ ਕੁਮਾਰੀ, ਪ੍ਰੋ. ਹਰਜੀਤ ਸਿੰਘ, ਡਾ. ਨਿਰਮਲ ਸਿੰਘ, ਹਰਸਿਮਰਤ ਕੌਰ, ਡਾ. ਨਰਿੰਦਰ ਕੌਰ, ਪ੍ਰੋ. ਬਲਜਿੰਦਰ ਕੌਰ, ਪ੍ਰੋ. ਤਰਨਜੋਤ ਕੌਰ ਵੀ ਹਾਜ਼ਰ ਸਨ।

