ਪੰਜਾਬੀ ਵਿੱਚ ਲਿਖੇ ਦਿਸ਼ਾ ਸੂਚਕ ਬੋਰਡਾਂ ’ਚ ਗ਼ਲਤੀਆਂ
ਪ੍ਰਕਾਸ਼ ਗਿੱਲ ਨੇ ਨਗਰ ਨਿਗਮ ਨੂੰ ਗ਼ਲਤੀਆਂ ਦਰੁਸਤ ਕਰਨ ਦੀ ਅਪੀਲ ਕੀਤੀ
ਦਿੱਲੀ ਵਿੱਚ ਸਰਕਾਰੀ ਪੱਧਰ ’ਤੇ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਮਿਲਿਆ ਹੋਇਆ ਹੈ ਜਿਸ ਕਰਕੇ ਦਿੱਲੀ ਅੰਦਰ ਸੜਕਾਂ ’ਤੇ ਦਿਸ਼ਾ ਸੂਚਕ ਬੋਰਡ ਪੰਜਾਬੀ ਭਾਸ਼ਾ ਵਿੱਚ ਲਿਖੇ ਹੋਏ ਹਨ। ਸੜਕਾਂ ’ਤੇ ਲਾਏ ਸੂਚਨਾ ਬੋਰਡਾਂ ’ਤੇ ਪੰਜਾਬੀ ਭਾਸ਼ਾ ’ਚ ਗ਼ਲਤੀਆਂ ਦੀ ਭਰਮਾਰ ਹੈ। ਪੰਜਾਬੀ ਹੈਲਪਲਾਈਨ ਦੇ ਮੁੱਖ ਅਹੁਦੇਦਾਰ ਪ੍ਰਕਾਸ਼ ਸਿੰਘ ਗਿੱਲ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਵੱਲੋਂ ਨਵੀਂ ਦਿੱਲੀ ਵਿੱਚ ਸੜਕਾਂ ’ਤੇ ਸੂਚਨਾ ਬੋਰਡ ਲਾਏ ਹੋਏ ਹਨ। ਇਹ ਬੋਰਡ ਪੰਜਾਬੀ ਭਾਸ਼ਾ ਵਿੱਚ ਵੀ ਲਿਖੇ ਹੋਏ ਹਨ। ਪਰ ਵੇਖਣ ਵਿੱਚ ਆਇਆ ਹੈ ਕਿ ਤਾਲਕਟੋਰਾ ਸਟੇਡੀਅਮ ਦੇ ਸਾਹਮਣੇ ਲੱਗਿਆ ਸੂਚਨਾ ਬੋਰਡ ਤਾਲਕਟੋਰਾ ਲੇਨ ਨੂੰ ‘ਤਾਲਕਟੋਰਾ ਲੋਨ’ ਲਿਖਿਆ ਹੋਇਆ ਹੈ। ਜਦਕਿ ਇਸ ਸੜਕ ਤੋਂ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਪੰਜਾਬੀਆਂ ਦਾ ਆਉਣਾ ਜਾਣਾ ਹੈ। ਇਸੇ ਰਾਹ ਤੋਂ ਉਹ ਆਪਣੇ ਗੁਰਧਾਮਾਂ ਦੇ ਦਰਸ਼ਨਾਂ ਲਈ ਵੀ ਆਉਂਦੇ ਹਨ। ਕਿਸੇ ਨੇ ਇਸ ਬੋਰਡ ’ਤੇ ਲੱਗੀ ਹੋਈ ਗ਼ਲਤੀ ਵੱਲ ਧਿਆਨ ਨਹੀਂ ਦਿੱਤਾ ਹੈ। ਇਸ ਦੇ ਨਾਲ ਹੀ ਲੀ-ਮੈਰੇਡੀਅਨ ਹੋਟਲ ਦੇ ਸਾਹਮਣੇ ਵਾਲੇ ਰੋਡ ਫਿਰੋਜ਼ਸ਼ਾਹ ਰੋਡ ’ਤੇ ‘ਫਰਿੋਜ ਸ਼ਾਹ ਰੋਡ’ ਲਿਖਿਆ ਹੈ। ਇਸੇ ਤਰ੍ਹਾਂ ਕਾਪਰਨਿਕਸ ਮਾਰਗ ਨੂੰ ‘ਕਾਪਰਨਿਲਸ ਮਾਰਗ’ ਲਿਖਿਆ ਹੋਇਆ ਹੈ। ਇਨ੍ਹਾਂ ਸੜਕਾਂ ’ਤੇ ਪੰਜਾਬ ਨਾਲ ਸਬੰਧਤ ਸੰਸਦ ਮੈਂਬਰਾਂ ਅਤੇ ਹੋਰ ਪਤਵੰਤੇ ਆਉਂਦੇ ਜਾਂਦੇ ਹਨ, ਪਰ ਕਿਸੇ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ। ਇਨ੍ਹਾਂ ਸੂਚਨਾ ਬੋਰਡਾਂ ਦੀਆਂ ਗ਼ਲਤੀਆਂ ਵੱਲ ਨਗਰ ਨਿਗਮ ਦੇ ਅਧਿਕਾਰੀਆਂ ਦਾ ਧਿਆਨ ਦਵਾਉਂਦੇ ਹੋਏ ਪ੍ਰਕਾਸ਼ ਗਿੱਲ ਨੇ ਅਪੀਲ ਕੀਤੀ ਕਿ ਉਹ ਛੇਤੀ ਤੋਂ ਛੇਤੀ ਇਨ੍ਹਾਂ ਗ਼ਲਤੀਆਂ ਨੂੰ ਠੀਕ ਕਰਾਉਣ। ਬੋਰਡਾਂ ਵਿੱਚ ਗ਼ਲਤੀਆਂ ਨਾਲ ਪੰਜਾਬੀਆਂ ਦੇ ਮਨ ਨੂੰ ਠੇਸ ਪਹੁੰਚਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦਿੱਲੀ ਨਗਰ ਨਿਗਮ ਨੂੰ ਆਪਣੇ ਮੈਗਜ਼ੀਨ ‘ਪਾਲਿਕਾ ਸਮਾਚਾਰ’ ਨੂੰ ਵੀ ਪਹਿਲ ਦੇ ਆਧਾਰ ’ਤੇ ਛਾਪਣ ਦੀ ਅਪੀਲ ਕੀਤੀ। ਦੱਸਣਯੋਗ ਗੱਲ ਇਹ ਹੈ ਕਿ ਪਾਲਿਕਾ ਸਮਾਚਾਰ ਵਿੱਚ ਇੰਗਲਿਸ਼, ਹਿੰਦੀ ਅਤੇ ਪੰਜਾਬੀ ਭਾਸ਼ਾ ਵਿੱਚ ਸੰਸਥਾ ਦੀ ਗਤੀਵਿਧੀਆਂ ਬਾਰੇ ਵਿਸਤਾਰ ਸਹਿਤ ਚਾਨਣਾ ਪਾਇਆ ਜਾਂਦਾ ਸੀ ਪਰ ਕਾਫ਼ੀ ਸਮੇਂ ਤੋਂ ਇਹ ਮੈਗਜ਼ੀਨ ਬੰਦ ਪਿਆ ਹੈ। ਇਸ ਬਾਬਤ ਪੰਜਾਬੀ ਹੈਲਪਲਾਈਨ ਦੇ ਆਗੂਆਂ ਸੁਨੀਲ ਕੁਮਾਰ ਬੇਦੀ, ਮਹਿੰਦਰਪਾਲ, ਬੀਬੀ ਜਸਵਿੰਦਰ ਕੌਰ ਅਤੇ ਕੁਲਦੀਪ ਸਿੰਘ ਹੋਰਾਂ ਵੱਲੋਂ ਛੇਤੀ ਹੀ ਨਗਰ ਨਿਗਮ ਦੇ ਵਾਈਸ ਚੇਅਰਮੈਨ ਨਾਲ ਮੁਲਾਕਾਤ ਕਰਕੇ ਪੰਜਾਬੀ ਭਾਸ਼ਾ ਦਾ ਬਣਦਾ ਮਾਣ-ਸਤਿਕਾਰ ਬਹਾਲ ਕਰਨ ਲਈ ਅਪੀਲ ਕੀਤੀ ਜਾਵੇਗੀ।

