ਇਲੈਕਟ੍ਰਿਕ ਵਾਹਨਾਂ ਦੀ ਫੈਡਰੇਸ਼ਨ ਵੱਲੋਂ ਈ-ਰਿਕਸ਼ੇ ਦਾ ਕਿਰਾਇਆ ਵਧਾਉਣ ਦਾ ਫ਼ੈਸਲਾ
20 ਰੁਪਏ ਤੱਕ ਵਧਾਇਆ ਜਾ ਸਕਦੈ ਹੈ ਕਿਰਾਇਆ
ਦਿੱਲੀ ਵਿੱਚ ਈ-ਰਿਕਸ਼ਾ ਰਾਹੀਂ ਸਫ਼ਰ ਕਰਨ ਵਾਲਿਆਂ ਨੂੰ ਹੁਣ ਵੱਧ ਕਿਰਾਇਆ ਦੇਣਾ ਪੈ ਸਕਦਾ। ਰਾਸ਼ਟਰੀ ਰਾਜਧਾਨੀ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਫੈਡਰੇਸ਼ਨ ਨੇ ਵਧਦੀ ਮਹਿੰਗਾਈ ਅਤੇ ਲੰਮੇ ਸਮੇਂ ਤੋਂ ਕੀਮਤਾਂ ਵਿੱਚ ਕੋਈ ਬਦਲਾਅ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਘੱਟੋ-ਘੱਟ ਕਿਰਾਇਆ 20 ਰੁਪਏ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਫੈਡਰੇਸ਼ਨ ਦੇ ਚੇਅਰਮੈਨ ਅਨੁਜ ਸ਼ਰਮਾ ਨੇ ਕਿਹਾ ਕਿ ਜਦੋਂ ਕਿ ਈ-ਰਿਕਸ਼ਾ 2010 ਤੋਂ ਦਿੱਲੀ ਵਿੱਚ ਚੱਲ ਰਹੇ ਹਨ, ਉਨ੍ਹਾਂ ਦੇ ਕਿਰਾਏ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ, ਭਾਵੇਂ ਕਿ ਇਸੇ ਸਮੇਂ ਦੌਰਾਨ ਆਟੋ-ਰਿਕਸ਼ਾ ਅਤੇ ਟੈਕਸੀ ਦੇ ਕਿਰਾਏ ਦੋ ਵਾਰ ਵਧਾਏ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਗਲੇ ਮਹੀਨੇ ਤੋਂ ਕਿਰਾਏ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਵੇਲੇ ਦਿੱਲੀ ਵਿੱਚ 2 ਲੱਖ ਤੋਂ ਵੱਧ ਈ-ਰਿਕਸ਼ਾ ਅਧਿਕਾਰਤ ਤੌਰ ’ਤੇ ਰਜਿਸਟਰਡ ਹਨ, ਜਦੋਂ ਕਿ ਸ਼ਹਿਰ ਵਿੱਚ ਲਗਭਗ 1.5 ਲੱਖ ਗੈਰ-ਰਜਿਸਟਰਡ ਈ-ਰਿਕਸ਼ਾ ਚੱਲਦੇ ਹਨ। ਜ਼ਿਆਦਾਤਰ ਥਾਵਾਂ ’ਤੇ ਈ-ਰਿਕਸ਼ਾ ਚਾਲਕਾਂ ਨੇ ਪਹਿਲੇ ਦੋ ਕਿਲੋਮੀਟਰ ਲਈ 10 ਰੁਪਏ ਅਤੇ ਉਸ ਤੋਂ ਬਾਅਦ ਦੇ ਕਿਲੋਮੀਟਰਾਂ ਲਈ 5 ਰੁਪਏ ਵੱਧ ਵਸੂਲੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਦਿੱਲੀ ਟਰਾਂਸਪੋਰਟ ਵਿਭਾਗ ਨੇ 2022 ਵਿੱਚ ਆਪਣਾ ਸਰਕੁਲਰ ਵਾਪਸ ਲੈ ਲਿਆ ਸੀ ਜਿਸ ਵਿੱਚ ਕੰਪਨੀਆਂ ਨੂੰ ਆਪਣੇ ਨਾਮ ’ਤੇ ਕਈ ਇਲੈਕਟ੍ਰਿਕ ਗੱਡੀਆਂ ਅਤੇ ਇਲੈਕਟ੍ਰਿਕ ਰਿਕਸ਼ਿਆਂ ਨੂੰ ਰਜਿਸਟਰ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਕੁਝ ਕੰਪਨੀਆਂ ਜਾਂ ਫਰਮਾਂ ਦੇ ਹੱਥਾਂ ਵਿੱਚ ਮਾਲਕੀ ਦੇ ਕੇਂਦਰੀਕਰਨ ਨੂੰ ਰੋਕ ਕੇ ਸਰਕਾਰ ਦਾ ਉਦੇਸ਼ ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨਾ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ ਸ਼ੋਸ਼ਣ ਨੂੰ ਘਟਾਉਣਾ ਸੀ।

